ਬਿਜਲੀ ਆਲਿਆਂ ਦਾ ਕਰੰਟ ਭੈੜਾ ਹੁੰਦੈ, ਸਰਕਾਰੇ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 07 2021 13:39
Reading time: 1 min, 57 secs

ਪੰਜਾਬ ਦੀ ਜਿਹੜੀ ਵੀ ਮੁਲਾਜ਼ਮ ਜਥੇਬੰਦੀ, ਇਸ ਵੇਲੇ ਪੰਜਾਬ ਸਰਕਾਰ ਦੇ ਵਿਰੁੱਧ ਝੰਡਾ ਬੁਲੰਦ ਕਰ ਰਹੀ ਹੈ, ਸਰਕਾਰ ਉਹਦੇ ’ਤੇ ਹੀ ਕਾਰਵਾਈ ਪਾ ਰਹੀ ਹੈ। ਲਗਾਤਾਰ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਪੰਜਾਬ ਦੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਨਾਲ ਠੇਕਾ ਮੁਲਾਜ਼ਮ ਯੂਨੀਅਨਾਂ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਹਨ, ਪਰ ਸਰਕਾਰ ਦੀ ਸਿਹਤ ’ਤੇ ਕੋਈ ਅਸਰ ਨਹੀਂ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਜਿੱਥੇ ਕੜਾਕੇ ਦੀ ਠੰਢ ਵਿੱਚ ਕੈਪਟਨ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਿਆ ਜਾ ਰਿਹਾ ਹੈ। 

ਉੱਥੇ ਹੀ ਦੂਜੇ ਪਾਸੇ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਲਗਾਤਾਰ ਪੰਜਾਬ ਸਰਕਾਰ, ਕਿਰਤ ਮੰਤਰੀ ਤੋਂ ਇਲਾਵਾ ਮੈਨੇਜਮੈਂਟ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਾਣਕਾਰੀ ਦੇ ਮੁਤਾਬਿਕ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਵਿਭਾਗ ਦੇ ਵਿੱਚ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਧਮਕੀਆਂ ਦੇ ਕੇ, ਮੁਲਾਜ਼ਮਾਂ ਨੂੰ ਨੌਕਰੀਓਂ ਕੱਢ ਰਹੀ ਹੈ। ਵੈਸੇ ਇੱਕ, ਪਾਸੇ ਤਾਂ ਸਰਕਾਰ ਦਾ ਵਾਅਦਾ ਚੋਣਾਂ ਵੇਲੇ ਸੀ ਕਿ, ਘਰ ਘਰ ਨੌਕਰੀ ਦਿੱਤੀ ਜਾਵੇਗੀ। 

ਪਰ ਦੂਜੇ ਪਾਸੇ ਸਰਕਾਰ ਆਪਣੇ ਚੋਣ ਵਾਅਦੇ ਤੋਂ ਭੱਜਦੇ ਹੋਏ ਮੁਲਾਜ਼ਮਾਂ ਨੂੰ ਨੌਕਰੀਉਂ ਕੱਢ ਰਹੀ ਹੈ। ਦਰਅਸਲ, ‘ਨਿਊਜ਼ਨੰਬਰ’ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਰਕਲ ਪ੍ਰਧਾਨ ਹਰਮੀਤ ਸਿੰਘ ਅਤੇ ਟੇਕ ਚੰਦ ਮਨਮੋਹਨ ਸਿੰਘ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਸੀਐੱਚਬੀ ਠੇਕਾ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਰੈਗੂਲਰ ਕਰਨ, ਕੱਢੇ ਕਾਮੇ ਬਹਾਲ ਕਰਨ ਛਾਂਟੀ ਦੀ ਨੀਤੀ ਪੱਕੇ ਤੌਰ ’ਤੇ ਰੱਦ ਕਰਨ, ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜਾ ਨੌਕਰੀ ਦਾ ਪ੍ਰਬੰਧ ਕਰਨ। 

ਇਸ ਤੋਂ ਇਲਾਵਾ ਹੋਰ ਮੰਗਾਂ ਸਬੰਧੀ, ਮੰਗ ਪੱਤਰ ਵਿੱਚ ਦਰਜ ਮੰਗਾਂ ਬਾਰੇ ਲਗਾਤਾਰ ਪਾਵਰਕਾਮ ਮੈਨੇਜਮੈਂਟ ਅਤੇ ਕਿਰਤ ਵਿਭਾਗ ਉੱਚ ਅਧਿਕਾਰੀਆਂ ਤੇ ਕਿਰਤ ਮੰਤਰੀ ਨਾਲ ਮੰਗਾਂ ਨੂੰ ਲੈ ਕੇ ਲਗਾਤਾਰ ਮੰਗਾਂ ਹੱਲ ਕਰਨ ਦੇ ਫ਼ੈਸਲੇ ਹੋਏ। ਜਿਸ ਨੂੰ ਪਾਵਰਕੌਮ ਦੀ ਮੈਨੇਜਮੈਂਟ ਅਤੇ ਕਿਰਤ ਵਿਭਾਗ ਕੀਤੇ ਸਮਝੌਤੇ ਲਾਗੂ ਨਹੀਂ ਕਰਵਾ ਰਿਹਾ, ਜਿਸ ਦੇ ਕਾਰਨ ਠੇਕਾ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਠੇਕਾ ਕਾਮਿਆਂ ਨਾਲ ਵਾਅਦਾ ਕੀਤਾ ਸੀ ਕਿ ਠੇਕਾ ਕਾਮਿਆਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ। 

ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਲਗਾਤਾਰ ਭੱਜਦੀ ਆ ਰਹੀ ਹੈ, ਜਿਸ ਦੇ ਖ਼ਿਲਾਫ਼ ਠੇਕਾ ਕਾਮਿਆਂ ਜਥੇਬੰਦੀ ਵੱਲੋਂ ਪਟਿਆਲਾ ਸਰਕਲ ਵਿੱਚ ਪੰਜਾਬ ਸਰਕਾਰ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪਾਵਰਕੌਮ ਮੈਨੇਜਮੈਂਟ ਦੇ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਨੇ ਚੇਤਵਾਨੀ ਦਿੱਤੀ ਕਿ ਜੇਕਰ, ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੱਢਿਆ ਤਾਂ, ਕਿਰਤ ਮੰਤਰੀ ਅਤੇ ਬਣੀਆਂ ਸਬ ਕਮੇਟੀ ਮੰਤਰੀਆਂ ਦਾ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਘਿਰਾਉ ਕੀਤਾ ਜਾਵੇਗਾ।