ਦਿੱਲੀ ਦੇ ਚਾਰੇ ਪਾਸਿਆਂ ਤੋਂ ਲੱਖਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਮੋਦੀ ਸਰਕਾਰ ਦਾ ਜਿੱਥੇ ਘਿਰਾਉ ਕੀਤਾ ਜਾ ਰਿਹਾ ਹੈ, ਉੱਥੇ ਹੀ ਕਿਸਾਨਾਂ ਮਜ਼ਦੂਰਾਂ ਦੇ ਰੋਹ ਤੋਂ ਤੰਗ ਆ ਕੇ ਵਿਦੇਸ਼ੀ ਲੀਡਰ ਵੀ ਆਪਣੇ ਦੌਰੇ ਰੱਦ ਕਰ ਰਹੇ ਹਨ। ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਤਾਂ ਫੈਲ ਹੀ ਚੁੱਕਿਆ ਹੈ, ਉੱਥੇ ਹੀ ਇਹ ਕਿਸਾਨ ਅੰਦੋਲਨ ਦੁਨੀਆ ਭਰ ਵਿੱਚ ਵੀ ਆਪਣੀ ਪਛਾਣ ਬਣਾ ਗਿਆ ਹੈ ਅਤੇ ਇਸ ਵੇਲੇ ਅਮਰੀਕਾ, ਕੈਨੇਡਾ, ਬਿ੍ਰਟੇਨ, ਆਸਟ੍ਰੇਲੀਆ, ਆਸਟਰੀਆ, ਇਟਲੀ ਤੋਂ ਇਲਾਵਾ ਜਿੱਥੇ ਕਿਤੇ ਵੀ ਪੰਜਾਬੀ ਵਸੇ ਹਨ, ਉਨ੍ਹਾਂ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਦੇਸ਼ ਦੁਨੀਆ ਵਿੱਚ ਫੈਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਅਤੇ ਤਿੱਖਾ ਕਰਨ ਲਈ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਨਿੱਤ ਦਿਨ ਨਵੇਂ ਫ਼ੈਸਲੇ ਲਏ ਜਾ ਰਹੇ ਹਨ। ਕਿਸਾਨਾਂ ਵੱਲੋਂ 26 ਜਨਵਰੀ ਨੂੰ ਰਾਜਪੱਥ ਉੱਤੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਜਿਸ ਦੀ ਰਿਹਾਸਿਲ ਵੀ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ, ਦੂਜੇ ਪਾਸੇ ਕਿਸਾਨਾਂ ਦੇ ਵੱਲੋਂ 26 ਜਨਵਰੀ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਨੂੰ ਲੈ ਕੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਵੱਲੋਂ ਆਪਣਾ ਦੌਰਾ ਰੱਦ ਕਰ ਦਿੱਤਾ ਗਿਆ ਹੈ।
ਭਾਵੇਂ ਹੀ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਦੌਰੇ ਦੇ ਕੁੱਝ ਹੋਰ ਕਾਰਨ ਦੱਸੇ ਜਾ ਰਹੇ ਹਨ, ਪਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਬੌਰਿਸ ਜੌਹਨਸਨ, 26 ਜਨਵਰੀ ਨੂੰ ਭਾਰਤ ਆ ਕੇ ਆਪਣੀ ਜਾਨ ਨੂੰ ਸਿਆਪਾ ਨਹੀਂ ਪਵਾਉਣਾ ਚਾਹੁੰਦੇ। ਮਾਹਿਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਆਪਣੇ ਹੈਂਕੜਬਾਜ਼ ਰਵੱਈਆ ਤਿਆਗ ਨਹੀਂ ਰਹੀ, ਉੱਪਰੋਂ ਸੰਯੁਕਤ ਰਾਸ਼ਟਰ ਵੀ ਕਿਸਾਨਾਂ ਦੇ ਹੱਕ ਵਿੱਚ ਆਣ ਖੜ੍ਹਾ ਹੈ ਅਤੇ ਵਿਦੇਸ਼ੀ ਸਰਕਾਰਾਂ ਵੀ ਮੋਦੀ ਨੂੰ ਆਕੜ ਛੱਡ ਕੇ ਕਿਸਾਨਾਂ ਦੇ ਨਾਲ ਖੜਣ ਲਈ ਅਪੀਲਾਂ ਕਰ ਰਹੀਆਂ ਹਨ।
ਪਰ ਮੋਦੀ ਸਰਕਾਰ ਕਿਸੇ ਦੀ ਇੱਕ ਨਹੀਂ ਸੁਣ ਰਹੀ। ਹੁਣ, ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਕਿ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ, 26 ਜਨਵਰੀ ਨੂੰ ਜੋ ਭਾਰਤ ਆਉਣਾ ਸੀ, ਉਹ ਦੌਰਾ ਰੱਦ ਹੋ ਗਿਆ ਹੈ, ਇਸ ਦੇ ਪਿੱਛੇ ਇਹ ਕਾਰਨ ਹੈ, ਕਿ ਬਰਤਾਨਵੀ ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਵਸਦੇ ਸੰਸਦ ਮੈਂਬਰਾਂ ਸਮੇਤ ਪੰਜਾਬੀਆਂ ਵੱਲੋਂ ਬਣਾਏ ਜਾ ਰਹੇ ਦਬਾਅ ਦੇ ਅੱਗੇ ਝੁਕ ਗਏ ਹਨ। ਇਸ ਗੱਲ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਬਰਤਾਨੀਆ ਲੋਕਤੰਤਰੀ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਕੀਤੇ ਜਾ ਰਹੇ ਸੰਘਰਸ਼ ਨਾਲ ਧੱਕੇਸ਼ਾਹੀ ਦੇ ਬਿਲਕੁਲ ਖ਼ਿਲਾਫ਼ ਹੈ।