ਸੱਚੇ ਤਾਂ ਸਿਰਫ਼ ਭਾਜਪਾਈ ਨੇ, ਬਾਕੀ ਤਾਂ ਸਭ ਐਵੇਂ! (ਵਿਅੰਗ)

Last Updated: Jan 08 2021 13:53
Reading time: 1 min, 57 secs

ਸਮੂਹ ਭਾਜਪਾਈ ਅਤੇ ਗੋਦੀ ਮੀਡੀਆ ਲਗਾਤਾਰ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਨੂੰ ਕਹਿ ਰਿਹਾ ਹੈ, ਕਿ ਦਿੱਲੀ ਦੀਆਂ ਸਰਹੱਦਾਂ ’ਤੇ ਖ਼ਾਲਿਸਤਾਨੀ, ਅੱਤਵਾਦੀ, ਵੱਖਵਾਦੀ ਅਤੇ ਨਕਸਲੀ ਬੈਠੇ ਨੇ, ਇਨ੍ਹਾਂ ’ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਪਰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਹਿ ਰਹੇ ਨੇ, ਕਿ ਇਹ ਪ੍ਰਦਰਸ਼ਨਕਾਰੀ ਅੱਤਵਾਦੀ, ਵੱਖਵਾਦੀ, ਖ਼ਾਲਿਸਤਾਨੀ ਜਾਂ ਫਿਰ ਨਕਸਲੀ ਨਹੀਂ ਹਨ, ਇਨ੍ਹਾਂ ਨੂੰ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ। ਹੁਣ ਰਾਜਨਾਥ ਨੂੰ ਠੀਕ ਮੰਨੀਏ ਜਾਂ ਫਿਰ ਭਾਜਪਾ ਦੇ ਮੰਤਰੀਆਂ ਅਤੇ ਗੋਦੀ ਮੀਡੀਆ ਨੂੰ, ਕੁੱਝ ਸਮਝ ਨਹੀਂ ਆ ਰਿਹਾ? 

ਸੱਚ ਤਾਂ ਵੈਸੇ ਸਿਰਫ਼ ਭਾਜਪਾਈ ਹੀ ਬੋਲਦੇ ਨੇ, ਬਾਕੀ ਤਾਂ ਸਭ ਐਵੇਂ ਝੂਠੇ! ਬੀਤੇ ਦਿਨ ਭਾਜਪਾਈ ਲੀਡਰ ਸੁਰਜੀਤ ਜਿਆਨੀ ਅਤੇ ਹਰਜੀਤ ਗਰੇਵਾਲ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਮਗਰੋਂ ਇਹ ਬਿਆਨ ਮੀਡੀਆ ਵਿੱਚ ਆ ਕੇ ਦੇ ਦਿੱਤਾ, ਕਿ ਜਿੰਨੇ ਵੀ ਪ੍ਰਦਰਸ਼ਨਕਾਰੀ ਹਨ, ਉਹ ਨਕਸਲੀ, ਅੱਤਵਾਦੀ ਅਤੇ ਵੱਖਵਾਦੀ ਹਨ, ਕਿਉਂਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਜੁੜ ਕੇ ਪ੍ਰਦਰਸ਼ਨ ਨੂੰ ਹਵਾ ਦੇ ਰਹੇ, ਕਾਮਰੇਡ ਹਨ। 

ਇਹ ਕਾਮਰੇਡ ਸਾਰੇ ਦੇ ਸਾਰੇ ਚਾਹੁੰਦੇ ਹਨ, ਕਿ ਮਸਲੇ ਦਾ ਹੱਲ ਨਾ ਨਿਕਲੇ। ਭਾਜਪਾਈ ਲੀਡਰਾਂ ਨੇ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੂੰ ਵੱਖਵਾਦੀਆਂ ਅਤੇ ਅੱਤਵਾਦੀਆਂ ਦੇ ਸਪੋਰਟ ਵੀ ਘੋਸ਼ਿਤ ਕਰ ਦਿੱਤਾ, ਜਦੋਂਕਿ ਇਨ੍ਹਾਂ ਹੀ ਭਾਜਪਾਈ ਲੀਡਰਾਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗਰੁੱਪ ਨੂੰ ਸਭ ਤੋਂ ਚੰਗਾ ਕਿਸਾਨ ਗਰੁੱਪ ਘੋਸ਼ਿਤ ਕੀਤਾ। ਹੁਣ ਤਾਂ ਇਹ ਤਾਂ ਜਨਤਾ ਹੀ ਜਾਣਦੀ ਹੈ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ? ਵੈਸੇ, ਇਨ੍ਹਾਂ ਭਾਜਪਾਈਆਂ ਨੂੰ ਵਿਰੋਧੀ ਸਾਰੇ ਹੀ ਦੇਸ਼ ਧਰੋਹੀ ਲੱਗਦੇ ਹਨ। 

ਅਲੋਚਕਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ, ਕਿ ਭਾਰਤੀ ਚੋਣ ਕਮਿਸ਼ਨ ਨੇ ਜਦੋਂ ਵਿਰੋਧੀ ਧਿਰ ਕਾਂਗਰਸ, ਖੱਬੇਪੱਖੀ ਧਿਰਾਂ ਤੋਂ ਇਲਾਵਾ ਹੋਰ ਵਿਰੋਧੀ ਪਾਰਟੀਆਂ ਨੂੰ ਚੋਣ ਨਿਸ਼ਾਨ ਅਤੇ ਨਾਂਅ ਦੇ ਕੇ ਮਾਨਤਾ ਪ੍ਰਾਪਤ ਪਾਰਟੀ ’ਤੇ ਮੋਹਰ ਲਗਾਈ ਹੋਈ ਹੈ ਤਾਂ ਫਿਰ ਭਾਜਪਾਈ ਕੌਣ ਹੁੰਦੇ ਨੇ ਕਿਸੇ ਸਿਆਸੀ ਪਾਰਟੀ ਨੂੰ ਦੇਸ਼ ਧਰੋਹੀ ਕਹਿਣ ਵਾਲੇ? ਜੇ ਇਹ ਸਮੂਹ ਵਿਰੋਧੀ ਧਿਰਾਂ ਦੇਸ਼ ਧਰੋਹੀ ਹਨ ਭਾਜਪਾਈਆਂ ਮੁਤਾਬਿਕ ਤਾਂ, ਫਿਰ ਚੋਣ ਕਮਿਸ਼ਨ ਕਿਹੜਾ ਦੇਸ਼ ਭਗਤ ਹੋਇਆ, ਉਹ ਤਾਂ ਏਨਾ ਮੁਤਾਬਿਕ ਦੇਸ਼ ਧਰੋਹੀ ਹੀ ਹੋਇਆ। 

ਵੈਸੇ, ਸੱਚੇ ਤਾਂ ਸਭ ਭਾਜਪਾਈ ਹੀ ਹਨ, ਬਾਕੀ ਤਾਂ ਐਵੇਂ ਰੌਲਾ ਪਾਉਣ ਨੂੰ ਹੀ ਨੇ। ਜਿਆਨੀ ਅਤੇ ਗਰੇਵਾਲ ਦੇ ਬਿਆਨਾਂ ਤੋਂ ਲੱਗ ਰਿਹਾ ਹੈ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ। ਇਹ ਭਾਜਪਾਈ ਆਗੂ ਭਾਵੇਂ ਕਹਿ ਰਹੇ ਹਨ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਭਾਜਪਾ ਤਿਆਰ ਹੈ, ਪਰ ਜਿਹੜੇ ਹਿਸਾਬ ਨਾਲ ਭਾਜਪਾਈ ਜਣੇ ਖਣੇ ਨੂੰ ਦੇਸ਼ ਧਰੋਹੀ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਹਨ, ਇਸ ਤੋਂ ਲੱਗਦਾ ਹੈ ਕਿ ਇਹ ਮਸਲਾ ਛੇਤੀ ਨਿਬੜਣ ਵਾਲਾ ਨਹੀਂ, ਕਿਉਂਕਿ ਸੱਚੇ ਭਾਜਪਾਈ ਸੱਤਾ ਵਿੱਚ ਹਨ ਅਤੇ ਝੂਠੇ ਲੋਕ ਪ੍ਰਦਰਸ਼ਨਕਾਰੀ...!