ਕੋਰੋਨਾ ਵੈਕਸੀਨ ਤੋਂ ਡਰਦੈ ਰਾਮਦੇਵ! (ਵਿਅੰਗ)

Last Updated: Jan 05 2021 15:53
Reading time: 1 min, 35 secs

ਜਿਹੜੇ ਬੰਦੇ ਨੇ ਆਪਣੀ ਵੈਕਸੀਨ ਤਿਆਰ ਕਰ ਲਈ ਹੋਵੇ, ਉਹ ਸਰਕਾਰ ਦੀ ਵੈਕਸੀਨ ਕਿਉਂ ਲਵਾਂਗੇ? ਸਰਕਾਰ ਦੀ ਹਰ ਵੇਲੇ ਗੱਲ ਮੰਨਣ ਵਾਲੇ ਰਾਮਦੇਵ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਉਹ ਕੋਰੋਨਾ ਵੈਕਸੀਨ ਦਾ ਟੀਕਾ ਨਹੀਂ ਲਵਾਏਗਾ। ਬੇਸ਼ੱਕ ਰਾਮਦੇਵ ਇਹ ਕਹਿੰਦਾ ਨਜ਼ਰੀ ਆ ਰਿਹਾ ਹੈ, ਕਿ ਉਸ ਨੂੰ ਵੈਕਸੀਨ ਲਗਵਾਉਣ ਤੋਂ ਡਰ ਨਹੀਂ ਲੱਗਦਾ, ਪਰ ਉਹ ਵੈਕਸੀਨ ਨਹੀਂ ਲਵਾਏਗਾ।

ਵੈਸੇ, ਅਜਿਹਾ ਕੀ ਹੋ ਗਿਆ ਰਾਮਦੇਵ ਨੂੰ, ਕਿ ਉਹਨੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ ਹੀ ਨਕਾਰਨਾ ਸ਼ੁਰੂ ਕਰ ਦਿੱਤਾ। ਰਾਮਦੇਵ ਤਾਂ ਵੈਸੇ ਮੋਦੀ ਦਾ ਪੱਕਾ ਭਗਤ ਹੈ। ਫਿਰ ਅਜਿਹੀ ਕੀ ਬਿੱਪਤਾ ਪਈ ਕਿ, ਰਾਮਦੇਵ ਨੇ ਵੈਕਸੀਨ ਲਗਵਾਉਣ ਤੋਂ ਹੀ ਨਾਂਹ ਕਰ ਦਿੱਤੀ? ਖ਼ੈਰ, ਰਾਮਦੇਵ ਦੀਆਂ ਗੱਲਾਂ ਰਾਮਦੇਵ ਹੀ ਜਾਣੇ। ਪਤਾ ਨਹੀਂ ਕਿਹੜੇ ਪਹਾੜ੍ਹੋਂ ਉੱਤਰਿਆ ਹੈ, ਜਿਹਨੂੰ ਸਰਕਾਰ ਦੀ ਬਣਾਈ ਵੈਕਸੀਨ ਵੀ ਪਸੰਦ ਨਾ ਆਈ।

ਯੋਗਾ ਕਰਕੇ, ਰਾਮਦੇਵ ਨੇ ਭਾਵੇਂ ਹੀ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਆਪਣੇ ਪਿੱਛੇ ਲਗਾ ਲਏ ਹਨ, ਪਰ ਰਾਮਦੇਵ ਕਿਸੇ ਪਿੱਛੇ ਨਹੀਂ ਲੱਗ ਰਿਹਾ। ਮੋਦੀ ਭਗਤ ਰਾਮਦੇਵ ਲਗਾਤਾਰ ਸਰਕਾਰ ਦੇ ਫ਼ੈਸਲੇ ਨੂੰ ਸਲਾਉਂਦਾ ਹੈ। ਪਰ, ਹੁਣ ਵੈਕਸੀਨ ਵੇਲੇ ਰਾਮਦੇਵ ਡਰਿਆ ਪਿਆ ਹੈ। ਅਲੋਚਕਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਆਮ ਬੰਦੇ ਲਈ 1 ਹਜ਼ਾਰ ਰੁਪਏ ਦੀ ਵੈਕਸੀਨ ਹੈ। 

ਜਦੋਂਕਿ ਸਰਕਾਰ ਵਾਸਤੇ ਸਿਰਫ਼ 200 ਰੁਪਏ ਦੀ..., ਹੁਣ ਰਾਮਦੇਵ ਨੇ ਤਾਂ ਆਵਦੀ ਕੋਰੋਲਿਨ ਤਿਆਰ ਕਰੀ ਹੋਈ ਹੈ, ਉਹ ਸਰਕਾਰ ਦੀ ਵੈਕਸੀਨ ਕਿਉਂ ਲਗਾਵੇ? ਅਲੋਚਕਾਂ ਤਾਂ ਇਹ ਵੀ ਕਹਿ ਰਹੇ ਨੇ ਕਿ, ਰਾਮਦੇਵ ਵੈਕਸੀਨ ਲਗਵਾਉਣ ਤੋਂ ਡਰਿਆ ਬੈਠਾ ਹੈ, ਕਿ ਕਿਤੇ ਉਹਨੂੰ ਕੁੱਝ ਹੋ ਈ ਨਾ ਜਾਵੇ। ਰਾਮਦੇਵ ਨੇ ਭਾਵੇਂ ਹੀ ਆਪਣੇ ਬਿਆਨ ਵਿੱਚ ਇਹ ਕਹਿ ਦਿੱਤਾ ਹੈ ਕਿ ਉਹ ਕੋਰੋਨਾ ਵੈਕਸੀਨ ਨਹੀਂ ਲਗਵਾਏਗਾ। 

ਪਰ ਦੂਜੇ ਪਾਸੇ ਰਾਮਦੇਵ ਨੇ ਦੂਹਰੀ ਟੁੱਕ ਗੱਲ ਇਹ ਵੀ ਕਹਿ ਦਿੱਤੀ ਹੈ ਕਿ ਉਹ ਇਸ ਵੈਕਸੀਨ ਦਾ ਸਵਾਗਤ ਵੀ ਕਰਦਾ ਹੈ। ਅਲੋਚਕ ਕਹਿੰਦੇ ਹਨ, ਕਿ ਇੱਕ ਪਾਸੇ ਕੋਰੋਨਾ ਵੈਕਸੀਨ ਨੂੰ ਲਗਵਾਉਣ ਤੋਂ ਨਾਂਹ ਕਰਨੀ, ਦੂਜੇ ਪਾਸੇ ਸਵਾਗਤ ਕਰਨਾ, ਕੁੱਝ ਤਾਂ ਗੜਬੜ ਜ਼ਰੂਰ ਹੈ। ਸਰਕਾਰ ਤੋਂ ਡਰ ਵੀ ਰਿਹਾ ਹੈ ਰਾਮਦੇਵ ਅਤੇ ਪੱਲਾ ਵੀ ਛੁਡਾ ਰਿਹਾ ਹੈ। ਰਾਮਦੇਵ ਕਹਿੰਦੈ, ਕਿ ਉਹਨੂੰ ਯੋਗ, ਆਯੁਰਵੇਦ ਅਤੇ ਧਿਆਨ ’ਤੇ ਪੂਰਾ ਭਰੋਸਾ ਹੈ, ਕੋਰੋਨਾ ਵੈਕਸੀਨ ’ਤੇ ਨਹੀਂ।