ਟਰੈਕਟਰ ਦੀ ਪਰੇਡ, ਹੁਣ ਆਉਗੀ ਕ੍ਰਾਂਤੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 06 2021 15:22
Reading time: 1 min, 44 secs

ਹਰੀ ਕ੍ਰਾਂਤੀ ਜਦੋਂ ਆਈ ਸੀ ਤਾਂ, ਉਸ ਨੂੰ ਲਿਆਉਣ ਵਾਲਾ ਕੋਈ ਹੋਰ ਨਹੀਂ, ਬਲਕਿ ਕਿਸਾਨ ਹੀ ਸੀ। ਕਿਸਾਨ ਨੇ ਅਨਾਜ਼ ਪੈਦਾ ਕਰਕੇ, ਮੁਲਕ ਦਾ ਢਿੱਡ ਭਰਿਆ ਅਤੇ ਹੁਣ ਵੀ ਭਰ ਰਿਹਾ ਹੈ। ਇਨਕਲਾਬ ਲਾਲ ਅਤੇ ਹਰੇ ਝੰਡਿਆਂ ਦੇ ਨਾਲ ਆਇਆ ਸੀ, ਪਰ ਹਾਕਮ ਧੜੇ ਨੂੰ ਕੌਣ ਸਮਝਾਵੇ, ਕਿ ਉਹ ਜਿੱਦ ਛੱਡੇ ਅਤੇ ਕਿਸਾਨਾਂ ਦਾ ਹੱਲ ਕੱਢੇ। ਕਿਸਾਨਾਂ ਦੀਆਂ ਮੰਗਾਂ ’ਤੇ ਗ਼ੌਰ ਕਰਨ ਦੀ ਬਿਜਾਏ, ਕੇਂਦਰ ਵਿਚਲੀ ਮੋਦੀ ਸਰਕਾਰ ਲਗਾਤਾਰ ਨਾਦਰਸ਼ਾਹੀ ਫ਼ਰਮਾਨ ਝਾੜ ਕੇ, ਕਿਸਾਨਾਂ ਮੋਰਚੇ ਨੂੰ ਕੁਚਲ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। 

ਪਰ, ਦੂਜੇ ਪਾਸੇ ਕੜਾਕੇ ਦੀ ਠੰਢ ਅਤੇ ਖ਼ਰਾਬ ਮੌਂਸਮ ਵਿੱਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ, ਉਹ ਦਿੱਲੀ ਦੀਆਂ ਸਰਹੱਦਾਂ ’ਤੇ ਬੈਠ ਕੇ ਮੋਦੀ ਸਰਕਾਰ ਨੂੰ ਕੋਸ ਤਾਂ ਰਹੇ ਹੀ ਹਨ, ਨਾਲ ਹੀ ਆਪਣੀਆਂ ਮੰਗਾਂ ਨਾ ਮੰਨੀਆਂ ਜਾਣ ਤੱਕ ਮੋਰਚੇ ਨੂੰ ਅਲਵਿਦਾ ਨਾ ਕਹਿਣ ਦਾ ਪ੍ਰਣ ਵੀ ਲੈ ਚੁੱਕੇ ਹਨ। ਦਰਅਸਲ, ਲੰਘੇ ਕੱਲ੍ਹ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਹੋਇਆ ਮੋਦੀ ਸਰਕਾਰ ਦੇ ਵਿਰੁੱਧ ਜਿੱਥੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਯੋਜਨਾ ਬਣਾਈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਟਰੈਕਟਰ ਮਾਰਚ ਬਾਰੇ ਵੀ ਨਵਾਂ ਐਲਾਨ ਕਰਿਆ। 

ਦਰਅਸਲ, ਕਿਸਾਨ ਆਗੂਆਂ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ 6 ਜਨਵਰੀ ਨੂੰ ਕੀਤਾ ਜਾਣ ਵਾਲਾ ਟਰੈਕਟਰ ਮਾਰਚ ਹੁਣ 7 ਜਨਵਰੀ ਨੂੰ ਕੀਤਾ ਜਾਵੇਗਾ। ਖ਼ਰਾਬ ਮੌਸਮ ਨੂੰ ਦੇਖਦੇ ਹੋਏ ਟਰੈਕਟਰ ਮਾਰਚ ਇਕ ਦਿਨ ਲਈ ਮੁਲਤਵੀ ਕੀਤਾ ਗਿਆ ਹੈ। 7 ਜਨਵਰੀ ਨੂੰ ਪ੍ਰਦਰਸ਼ਨ ਵਾਲੀਆਂ ਸਾਰੀਆਂ ਥਾਵਾਂ ਤੋਂ ਕੁੰਡਲੀ-ਮਾਨੇਸਰ-ਪਲਵਲ (ਕੇ ਐਮ ਪੀ) ਲਈ ਟਰੈਕਟਰ ਮਾਰਚ ਕੱਢਿਆ ਜਾਵੇਗਾ। ਬੀਤੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਆਉਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।

ਦੱਸਣਾ ਬਣਦਾ ਹੈ, ਕਿ ਜਦੋਂ ਤੋਂ ਕਿਸਾਨਾਂ ਨੇ ਇਹ ਐਲਾਨ ਕਰਿਆ ਹੈ ਕਿ, ਟਰੈਕਟਰ ਪਰੇਡ ਕਰਕੇ, ਮਾਰਚ ਕੀਤਾ ਜਾਵੇਗਾ, ਉਦੋਂ ਤੋਂ ਹੀ ਇਹ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਬਹੁਤ ਜਲਦ ਦੇਸ਼ ਦੇ ਅੰਦਰ ਹਰੀ ਕ੍ਰਾਂਤੀ ਆਉਣ ਵਾਲੀ ਹੈ। ਕਿਸਾਨ ਜਥੇਬੰਦੀਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗ ਜਿੱਥੇ ਬੇਸਿੱਟਾ ਨਿਕਲ ਰਹੀਆਂ ਹਨ, ਉੱਥੇ ਹੀ ਤਿੰਨੇ ਖੇਤੀ ਕਾਨੂੰਨ ਰੱਦ ਅਤੇ 23 ਫ਼ਸਲਾਂ ਦੀ ਐਮਐਸਪੀ ਖ਼ਰੀਦ ਦੀ ਗਾਰੰਟੀ ਵਾਲਾ ਅਲੱਗ ਕਾਨੂੰਨ ਮੋਦੀ ਸਰਕਾਰ ਦੇ ਵੱਲੋਂ ਨਹੀਂ ਬਣਾਇਆ ਜਾ ਰਿਹਾ। 26 ਜਨਵਰੀ ਨੂੰ ਰਾਜਪੱਥ ’ਤੇ ਟਰੈਕਟਰ ਪਰੇਡ ਵਿੱਚ ਲੱਖਾਂ ਕਿਸਾਨ ਮਜ਼ਦੂਰ ਹਜ਼ਾਰਾਂ ਟਰੈਕਟਰਾਂ ’ਤੇ ਸਵਾਰ ਹੋ ਕੇ ਸ਼ਾਮਿਲ ਹੋਣਗੇ।