ਰਾਜੇ ਤੋਂ ਤੰਗ ਸਿਪਾਹੀ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 08 2021 14:00
Reading time: 2 mins, 0 secs

ਪੰਜਾਬ ਦਾ ਰਾਜਾ ਅਖਵਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਚਾਰੇ ਪਾਸੇ ਤੋਂ ਘਿਰਦਾ ਨਜ਼ਰੀ ਆ ਰਿਹਾ ਹੈ। ਇੱਕ ਪਾਸੇ ਤਾਂ ਪੰਜਾਬ ਦਾ ਕਿਸਾਨ ਮੋਦੀ ਸਰਕਾਰ ਦੇ ਨਾਲ ਨਾਲ ਪੰਜਾਬ ਵਿਚਲੀ ਕੈਪਟਨ ਸਰਕਾਰ ਨੂੰ ਘੇਰੀ ਬੈਠਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦਾ ਮੁਲਾਜ਼ਮ ਵਰਗ ਵੀ ਇਸ ਵੇਲੇ ਕੈਪਟਨ ਨੂੰ ਘੇਰਣ ਲਈ ਤਿਆਰ ਬੈਠਾ ਹੈ। ਪੰਜਾਬ ਦਾ ਬੇਰੁਜ਼ਗਾਰ ਵਰਗ, ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਉਹ ਲਗਾਤਾਰ ਸਰਕਾਰ ਦੀਆਂ ਨੌਜਵਾਨ ਮਾਰੂ ਨੀਤੀਆਂ ਦੇ ਵਿਰੁੱਧ ਸੰਘਰਸ਼ ਕਰ ਰਹੇ ਹਨ। 

ਹੁਣ ਤਾਜ਼ਾ ਸਥਿਤੀ ਇਹ ਬਣ ਚੁੱਕੀ ਹੈ ਕਿ ਬੇਰੁਜ਼ਗਾਰ ਤਾਂ ਪੰਜਾਬ ਵਿਚਲੀ ਕੈਪਟਨ ਹਕੂਮਤ ਨੂੰ ਕੋਸਦਿਆਂ ਹੋਇਆ ਚੋਣਾਂ ਵੇਲੇ ਕੀਤੇ ਵਾਅਦੇ ਮੁਤਾਬਿਕ ਨੌਕਰੀਆਂ ਦੀ ਮੰਗ ਕਰ ਹੀ ਰਹੇ ਹਨ, ਨਾਲ ਹੀ ਹੁਣ ਦੂਜੇ ਪਾਸੇ ਪੰਜਾਬ ਦੇ ਅੰਦਰ ਪਹਿਲੋਂ ਨੌਕਰੀਆਂ ਕਰ ਰਹੇ ਪੰਜਾਬ ਸਰਕਾਰ ਦੇ ਪੱਕੇ ਸਿਪਾਹੀ ਵੀ ਹੁਣ ਸਰਕਾਰ ਤੋਂ ਬਾਗੀ ਹੋ ਕੇ, ਸਰਕਾਰ ਦੇ ਵਿਰੁੱਧ ਮੋਰਚਾ ਖੋਲਣ ਲਈ ਮਜ਼ਬੂਰ ਹੋਏ ਬੈਠੇ ਹਨ। ਕੁਲ ਮਿਲਾ ਕੇ ਕਹਿ ਸਕਦੇ ਹਾਂ, ਕਿ ਪੰਜਾਬ ਦੇ ਰਾਜਾ ਅਖਵਾਉਣ ਵਾਲੇ ਕੈਪਟਨ ਅਮਰਿੰਦਰ ਤੋਂ ਸਿਪਾਹੀ ਤੰਗ ਹੋ ਚੁੱਕੇ ਹਨ। 

ਦਰਅਸਲ, ਪਿਛਲੇ ਦਿਨੀਂ ਸੁਬਾਈ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਯੂ. ਟੀ ਮੁਲਾਜਮ ਅਤੇ ਪੈਨਸ਼ਨਰ ਸਾਝਾਂ ਫਰੰਟ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਪੰਜਾਬ ਸਰਕਾਰ ਦੀ ਜਿੱਥੇ ਅਰਥੀ ਫੂਕੀ, ਉੱਥੇ ਹੀ ਮੁਲਾਜ਼ਮਾਂ ਦੇ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ ਵਿੱਚ ਕੀਤੇ ਵਾਧੇ ਦੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ‘ਨਿਊਜ਼ਨੰਬਰ’ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਮੁਲਾਜ਼ਮ ਆਗੂ ਕਿਸ਼ਨ ਚੰਦ ਜਾਗੋਵਾਲੀਆ ਨੇ ਕਿਹਾ ਕਿ, ਪੰਜਾਬ ਵਿਚਲੀ ਕੈਪਟਨ ਹਕੂਮਤ ਚੋਣ ਵਾਅਦੇ ਤੋਂ ਭੱਜਦੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ, ਜਿਹੜੇ ਵਾਅਦੇ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲੋਂ ਕੀਤੇ ਸਨ, ਉਨ੍ਹਾਂ ਵਾਅਦਿਆਂ ਨੂੰ ਹੁਣ ਤੱਕ ਸਰਕਾਰ ਨੇ ਪੂਰਾ ਨਹੀਂ ਕੀਤਾ, ਜਿਸ ਦੇ ਕਾਰਨ ਮੁਲਾਜ਼ਮਾਂ ਦੇ ਨਾਲ ਨਾਲ ਪੰਜਾਬ ਦਾ ਹਰ ਵਰਗ ਹੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਪ੍ਰੇਸ਼ਾਨ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ, 6ਵੇਂ ਤਨਖਾਹ ਕਮਿਸ਼ਨ ਦੀ ਮਿਆਦ ਵਿੱਚ ਕੀਤੇ ਗਏ ਵਾਧੇ ਦੇ ਵਿਰੋਧ ਵਿੱਚ ਕਿਹਾ ਕਿ ਪੰਜਾਬ ਸਰਕਾਰ ਹਰ ਵਾਰ ਗੱਲ ਕਰ ਕੇ ਮੁਕਰ ਜਾਂਦੀ ਹੈ। ਸਰਕਾਰ ਨੇ ਮੁਲਾਜ਼ਮਾਂ ਸਮੇਤ ਹਰ ਵਰਗ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। 

ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਮਾਣ ਭੱਤਾ ਇਨਸੇਟਿਵ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ, ਇਸ ਦੇ ਉਲਟ ਸਰਕਾਰ ਨੇ ਨਵੀਂ ਭਰਤੀ ਕੇਂਦਰੀ ਸਕੇਲਾਂ ’ਤੇ ਕਰਨੀ ਸ਼ੁਰੂ ਕਰ ਦਿੱਤੀ ਹੈ, ਪੁਨਰ-ਗਠਨ ਦੇ ਨਾ ਤੇ ਵੱਖ-ਵੱਖ ਵਿਭਾਗਾਂ ਵਿੱਚ ਅਸਾਮੀਆਂ ਖਤਮ ਕਰਕੇ ਅਦਾਰਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਜਾਗੋਵਾਲੀਆਂ ਨੇ ਕਿਹਾ, ਕਿ ਜੇਕਰ ਜਲਦ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਨਾ ਕੀਤਾ ਗਿਆ ਤਾਂ, ਉਹ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰ ਦੇਣਗੇ।