ਹੁਣ ਲੋਕਾਂ ਨੂੰ ਇਸ ਲੋਕਤੰਤਰ ’ਚ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 06 2021 15:16
Reading time: 1 min, 40 secs

ਪੰਜਾਬ ਦਾ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਕਹਿੰਦਾ ਹੈ, ਕਿ ਹੁਣ ਲੋਕਾਂ ਨੂੰ ਇਸ ਲੋਕਤੰਤਰ ਵਿਚ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਕੱਠੇ ਹੋਣ ਅਤੇ ਆਪਣੇ ਹੱਕਾਂ ਲਈ ਲੜਾਈ ਲੜਨ। ਕਿਉਂਕਿ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹਨ ਅਤੇ ਇਸੇ ਲਈ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ, ਫ਼ਸਲਾਂ ਅਤੇ ਕਿਰਸਾਨੀ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਦੀ ਲੜ੍ਹਾਈ ਆਪ ਲੜਣੀ ਚਾਹੀਦੀ ਹੈ। 

ਬੇਸ਼ੱਕ ਨਵਜੋਤ ਸਿੰਘ ਸਿੱਧੂ ਆਪਣਾ ਬਿਆਨ ਦੇ ਕੇ ਚਲਦੇ ਬਣੇ, ਪਰ ਸਿੱਧੂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ, ਕਿ ਪੰਜਾਬ ਦੇ ਅੰਦਰ ਕਾਰਪੋਰੇਟ ਲਿਆਉਣ ਵਾਲੀ ਤਤਕਾਲੀ ਬਾਦਲ ਸਰਕਾਰ ਸੀ ਅਤੇ ਉਸ ਨੂੰ ਸ਼ਹਿ ਅੱਗੇ ਕੈਪਟਨ ਹਕੂਮਤ ਦੇ ਵੱਲੋਂ ਦਿੱਤੀ ਗਈ। ਕੇਂਦਰ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਬੇਸ਼ੱਕ ਇੱਕ ਦੁੱਕਾ ਕੰਪਨੀਆਂ ਵਿਕੀਆਂ, ਪਰ ਨਰਿੰਦਰ ਮੋਦੀ ਜਦੋਂ ਪਹਿਲੀ ਵਾਰ ਸੱਤਾ ਵਿੱਚ ਆਏ ਤਾਂ, ਨਵਜੋਤ ਸਿੰਘ ਸਿੱਧੂ ਭਾਜਪਾ ਵਿੱਚ ਸੀ, ਉਦੋਂ ਕੀ ਸਭ ਕੁੱਝ ਠੀਕ ਚੱਲ ਰਿਹਾ ਸੀ? ਆਪਣੀ ਜਗ੍ਹਾ ’ਤੇ ਨਵਜੋਤ ਸਿੱਧੂ ਠੀਕ ਹੀ ਹੋਵੇਗਾ। 

ਪਰ, ਹੁਣ ਭਾਵੇਂ ਹੀ ਮੋਦੀ ਸਰਕਾਰ ਦੇ ਵੱਲੋਂ ਇਸ ਵੇਲੇ ਕਿਰਸਾਨੀ ਨੂੰ ਉਜਾੜਣ ਵਾਸਤੇ ਨਵੇਂ ਨਵੇਂ ਤੌਰ ਤਰੀਕੇ ਵਰਤੇ ਜਾ ਰਹੇ ਹਨ, ਪਰ ਇਸ ਦੇ ਪਿੱਛੇ ਵੱਡੇ ਕਾਰਨ ਜੋ ਹਨ, ਉਹ ਇਹ ਹਨ, ਕਿ ਲੋਕ ਪਹਿਲੋਂ ਸੁੱਤੇ ਰਹੇ ਸਨ ਤਾਂ, ਹੀ ਮੋਦੀ ਆਪਣੀ ਤਾਨਾਸ਼ਾਹੀ ਵਿਖਾਈ ਗਿਆ ਅਤੇ ਹੁਣ ਲੋਕ ਜਾਗ ਚੁੱਕੇ ਹਨ ਅਤੇ ਮੋਦੀ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾ ਰਹੇ ਹਨ। ਦਰਅਸਲ, ਮੋਦੀ ਸਰਕਾਰ ’ਤੇ ਲਗਾਤਾਰ ਜਿੱਥੇ ਵਿਰੋਧੀ ਨਿਸ਼ਾਨਾ ਵਿੰਨ ਰਹੇ ਹਨ, ਉੱਥੇ ਹੀ ਆਮ ਕਿਸਾਨ ਵੀ ਮੋਦੀ ਨੂੰ ਕਹਿ ਰਹੇ ਹਨ, ਕਿ ਉਹ ਚਾਹ ਦੇ ਭਾਅ ਦੇਸ਼ ਵੇਚੀ ਜਾ ਰਿਹਾ ਹੈ। 

ਮੋਦੀ ਸਰਕਾਰ ਦੇ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਕਰੀਬ 40 ਦਿਨਾਂ ਤੋਂ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨਾਂ ਦੀ ਦਿੱਲੀ ਦੇ ਦਰਵਾਜੇ ਤੋਂ ਇੱਕੋ ਹੀ ਮੰਗ ਉੱਠੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਿਆ ਜਾਵੇ ਅਤੇ ਐਮਐਸਪੀ ਲਾਗੂ ਕੀਤੀ ਜਾਵੇ। ਕਾਰਪੋਰੇਟ ਘਰਾਣਿਆਂ ਦੇ ਬਾਅਦ ਥੱਲੇ ਆ ਚੁੱਕੀ ਮੋਦੀ ਸਰਕਾਰ ਜਿੱਥੇ ਆਪਣੀ ਅੜੀ ਨਹੀਂ ਛੱਡ ਰਹੀ, ਉੱਥੇ ਹੀ ਕਿਸਾਨ ਵੀ ਬਜਿੱਦ ਹਨ ਕਿ ਉਹ ਹੁਣ ਦਿੱਲੀ ਦੀਆਂ ਸਰਹੱਦਾਂ ਤੋਂ ਉਦੋਂ ਹੀ ਉੱਠਣਗੇ, ਜਦੋਂ ਖੇਤੀ ਕਾਨੂੰਨ ਰੱਦ ਹੋਣਗੇ।