ਕੁਰਸੀ ਛੱਡਣ ਨੂੰ ਜੀਅ ਨਹੀਂ ਕਰਦਾ ਟਰੰਪ ਦਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 07 2021 13:27
Reading time: 2 mins, 35 secs

2020-ਨਵੰਬਰ ਮਹੀਨੇ ਵਿੱਚ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜੇ ਆਏ। ਚੋਣਾਂ ਦੇ ਵਿੱਚ ਡੋਨਾਲਡ ਟਰੰਪ ਨੂੰ ਕਰਾਰੀ ਹਾਰ ਮਿਲੀ, ਜਦੋਂਕਿ ਜੋਅ ਬਾਇਡਨ ਚੋਖੀਆਂ ਵੋਟਾਂ ਦੇ ਨਾਲ ਜਿੱਤ ਗਏ। ਪਹਿਲੇ ਦਿਨ ਤੋਂ ਹੀ ਟਰੰਪ ਹਾਰ ਮੰਨਣ ਲਈ ਤਾਂ ਤਿਆਰ ਨਹੀਂ, ਉਲਟਾ ਦੋਸ਼ ਮੜ ਰਿਹਾ ਹੈ ਕਿ ਚੋਣਾਂ ਦੇ ਵਿੱਚ ਗੜਬੜੀ ਹੋਈ ਹੈ। ਵੈਸੇ, ਜਦੋਂ ਤੋਂ ਜੋਅ ਬਾਇਡਨ ਜਿੱਤੇ ਹਨ, ਉਦੋਂ ਤੋਂ ਹੀ ਇਹ ਚਰਚਾ ਵੀ ਉੱਠੀ ਹੈ, ਕਿ ਟਰੰਪ ਕੁਰਸੀ ਛੱਡਣਾ ਹੀ ਨਹੀਂ ਚਾਹੁੰਦਾ, ਇਸ ਲਈ ਉਹ ਆਪਣੀ ਹਾਰ ਕਬੂਲਣ ਲਈ ਤਿਆਰ ਨਹੀਂ ਹਨ। 

ਦੱਸਣਾ ਬਣਦਾ ਹੈ, ਕਿ ਅਮਰੀਕੀ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਦੀ ਸਹੁੰ ਚੁੱਕਣ ਦੇ ਜਿਵੇਂ ਜਿਵੇਂ ਹੀ ਦਿਨ ਨੇੜੇ ਆ ਰਹੇ ਹਨ, ਉਵੇਂ ਉਵੇਂ ਹੀ ਮੌਜ਼ੂਦਾ ਰਾਸ਼ਟਰਪਤੀ ਟਰੰਪ ਅਤੇ ਉਹਦੇ ਭਗਤ ਲਗਾਤਾਰ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੰਘੇ ਕੱਲ੍ਹ ਤਾਂ ਹੱਦ ਹੀ ਹੋ ਗਈ। ਟਰੰਪ ਦੇ ਸਮਰਥਕ ਵ੍ਹਾਈਟ ਹਾਉਸ ਪੁੱਜੇ ਅਤੇ ਉਨ੍ਹਾਂ ਨੇ ਜਬਰਦਸਤ ਹੰਗਾਮਾ ਕਰਦਿਆਂ ਹੋਇਆ ਟਰੰਪ ਨੂੰ ਫਿਰ ਤੋਂ ਗੱਦੀ ’ਤੇ ਬਿਠਾਉਣ ਦਾ ਦਾਅਵਾ ਠੋਕਿਆ। ਜਦੋਂ ਮੌਕੇ ’ਤੇ ਮੌਜ਼ੂਦ ਪੁਲਿਸ ਵਾਲਿਆਂ ਨੇ ਟਰੰਪ ਸਮਰਥਕਾਂ ਨੂੰ ਸਮਝਾਉਣਾ ਚਾਇਆ ਤਾਂ, ‘‘ਤੂੰ ਤੂੰ ਮੈਂ ਮੈਂ’’ ਸ਼ੁਰੂ ਹੋ ਗਈ। 

‘‘ਤੂੰ ਤੂੰ ਮੈਂ ਮੈਂ’’ ਤੋਂ ਸ਼ੁਰੂ ਹੋਈ ਲੜਾਈ, ਗਾਲ੍ਹੀ ਗਲੋਚ ਤੱਕ ਪਹੁੰਚ ਗਈ। ਅਮਰੀਕਾ ਪੁਲਿਸ ਅਤੇ ਟਰੰਪ ਸਮਰਥਕਾਂ ਵਿਚਾਲੇ ਦੇਖਦੇ ਹੀ ਦੇਖਦੇ ਝੜਪ ਹੋ ਗਈ ਅਤੇ ਇਸੇ ਦੌਰਾਨ ਇੱਕ ਔਰਤ ਸਮੇਤ ਚਾਰ ਲੋਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ, ਇਸ ਝੜਪ ਦੇ ਵਿੱਚ ਕਈ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ਼ ਨੇੜੇ ਦੇ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਵ੍ਹਾਈਟ ਹਾਊਸ ਅਤੇ ਕੈਪੀਟਲ ਬਿਲਡਿੰਗ ਦੇ ਬਾਹਰ ਹੰਗਾਮੇ ਮਗਰੋਂ, ਵਾਸ਼ਿੰਗਟਨ ਡੀਸੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। 

ਟਰੰਪ ਸਮਰਥਕਾਂ ਅਤੇ ਪੁਲਿਸ ਵਿਚਾਲੇ ਵ੍ਹਾਈਟ ਹਾਊਸ ਅਤੇ ਕੈਪੀਟਲ ਬਿਲਡਿੰਗ ਦੇ ਬਾਹਰ ਹੰਗਾਮੇ ’ਤੇ ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਆਪਣੀ ਤਾਨਾਸ਼ਾਹੀ ਅਮਰੀਕਾ ਦੇ ਅੰਦਰ ਵਿਖਾ ਰਿਹਾ ਹੈ। ਪਰ ਲੋਕਤਾਤਰਿਕ ਦੇਸ਼ ਦੇ ਅੰਦਰ ਅਜਿਹੀ ਤਾਨਾਸ਼ਾਹੀ ਨੂੰ ਲੋਕ ਵੀ ਪ੍ਰਵਾਨ ਨਹੀਂ ਕਰਦੇ, ਜੋ ਕੁੱਝ ਟਰੰਪ ਦੇ ਸਮਰਥਕ ਜਾਂ ਫਿਰ ਟਰੰਪ ਖ਼ੁਦ ਕਰ ਰਹੇ ਹਨ, ਇਸ ਦਾ ਨੁਕਸਾਨ ਇਕੱਲੇ ਅਮਰੀਕਾ ਨੂੰ ਹੀ ਨਹੀਂ, ਬਲਕਿ ਅਮਰੀਕਾ ਦੇ ਨਾਲ ਜਿਨ੍ਹਾਂ ਦੇਸ਼ਾਂ ਦੇ ਰਿਸ਼ਤੇ ਹਨ, ਉਨ੍ਹਾਂ ਦਾ ਵੀ ਹੋ ਰਿਹਾ ਹੈ। 

ਅਮਰੀਕਾ ਦੇ ਵੱਲ ਵੇਖ ਕੇ, ਹਰ ਦੇਸ਼ ਅੱਗੇ ਵਧਣ ਦੇ ਬਾਰੇ ਸੋਚ ਰਿਹਾ ਹੈ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ਤੇ ਚੀਨ ਵਿਚਾਲੇ ਤਿੱਖੀ ਲੜਾਈ ਹੋਣ ਦੀਆਂ ਗੱਲਾਂ ਵੀ ਹੋ ਚੁੱਕੀਆਂ ਹਨ। ਦਰਅਸਲ, ਜਦੋਂ ਤੋਂ ਸੱਤਾ ਦੇ ਵਿੱਚ ਟਰੰਪ ਆਇਆ ਹੈ, ਉਦੋਂ ਤੋਂ ਅਮਰੀਕਾ ਦੇ ਅੰਦਰ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਹੈ। ਟਰੰਪ ਬੇਸ਼ੱਕ ਆਪਣੇ ਆਪ ਨੂੰ ਦੁੱਧ ਦਾ ਧੋਤਾ ਹੋਇਆ ਦੱਸ ਰਿਹਾ ਹੈ, ਪਰ ਜਿਸ ਤਰ੍ਹਾਂ ਚੋਣ ਹਾਰਨ ਤੋਂ ਲੈ ਕੇ ਹੁਣ ਤੱਕ ਟਰੰਪ ਦੇ ਸਮਰਥਕ ਗੁੰਡਾਗਰਦੀ ਕਰ ਰਹੇ ਹਨ, ਉਸ ਤੋਂ ਇਹੀ ਲੱਗ ਰਿਹਾ ਹੈ, ਕਿ ਜਿਹੋ ਜਿਹਾ ਗੁਰੂ ਹੋਵੇਗਾ, ਉਹੋ ਜਿਹੇ ਹੀ ਚੇਲੇ ਹੋਣਗੇ।

ਟਰੰਪ ਨੂੰ ਆਪਣੀ ਹਾਰ ਮੰਨ ਕੇ, ਆਪਣੇ ਸਮਰਥਕਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਣਾ ਚਾਹੀਦਾ ਹੈ ਅਤੇ ਚੁੱਪ ਚਾਪ ਜੋਅ ਬਾਇਡਨ ਨੂੰ ਗੱਦੀ ’ਤੇ ਬਿਠਾਉਣਾ ਚਾਹੀਦਾ ਹੈ। ਊਧਰ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ, ਜਾਰਜ ਡਬਲਿਊ ਬੁਸ਼ ਸਮੇਤ ਕਈ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਨੇ ਅਮਰੀਕਾ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ। ਸੱਤਾ ਪਰਿਵਰਤਨ ਬੇਹੱਦ ਸ਼ਾਂਤ ਅਤੇ ਖੁਸ਼ਨੁਮਾ ਮਾਹੌਲ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ। ਲੋਕਤੰਤਰ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕੋਈ ਜਗ੍ਹਾ ਨਹੀਂ ਹੈ।