ਮੋਦੀ ਸਰਕਾਰ, ਇਖ਼ਲਾਕੀ ਤੌਰ ’ਤੇ ਹਾਰੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 07 2021 13:33
Reading time: 2 mins, 0 secs

ਭਾਵੇਂ ਹੀ ਇਸ ਵੇਲੇ ਭਾਰਤ ਦੇ ਅੰਦਰ ਲੋਕ ਸਭਾ ਚੋਣਾਂ ਨਹੀਂ ਹੋ ਰਹੀ। ਪਰ, ਕੇਂਦਰ ਵਿਚਲੀ ਮੋਦੀ ਸਰਕਾਰ ਇਖ਼ਲਾਕੀ ਤੌਰ ’ਤੇ ਹਾਰ ਚੁੱਕੀ ਹੈ। ਆਪਣੀ ਹਾਰ ਕਬੂਲਣ ਲਈ ਮੋਦੀ ਸਰਕਾਰ ਤਿਆਰ ਨਹੀਂ ਹੈ ਅਤੇ ਕਿਸਾਨ ਲਗਾਤਾਰ ਸਰਕਾਰ ’ਤੇ ਇਹ ਦਬਾਅ ਬਣਾ ਰਹੇ ਹਨ, ਕਿ ਸਰਕਾਰ ਆਪਣੀ ਹਾਰ ਮੰਨ ਕੇ, ਕਿਸਾਨਾਂ ਦੀਆਂ ਮੰਗਾਂ ਮੰਨ ਕੇ, ਉਨ੍ਹਾਂ ਨੂੰ ਖ਼ੁਸ਼ੀ ਖੁਸ਼ੀ ਘਰ ਤੋਰੇ। ਸਰਕਾਰ ਨੂੰ ਕਿਸਾਨ ਜਥੇਬੰਦੀਆਂ ਇਹ ਅਪੀਲ ਵੀ ਕਰ ਰਹੀਆਂ ਹਨ ਕਿ ਸਰਕਾਰ ਤਾਨਾਸ਼ਾਹ ਰਵੱਈਆ ਛੱਡ ਕੇ ਕਿਸਾਨਾਂ ਦੀ ਗੱਲ ਮੰਨੇ ਅਤੇ ਲੋਕਤੰਤਰ ਨੂੰ ਕਾਇਮ ਰੱਖਿਆ ਜਾਵੇ।

ਦੱਸਣਾ ਬਣਦਾ ਹੈ, ਕਿ ਇਸ ਵਕਤ ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਅਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸੜਕਾਂ ਉਪਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਅਗਲੇ ਪ੍ਰੋਗਰਾਮ ਉਲੀਕੇ ਜਾ ਚੁੱਕੇ ਹਨ। ਇਸ ਵੇਲੇ ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਿੰਡਾਂ ਦੇ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ। 

ਉੱਥੇ ਹੀ ਲਗਾਤਾਰ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਜਾਰੀ ਹਨ। ‘ਨਿਊਜ਼ਨੰਬਰ’ ਨਾਲ ਗੱਲਬਾਤ ਕਰਦਿਆਂ ਹੋਇਆ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਵਿਰੁੱਧ ਪਿਛਲੇ 42 ਦਿਨਾਂ ਤੋਂ ਕਿਸਾਨਾਂ ਦਾ ਮੋਰਚਾ ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਹੈ, ਪਰ ਹੈਂਕੜਬਾਜ਼ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਦਿਆਂ ਹੋਇਆ, ਲਗਾਤਾਰ ਕਿਸਾਨ ਮੋਰਚੇ ਨੂੰ ਕੁਚਲਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। 

ਮਹਿਮਾ ਨੇ ਦੱਸਿਆ ਕਿ ਮੋਦੀ ਸਰਕਾਰ ਇਖ਼ਲਾਕੀ ਤੌਰ ’ਤੇ ਹਾਰ ਚੁੱਕੀ ਹੈ, ਪਰ ਜਨਤਾ ਸਾਹਮਣੇ ਆਪਣੀ ਹਾਰ ਕਬੂਲ ਨਹੀਂ ਕਰ ਰਹੀ। ਜਿਸ ਦੇ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਦੇ ਵਿੱਚ ਭਾਰੀ ਰੋਹ ਹੈ। ਉਨ੍ਹਾਂ ਦੱਸਿਆ ਕਿ 13 ਜਨਵਰੀ ਨੂੰ ਦੇਸ਼ ਭਰ ਵਿੱਚ ਕਿਸਾਨ ਸੰਕਲਪ ਦਿਵਸ ਮਨਾਇਆ ਜਾਵੇਗਾ, 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ ਇਸ ਤੋਂ ਇਲਾਵਾ 23 ਜਨਵਰੀ ਨੂੰਹ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਹਾੜੇ ਮੌਕੇ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕਿਸਾਨ ਟਰੈਕਟਰ ਟਰਾਲੀ ਪਰੇਡ ਕਰਨਗੇ।

ਦੱਸਣਾ ਬਣਦਾ ਹੈ, ਕਿ ਅੱਜ ਦਿੱਲੀ ਦੀਆਂ ਸਰਹੱਦਾਂ ਤੋਂ ਜੋ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ ਹੋਇਆ ਹੈ, ਉਹ ਦਿੱਲੀ ਦੇ ਚਾਰੇ ਪਾਸੇ ਤਾਂ ਮਾਰਚ ਕਰੇਗੀ ਹੀ, ਨਾਲ ਹੀ ਮੋਦੀ ਸਰਕਾਰ ਦੀਆਂ ਜੜ੍ਹਾਂ ਨੂੰ ਵੀ ਤੇਲ ਦੇਵੇਗਾ। ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਬੇਸ਼ੱਕ ਹੋ ਚੁੱਕੇ ਹਨ, ਪਰ ਕਿਸਾਨਾਂ ਨੇ ਵੀ ਐਲਾਨ ਕਰ ਦਿੱਤਾ ਹੋਇਆ ਹੈ, ਕਿ ਉਹ ਸਰਕਾਰ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਅਤੇ ਉਹ ਆਪਣੇ ਹੱਕ ਲੈ ਕੇ ਹੀ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਜਾਣਗੇ।