ਕਿਸਾਨ ਮੋਰਚਾ: ਅਫ਼ਸਰਸ਼ਾਹੀ ਨੂੰ ਦਲੀਲ ਨਾਲ ਜੁਆਬ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 06 2021 15:31
Reading time: 2 mins, 29 secs

ਹੋਸ਼ ਅਤੇ ਜੋਸ਼ ਦਾ ਮੇਲ ਕਿਾਨ ਅੰਦੋਲਨ ਦੀ ਬਦੌਲਤ ਹੋਇਆ ਹੈ। ਘਰਾਂ ਵਿੱਚ ਕੰਮ ਕਾਰ ਤੱਕ ਸੀਮਤ ਔਰਤਾਂ ਇਸ ਵੇਲੇ ਦਿੱਲੀ ਦੇ ਦਰਵਾਜੇ ’ਤੇ ਜਾ ਕੇ ਸੰਘਰਸ਼ ਵਿੱਚ ਤਾਂ ਜੁਟੀਆਂ ਹੋਈਆਂ ਹਨ, ਉੱਥੇ ਹੀ ਪਿੰਡਾਂ ਵਿੱਚ ਰਹਿ ਗਈਆਂ ਔਰਤਾਂ ਘਰਾਂ ਦੇ ਕੰਮ ਕਾਰ ਤੋਂ ਇਲਾਵਾ ਖੇਤੀ ਦਾ ਕੰਮਕਾਜ ਵੀ ਸੰਭਾਲ ਰਹੀਆਂ ਹਨ। ਵੈਸੇ, ਚਾਰ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਚੱਲਿਆਂ ਔਰਤਾਂ ਦੀ ਭਾਗੀਦਾਰੀ ਵਧੀ ਹੈ ਤਾਂ ਹੈ ਹੀ, ਨਾਲ ਹੀ ਜੈਂਡਰ ਸੋਚ ਵਿੱਚ ਤਬਦੀਲੀ ਆਈ ਹੈ ਅਤੇ ਇਸ ਨੂੰ ਇੱਕ ਵੱਡੀ ਜਿੱਤ ਵੀ ਕਿਹਾ ਜਾ ਸਕਦਾ ਹੈ। 

ਪੰਜਾਬ ਵਿੱਚ ਲੱਗੇ ਮੋਰਚਿਆਂ ਦੇ ਵਿੱਚ ਔਰਤਾਂ ਟੋਲ ਪਲਾਜ਼ੇ ਬੰਦ ਕਰਵਾ ਰਹੀਆਂ ਸਨ, ਭਾਸ਼ਨ ਕਰ ਰਹੀਆਂ ਸਨ, ਘਰ ਖੇਤ ਅਤੇ ਬੱਚਿਆਂ ਵੀ ਹੁਣ ਸੰਭਾਲ ਰਹੀਆਂ ਹਨ। ਕਿਸਾਨ ਮੋਰਚੇ ਦੇ ਲੀਡਰ ਹਰ ਤਰ੍ਹਾਂ ਦੀ ਭਾਸ਼ਾ ਵਿੱਚ ਮੀਡੀਆ ਅਤੇ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਇੱਥੇ ਕਿਸੇ ਖਿੱਤੇ ਦਾ ਫਰਕ ਨਹੀਂ ਪਿਆ। ਮਾਝੇ, ਦੁਆਬੇ, ਪੁਆਂਦ, ਮਾਲਵਾ-ਹਰਿਆਣਾ ਅਤੇ ਹੋਰ ਪ੍ਰਾਤਾਂ ਕਿਸਾਨ ਮਜ਼ਦੂਰ ਇਕੱਠੇ ਮੋਰਚਾ ਸੰਭਾਲੀ ਬੈਠੇ ਹਨ। 

ਇੱਥੇ ਲੰਗਰ ਦੇ ਵੀ ਵੱਖਰ-ਵੱਖਰੇ ਰੂਪ ਜਿਵੇਂ ਕਿਤਾਬਾਂ ਦਾ ਲੰਗਰ, ਜਿਮ, ਖਾਣੇ ਦਾ ਲੰਗਰ ਅਤੇ ਹੋਰ ਸਾਰੀਆਂ ਲੋੜੀਂਦੀਆਂ ਚੀਜ਼ਾਂ ਦੇ ਲੰਗਰ ਲੱਗੇ ਹੋਏ ਹਨ। ਪ੍ਰਵਾਸੀ ਪੰਜਾਬੀਆਂ ਨੇ ਇਸ ਵਿੱਚ ਆਪਣਾ ਯੋਗਦਾਨ ਪਾ ਕੇ ਗਦਰ ਲਹਿਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਯੂਰਪ ਦੇ ਸਾਰੇ ਦੇਸ਼ਾਂ ਦੇ ਪੰਜਾਬੀ ਜੁੜ ਗਏ ਹਨ। ਇਸ ਅੰਦੋਲਨ ਤੋਂ ਸਾਰੇ ਰਾਜਸੀ ਲਾਣੇ ਬਾਹਰ ਰੱਖੇ ਗਏ ਹਨ ਅਤੇ ਅਫ਼ਸਰਸ਼ਾਹੀ ਨੂੰ ਦਲੀਲ ਨਾਲ ਜੁਆਬ ਦਿੱਤੇ ਜਾ ਰਹੇ ਹਨ। ਇਹ ਸਥਾਨਕ ਅਤੇ ਗਲੋਬਲਾਈਜੇਸ਼ਨ ਦਾ ਸੁਮੇਲ ਹੋਇਆ ਹੈ, ਕਿਰਤੀ ਤੇ ਕਿਸਾਨ ਦਾ ਮੇਲ ਹੋਇਆ ਹੈ। 

