ਕਿਸਾਨ ਅੰਦੋਲਨ: ਤੱਤੇ ਕਿਸਾਨਾਂ ’ਤੇ ਠੰਢ ਦਾ ਕੀ ਅਸਰ ਹੋਊ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 05 2021 15:50
Reading time: 1 min, 37 secs

ਭਾਵੇਂ ਕਿ ਇਸ ਵੇਲੇ ਅੱਤ ਦੀ ਸਰਦੀ ਪੈ ਰਹੀ ਹੈ ਅਤੇ ਕਈ ਲੋਕ ਘਰਾਂ ਦੇ ਅੰਦਰ ਰਜਾਈਆਂ ਵਿੱਚ ਵੜ੍ਹ ਕੇ ਕਿਸਾਨਾਂ ਨੂੰ ਭੈੜੀਆਂ ਭੈੜੀਆਂ ਗੱਲਾਂ ਕਹਿ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਜੋਸ਼ ਅਤੇ ਗ਼ੁੱਸੇ ਦੇ ਕਾਰਨ, ਕਿਸਾਨਾਂ ਕੋਲੋਂ ਠੰਢ ਵੀ ਦੂਰ ਭੱਜ ਰਹੀ ਹੈ। ਕਿਸਾਨ ਤੱਤੇ ਹੋਏ ਪਏ ਹਨ ਅਤੇ ਕਿਸਾਨਾਂ ’ਤੇ ਇਸ ਵੇਲੇ ਠੰਢ ਦਾ ਭੋਰਾ ਅਸਰ ਨਹੀਂ ਹੋ ਰਿਹਾ। ਕਿਸਾਨਾਂ ਦੇ ਵੱਲੋਂ ਜਦੋਂ ਤੋਂ ਦਿੱਲੀ ਦੇ ਅੰਦਰ ਸੰਘਰਸ਼ ਵਿੱਢਿਆ ਗਿਆ ਹੈ। 

ਉਦੋਂ ਤੋਂ ਲੈ ਕੇ ਹੁਣ ਤੱਕ ਕੇਂਦਰ ਸਰਕਾਰ ਨੇ ਕਿਸਾਨਾਂ ’ਤੇ ਤਰਸ ਨਹੀਂ ਕੀਤਾ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਸਰਕਾਰ ਦੁਆਰਾ ਦਰਕਿਨਾਰ ਕੀਤਾ ਜਾਂਦਾ ਰਿਹਾ ਹੈ। ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਲਿਆ ਕੇ ਮੋਦੀ ਸਰਕਾਰ ਨੇ ਆਪਣੇ ਗਲ ਨੂੰ ਆਪ ਹੀ ਸਿਆਪਾ ਪੁਆ ਲਿਆ ਹੈ ਅਤੇ ਕਿਸਾਨੀ ਸੰਘਰਸ਼ ਨੇ ਮੋਦੀ ਸਰਕਾਰ ਦੀਆਂ ਪੋਲਾਂ ਖੋਲ੍ਹ ਕੇ ਰੱਖ ਦਿੱਤੀਆਂ ਹਨ।

ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਪੂਰੇ ਜਲੌਅ ਉੱਤੇ ਹੈ। ਕਿਸਾਨਾਂ ਅਤੇ ਕਿਰਤੀਆਂ ਸਮੇਤ ਸਮਾਜ ਦੇ ਹਰ ਹਿੱਸੇ ਦੇ ਲੋਕ ਜੰਗੀ ਫੌਜੀਆਂ ਵਾਂਗ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਜਿੱਥੇ ਚਾਲੇ ਪਾ ਰਹੇ ਹਨ। ਉੱਥੇ ਹੀ ਪੋਹ-ਮਾਘ ਦੀਆਂ ਹੱਡ ਚੀਰਦੀਆਂ ਹਵਾਵਾਂ ਅਤੇ ਠੰਡੀਆਂ ਰਾਤਾਂ ਵਿੱਚ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ।

ਕਿਸਾਨ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਅਤੇ ਆਜ਼ਾਦੀ ਤੋਂ ਬਾਅਦ ਪੈਰਾਂ ਸਿਰ ਕਰਨ ਵਿੱਚ ਦੇਸ਼ ਦੇ ਕਿਰਤੀਆਂ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਦੁਸ਼ਮਣ ਦੇਸ਼ਾਂ ਤੋਂ ਰਾਖੀ ਕਰਦਿਆਂ ਆਪਣੀਆਂ ਜਾਨਾਂ ਦੀ ਅਹੂਤੀ ਵੀ ਕਿਰਤੀਆਂ ਦੇ ਨੌਜਵਾਨਾਂ ਨੇ ਹੀ ਦਿੱਤੀ ਹੈ। ਇਸ ਕਰਕੇ ਦੇਸ਼ ਦੇ ਲੋਕ ਲੋਟੂ ਹਾਕਮਾਂ ਦੇ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦੇਣਗੇ।

ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ, ਪਿਛਲੇ ਦਿਨੀਂ ਜਦੋਂ ਭਾਜਪਾਈ ਲੀਡਰਾਂ ਦਾ ਸੰਗਰੂਰ ਵਿੱਚ ਵਿਰੋਧ ਕਰਿਆ ਗਿਆ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਪੁਲਿਸ ਦੁਆਰਾ ਲਾਠੀਚਾਰਜ ਕਰ ਦਿੱਤਾ ਗਿਆ। 

 ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਹ ਹੈ ਅਤੇ ਕਿਸਾਨ ਆਗੂ ਇਸ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਨ। ਕਿਸਾਨ ਆਗੂ ਕਹਿ ਰਹੇ ਹਨ ਕਿ ਕੈਪਟਨ ਹਕੂਮਤ ਵੀ ਮੋਦੀ ਸਰਕਾਰ ਦੀ ਪਿੱਠ ਥਾਪੜਦੀ ਨਜ਼ਰ ਆ ਰਹੀ ਹੈ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ।