‘ਜ਼ਮੀਨ ਬਚਾਓ’! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 06 2021 15:14
Reading time: 2 mins, 1 sec

ਇੱਕ ਪਾਸੇ ਤਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਮਜ਼ਦੂਰ ਕੇਂਦਰ ਸਰਕਾਰ ਦੇ ਨਾਲ ਲੜ੍ਹਾਈ ਲੜ੍ਹ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਅੰਦਰ ਜ਼ਮੀਨ ਬਚਾਓ ਮੁਹਿੰਮ ਵੀ ਛਿੜ ਗਈ ਹੈ। ਦਰਅਸਲ, ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਨੂੰ ਭੋਏ ਦੇ ਭਾਅ ਖ਼ਰੀਦ ਕੇ, ਸਰਕਾਰ ਹੁਣ ਉੱਥੇ ਕਾਰਪੋਰੇਟ ਘਰਾਣਿਆਂ ਵਾਸਤੇ ਰਸਤੇ ਤਿਆਰ ਕਰਨ ਦੇ ਵਿੱਚ ਰੁੱਝੀ ਹੋਈ ਹੈ। ਅਜਿਹਾ ਨਹੀਂ ਹੈ, ਕਿ ਕਿਸਾਨਾਂ ਵੱਲੋਂ ਇਸ ਦੇ ਵਿਰੁੱਧ ਜੰਗ ਨਹੀਂ ਲੜ੍ਹੀ ਜਾ ਰਹੀ, ਕਿਸਾਨ ਪਹਿਲੋਂ ਅਤੇ ਹੁਣ ਫਿਰ ਆਪਣੀਆਂ ਜ਼ਮੀਨਾਂ ਬਚਾਉਣ ਲਈ ਅੱਗੇ ਆ ਚੁੱਕੇ ਹਨ। 

ਅੱਜ, ਹਰ ਅਖ਼ਬਾਰ ਦੇ ਵਿੱਚ ਇਹ ਖ਼ਬਰ ਛਪੀ ਹੈ ਕਿ ਦਿੱਲੀ-ਕਟੜਾ ਐਕਸਪ੍ਰੈਸ ਹਾਈਵੇ ਅਮਿ੍ਰਤਸਰ ਦੇ ਮੂਹਰਿਓ ਬਣਾਉਣ ਦੀ ਮੋਦੀ ਸਰਕਾਰ ਤਿਆਰੀ ਕਰ ਰਹੀ ਹੈ ਅਤੇ ਇਹ ਸਭ ਕੁੱਝ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਸਹਿਮਤੀ ਤੋਂ ਬਗ਼ੈਰ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਜ਼ਮੀਨਾਂ ਇਸ ਹਾਈਵੇ ਲਈ ਨਹੀਂ ਦੇਣਾ ਚਾਹੁੰਦੇ, ਪਰ ਦੂਜੇ ਪਾਸੇ ਜਾਣਕਾਰੀ ਇਹ ਵੀ ਹੈ, ਕਿ ਸਰਕਾਰ ਫ਼ੌਜ ਅਤੇ ਪੁਲਿਸ ਦੇ ਬਲ ’ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਘੱਟ ਰੇਟ ’ਤੇ ਹੜੱਪਣਾ ਚਾਹੁੰਦੀ ਹੈ। 

ਕਿਸਾਨਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਬਣਾਉਣ ਦੇ ਲਈ ਕੇਂਦਰ ਸਰਕਾਰ ਨੂੰ ਆਖ਼ਰ ਜ਼ਰੂਰਤ ਹੀ ਕਿਉਂ ਪੈ ਗਈ ਹੈ? ਇੱਕ ਪਾਸੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠ ਕੇ ਆਪਣੇ ਹੱਕ ਮੰਗ ਕਰ ਰਹੇ ਹਨ ਤਾਂ, ਉਨ੍ਹਾਂ ਨੂੰ ਮੋਦੀ ਸਰਕਾਰ ਅਤੇ ਗੋਦੀ ਮੀਡੀਆ ਦੇ ਵੱਲੋਂ ਅੱਤਵਾਦੀ ਅਤੇ ਵੱਖਵਾਦੀ ਕਿਹਾ ਜਾ ਰਿਹਾ ਹੈ, ਦੂਜੇ ਪਾਸੇ ਉਹੀ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖ਼ਰੀਦ ਕੇ, ਉੱਥੇ ਹਾਈਵੇ ਕੱਢਣ ਦੀਆਂ ਯੋਜਨਾਵਾਂ ਤਿਆਰ ਕਰੀਆਂ ਜਾ ਰਹੀਆਂ ਹਨ। 

ਲੰਘੇ ਕੱਲ੍ਹ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਬਣੀ ਪੰਜਾਬ ਸੰਘਰਸ਼ ਕਮੇਟੀ ਨੇ ਆਪਣਾ ਇੱਕ ਫ਼ੈਸਲਾ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੂੰ ਝਾੜ ਪਾਉਂਦਿਆਂ ਹੋਇਆ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਹੈ, ਕਿ ਉਹ ਆਪਣੀਆਂ ਜ਼ਮੀਨਾਂ ਦਿੱਲੀ ਕਟੜਾ ਐਕਸਪ੍ਰੈਸ ਵਾਸਤੇ ਨਹੀਂ ਦੇਣਗੇ। ਕਿਉਂਕਿ, ਇਹ ਹਾਈਵੇ 350 ਕਿਲੋਮੀਟਰ ਪੰਜਾਬ ਦੇ ਅੰਦਰੋਂ ਲੰਘੇਗਾ, ਜਿਸ ਦੇ ਨਾਲ ਇੱਕ ਨਹੀਂ, ਦੋ ਨਹੀਂ, ਬਲਕਿ ਸੈਂਕੜੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਉਨ੍ਹਾਂ ਹੱਥੋਂ ਖੁੱਸ ਜਾਣਗੀਆਂ ਅਤੇ ਕਿਸਾਨ ਅੰਨ ਉਗਾਉਣ ਜੋਗੇ ਵੀ ਨਹੀਂ ਰਹਿਣੇ। 

ਪੰਜਾਬ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ‘ਜ਼ਮੀਨ ਬਚਾਓ’ ਅੰਦੋਲਨ ਹੁਣ ਫਿਰ ਤੋਂ ਪੰਜਾਬ ਦੇ ਅੰਦਰੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ ਅੰਦੋਲਨ ਉਦੋਂ ਤੱਕ ਚੱਲੇਗਾ, ਜਦੋਂ ਤੱਕ ਕੇਂਦਰ ਆਪਣੀ ਅੜੀ ਛੱਡ ਕੇ, ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣਾ ਬੰਦ ਨਹੀਂ ਕਰਦੀ। ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਕੌਡੀਆਂ ਦੇ ਭਾਅ ਹਥਿਆਉਣ ਦੀ ਚਾਲ ਚੱਲ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਕਿਸਾਨ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਆਪਣੀਆਂ ਜ਼ਮੀਨਾਂ ਬਚਾਉਣ ਲਈ ਸਿਰ ਧੜ ਦੀ ਬਾਜ਼ੀ ਵੀ ਲਗਾ ਦੇਣਗੇ।