ਦੱਸਣਾ ਬਣਦਾ ਹੈ, ਕਿ ਕਿਸਾਨ ਅੱਜ ਕੇਵਲ ਆਪਣੇ ਹੱਕਾਂ ਲਈ ਹੀ ਨਹੀਂ ਲੜ ਰਿਹਾ, ਸਗੋਂ ਹਰੇਕ ਭਾਰਤੀ ਦੇ ਹੱਕਾਂ ਦੀ ਲੜਾਈ ਲੜ ਰਿਹਾ ਹੈ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀ ਪੂਰੀ ਮਦਦ ਕਰੀਏ। ਸਰਕਾਰ ਆਮ ਲੋਕਾਂ ਦੇ ਪੈਸੇ ਅਤੇ ਲੋਕਾਂ ਵਲੋਂ ਦਿੱਤੇ ਜਾ ਰਹੇ ਆਮਦਨ ਕਰ ਅਤੇ ਜੀਐਸਟੀ ਸਦਕਾ ਚੱਲ ਰਹੀ ਹੈ। ਨੋਟਬੰਦੀ ਨੇ ਤਾਂ ਛੋਟੇ ਵਪਾਰੀਆਂ ਅਤੇ ਖਪਤਕਾਰੀਆਂ ਦੀ ਜ਼ਿੰਦਗੀ ਨੂੰ ਵੱਡਾ ਖੋਰਾ ਲਾਇਆ ਹੈ। ਕੇਂਦਰ ਵਿਚਲੀ ਮੋਦੀ ਸਰਕਾਰ ਭਾਰਤ ਦੇ ਸੂਬਿਆਂ ਦੇ ਸਾਧਨਾਂ ਨੂੰ ਧਨਾਢ ਘਰਾਣਿਆਂ ਦੇ ਹੱਥ ਸੌਂਪ ਰਹੀ ਹੈ।

ਕਿਸਾਨ ਮੋਰਚੇ ਨੂੰ ਸੰਭਾਲ ਰਹੇ ਕਿਸਾਨ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ, ਕਿ ਇਸ ਵੇਲੇ ਅੰਦੋਲਨ ਦੀ ਪੂਰੀ ਰੂਪ ਰੇਖਾ ਬਦਲ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਸੈਕਟਰ ਦਾ ਵੱਡਾ ਰੋਲ ਹੈ। ਉਨ੍ਹਾਂ ਕਿਹਾ ਕਿ, ਚਾਲੂ ਸਾਲ ਦੇ ਮਾਰਚ ਮਹੀਨੇ ਤੋਂ ਕੋਰੋਨਾ ਮਹਾਂਮਾਰੀ ਕਾਰਨ ਲਾਕਲਾਊਨ ਵਿੱਚ ਦੇਸ਼ ਭਰ ਵਿੱਚ ਖੇਤੀ ਨੂੰ ਛੱਡ ਕੇ ਹੋਰ ਇੰਡਸਟਰੀ, ਕਾਰੋਬਾਰ ਆਦਿ ਠੱਪ ਦੇ ਸਮਾਨ ਸੀ, ਇਸ ਨਾਜ਼ੁਕ ਸਮੇਂ ਵਿੱਚ ਮੁੱਖ ਤੌਰ ’ਤੇ ਇੱਕ ਹਾੜੀ ਅਤੇ ਦੋ ਸਾਉਣੀ ਦੀਆਂ ਫਸਲਾਂ ਨੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਵੱਡਾ ਯੋਗਦਾਨ ਪਾ ਕੇ ਭਾਰਤੀ ਅਰਥਚਾਰੇ ਨੂੰ ਡੁੱਬਣ ਨਹੀਂ ਦਿੱਤਾ। 

ਹਾਲਾਂਕਿ ਹੋਰ ਇੰਡਸਟਰੀ ਅਤੇ ਕਾਰੋਬਾਰਾਂ ਦੇ ਮੁਕਾਬਲੇ ਕੇਂਦਰ ਸਰਕਾਰ ਖੇਤੀ ਸੈਕਟਰ ਖਾਸ ਕਰਕੇ ਕਿਰਤੀਆਂ, ਕਿਸਾਨਾਂ ਲਈ ਨਾ-ਮਾਤਰ ਰਿਆਇਤਾਂ ਦਿੰਦੀ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜ ਕੋਲ ਗਹਿਣੇ ਰੱਖਣਾ ਚਾਹੁੰਦੀ ਹੈ, ਪਰ ਕਿਸਾਨ, ਸਰਕਾਰ ਦੇ ਇਹ ਮਨਸੂਬੇ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ। ਕਿਉਂਕਿ, ਇਸ ਵੇਲੇ ਕਿਸਾਨ ਸਰਕਾਰ ਅਤੇ ਅਫ਼ਸਰਸ਼ਾਹੀ ਨੂੰ ਦਲੀਲ ਦੇ ਨਾਲ ਜੁਆਬ ਦੇਣਾ ਸਿੱਖ ਗਏ ਹਨ ਅਤੇ ਆਪਣੇ ਹੱਕਾਂ ਲਈ, ਦਿੱਲੀ ਦੇ ਬੂਹੇ ’ਤੇ ਆਣ ਖੜ੍ਹ ਗਏ ਹਨ।