ਖੇਤੀ ਪ੍ਰਧਾਨ ਸੂਬੇ ਦੀ ਹੋਂਦ ਨੂੰ ਬਚਾਉਣ ਦੀ ਲੜਾਈ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 08 2021 13:56
Reading time: 2 mins, 1 sec

ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਇਸ ਵੇਲੇ ਦੇਸ਼ ਦੁਨੀਆ ਵਿੱਚ ਫ਼ੈਲ ਚੁੱਕਿਆ ਹੈ। ਦੇਸ਼ ਦੁਨੀਆ ਦੇ ਵਿੱਚ ਬੈਠੇ ਸਿਆਸੀ ਲੋਕ ਤਾਂ ਇਸ ਵੇਲੇ ਕਿਸਾਨ ਸੰਘਰਸ਼ ਦੀ ਹਮਾਇਤ ਕਰ ਹੀ ਰਹੇ ਹਨ, ਨਾਲ ਹੀ ਉੱਥੋਂ ਦੇ ਲੋਕ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਦੇ ਵਿੱਚ ਜੁਟੇ ਹੋਏ ਹਨ। ਦਰਅਸਲ, ਦੇਸ਼ ਦੀ ਕਿਰਸਾਨੀ ਅਤੇ ਦੇਸ਼ ਦੇ ਲੋਕਾਂ ਨੂੰ ਬਚਾਉਣ ਵਾਸਤੇ ਪੰਜਾਬ ਦੇ ਲੋਕਾਂ ਨੇ ਸਭ ਤੋਂ ਪਹਿਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਛੇੜਿਆ।

ਕਿਉਂਕਿ ਖੇਤੀ ਕਾਨੂੰਨ ਜਦੋਂ ਆਰਡੀਨੈਂਸ ਹੀ ਸਨ ਤਾਂ, ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਇਹ ਆਰਡੀਨੈਂਸ ਜਦੋਂ ਕਾਨੂੰਨ ਬਣ ਗਏ ਤਾਂ, ਕਿਵੇਂ ਕਿਸਾਨਾਂ ਦੇ ਹੱਥੋਂ ਉਨ੍ਹਾਂ ਦੀ ਜ਼ਮੀਨ ਨਿਕਲ ਜਾਵੇਗੀ, ਉਥੇ ਹੀ ਇਹ ਕਾਨੂੰਨ ਆਉਣ ਦੇ ਨਾਲ ਸਮੂਹ ਲੋਕਾਂ ਨੂੰ ਵੀ ਵੱਡਾ ਨੁਕਸਾਨ ਹੋਵੇਗਾ, ਕਿਉਂਕਿ ਇਹ ਖੇਤੀ ਕਾਨੂੰਨ ਆਮ ਲੋਕਾਂ ਨੂੰ ਸਸਤੀਆਂ ਵਸਤੂਆਂ ਮਹਿੰਗੇ ਭਾਅ ਦੇਣ ਦੀ ਖੁੱਲ੍ਹ ਦੇ ਦੇਣਗੇ। ਭਾਵੇਂ ਹੀ ਇਹ ਖੇਤੀ ਕਾਨੂੰਨ ਹਾਲੇ ਦੇਸ਼ ਦੇ ਅੰਦਰ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੇ। 

ਪਰ ਇਨ੍ਹਾਂ ਕਾਨੂੰਨਾਂ ਦੇ ਅਸਰ ਵਿਖਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਦੇ ਮੁਤਾਬਿਕ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪਿਛਲੇ ਕਰੀਬ 6 ਹਫ਼ਤਿਆਂ ਤੋਂ ਕਿਸਾਨ, ਮਜ਼ਦੂਰ, ਕਿਰਤੀ ਅਤੇ ਆਮ ਲੋਕ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਦੇ ਵਿੱਚ ਜੁਟੇ ਹੋਏ ਹਨ, ਉੱਥੇ ਹੀ ਕੇਂਦਰ ਦੇ ਨਾਲ ਕਿਸਾਨਾਂ ਦੀਆਂ 7 ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਜੋ ਕਿ ਬੇਸਿੱਟਾ ਹੀ ਰਹੀਆਂ ਹਨ। ਮੀਟਿੰਗਾਂ ਬੇਸਿੱਟਾ ਰਹਿਣਾ, ਇਹ ਗੱਲ ਦਾ ਸੰਕੇਤ ਵੀ ਹੈ, ਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਮਸਲੇ ਦਾ ਹੱਲ ਕੋਈ ਨਿਕਲੇ। 

ਪਰ ਦੂਜੇ ਪਾਸੇ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਲਗਾਤਾਰ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਬਿਆਨ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ, ਜਦੋਂਕਿ ਸਰਕਾਰ ਇਨ੍ਹਾਂ ਕਾਨੂੰਨਾਂ ਦੇ ਵਿੱਚ ਕਿਸਾਨਾਂ ਦੇ ਮੁਤਾਬਿਕ ਸੋਧ ਕਰ ਸਕਦੀ ਹੈ। ਉੱਧਰ ਖੇਤੀ ਮੰਤਰੀ ਤੋਮਰ ਦੇ ਬਿਆਨ ਮਗਰੋਂ ਕਿਸਾਨਾਂ ਨੇ ਠੋਕ ਵਜਾ ਕੇ ਕਹਿ ਦਿੱਤਾ ਹੈ ਕਿ ਜੇਕਰ ਖੇਤੀ ਕਾਨੂੰਨਾਂ ਨੂੰ ਸਰਕਾਰ ਨੇ ਰੱਦ ਨਾ ਕੀਤਾ, ਤਾਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ।

ਵੈਸੇ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਇਹ ਮਸਲਾ ਕਿਸੇ ਇੱਕ ਰਾਜਨੀਤਕ, ਧਾਰਮਿਕ ਜਾਂ ਸੂਬੇ ਦੇ ਇੱਕ ਵਰਗ ਦਾ ਨਹੀਂ ਹੈ, ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ, ਜੋ ਆਪਣੇ ਨਾਲ-ਨਾਲ ਆਪਣੇ ਖੇਤੀਬਾੜੀ ਪ੍ਰਧਾਨ ਦੇਸ਼ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਦੇਸ਼ ਵਿਆਪੀ ਬਣੇ ਇਸ ਅੰਦੋਲਨ ਦੀ ਅਗਵਾਈ ਪੰਜਾਬ ਦਾ ਕਿਸਾਨ ਹੀ ਕਰ ਰਿਹਾ ਹੈ, ਜਿੰਨਾ ਦੇ ਪੂਰਵਜ ਮੁਗ਼ਲਾਂ ਨਾਲ 200 ਸਾਲ ਤੱਕ ਲੜਦੇ ਰਹੇ, ਜਦੋਂਕਿ ਅੰਗਰੇਜ਼ਾਂ ਨਾਲ 150 ਸਾਲ ਤੱਕ ਪੰਜਾਬ ਦੇ ਲੋਕ ਲੜਦੇ ਰਹੇ, ਅਤੇ ਇਹ ਲੜਾਈ ਉਦੋਂ ਤੱਕ ਜਾਰੀ ਰੱਖੀ, ਜਦੋਂ ਤੱਕ ਦੇਸ਼ ਨੂੰ ਆਜ਼ਾਦ ਨਹੀਂ ਕਰਵਾ ਲਿਆ।