ਆਜ਼ਾਦੀ ਦੀ ਲੜ੍ਹਾਈ ਵੇਲੇ ਵੀ, ਅਜਿਹਾ ਹੀ ਅੰਦੋਲਨ ਸ਼ੁਰੂ ਹੋਇਆ ਸੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਮੁਲਕ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ, ਪਰ ਇਸ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੌਂਸਲੇ ਨੂੰ ਵੇਖ ਕੇ, ਦੇਸ਼ ਦਾ ਹਾਕਮ ਘਬਰਾਇਆ ਬੈਠਾ ਹੈ ਅਤੇ ਸੋਚ ਰਿਹਾ ਹੈ, ਕਿ ਮੁਲਕ ਤਾਂ ਸਾਰਾ ਦਿੱਲੀ ਆ ਕੇ ਬੈਠਾ ਹੈ, ਉਹ ਕੀਹਨੂੰ ਸੁਣਾਵੇ, ਹੁਣ ਝੂਠ ਫ਼ਰੇਬ ਦੀ ਗੱਲਬਾਤ? ਮੋਦੀ ਦੀਆਂ ਗੱਲਾਂ ਨੂੰ ਦਰਕਿਨਾਰ ਕਰਦਿਆਂ ਹੋਇਆ, ਕਿਸਾਨਾਂ ਨੇ ਕੜਾਕੇ ਦੀ ਠੰਢ ਵਿੱਚ ਜਿੱਥੇ ਲੰਘੇ ਕੱਲ੍ਹ ਨਵੇਂ ਸਾਲ ਨੂੰ ਨਹੀਂ ਮਨਾਇਆ। 

ਉੱਥੇ ਹੀ ਕੇਂਦਰ ਵਿਚਲੇ ਮੋਦੀ ਨੂੰ ਚੰਗਾ ਕੋਸਿਆ ਅਤੇ ਲਾਹ ਪਾਹ ਕੀਤੀ। ਕਿਉਂਕਿ ਇਹ ਹਾਕਮ ਕਿਸਾਨਾਂ ਦੀਆਂ ਜ਼ਮੀਨਾਂ ਖ਼ੋਹ ਕੇ, ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੈ। ਕਿਸਾਨਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਆਜ਼ਾਦੀ ਵੇਲੇ ਜਿਹੜੀ ਜ਼ਮੀਨ ਸਾਡੇ ਇਨਕਲਾਬੀ ਲੋਕਾਂ ਨੇ ਅੰਗਰੇਜ਼ਾਂ ਦੇ ਨਾਲ ਲੜ੍ਹ ਝਗੜ ਕੇ, ਖ਼ੂਨ ਵਹਾ ਕੇ ਲਈ ਸੀ, ਉਹਨੂੰ ਮੋਦੀ ਖੋਹ ਕੇ, ਆਪਣੇ ਯਾਰਾਂ ਨੂੰ ਖ਼ੁਸ਼ ਕਰਨਾ ਚਾਹੁੰਦੈ।

ਪਰ, ਇਹ ਗੱਲ ਸਾਡੇ ਅੰਨਦਾਤੇ ਅਤੇ ਕਿਰਤੀਆਂ ਨੂੰ ਪਸੰਦ ਨਹੀਂ। ਨੈਸ਼ਨਲ ਟੀਵੀ ਚੈਨਲ ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਆਪਣੇ ਇੱਕ ਟੀਵੀ ਪ੍ਰੋਗਰਾਮ ਦੇ ਜ਼ਰੀਏ ਕਿਹਾ ਸੀ, ਕਿ ਜਿਨ੍ਹਾਂ ਲੋਕਾਂ ਨੇ 1947 ਵੇਲੇ ਦੀ ਆਜ਼ਾਦੀ ਦੀ ਲੜ੍ਹਾਈ ਨਹੀਂ ਵੇਖੀ, ਉਹ ਦਿੱਲੀ ਬਾਰਡਰ ’ਤੇ ਜਾ ਕੇ ਆਜ਼ਾਦੀ ਦੀ ਲੜ੍ਹਾਈ ਵੇਖ ਸਕਦੇ ਹਨ। ਜਿਸ ਪ੍ਰਕਾਰ ਹੁਣ ਲੋਕ ਆਪਣੇ ਹੱਕਾਂ ਦੇ ਲਈ ਦਿੱਲੀ ਬਾਰਡਰ ’ਤੇ ਜੂਨ ਜੁਲਾਈ ਦੀ ਗਰਮੀ ਅਤੇ ਦਸੰਬਰ ਜਨਵਰੀ ਦੀ ਠੰਢ ਦੇ ਵਿੱਚ ਦਿਨ ਕੱਢ ਰਹੇ ਹਨ। 

ਬਿਲਕੁਲ ਇਸੇ ਤਰ੍ਹਾਂ ਹੀ ਆਜ਼ਾਦੀ ਦੀ ਲੜ੍ਹਾਈ ਵੇਲੇ ਵੀ ਲੋਕਾਂ ਨੇ ਦਿਨ ਕੱਟੇ ਸਨ। ਫ਼ਰਕ ਬਸ ਏਨਾ ਹੈ, ਕਿ ਉਦੋਂ ਆਜ਼ਾਦੀ ਗੋਰਿਆਂ ਕੋਲੋਂ ਚਾਹੀਦੀ ਸੀ ਅਤੇ ਹੁਣ ਆਜ਼ਾਦੀ ਕਾਲਿਆਂ ਕੋਲੋਂ ਚਾਹੀਦੀ ਹੈ। ਸਾਡਾ ਮੁਲਕ ਹੀ 1947 ਦੇ ਵਿੱਚ ਆਜ਼ਾਦ ਹੋਇਆ, ਜਦੋਂਕਿ ਏਥੋਂ ਦੇ ਲੋਕ ਹਾਲੇ ਵੀ ਗ਼ੁਲਾਮੀ ਦੀਆਂ ਜੰਜ਼ੀਰਾਂ ਦੇ ਵਿੱਚ ਜਕੜੇ ਪਏ ਹਨ। ਲੋਕਾਂ ਨੂੰ ਗ਼ੁਲਾਮ ਬਣਾ ਕੇ, ਖ਼ੁਸ਼ ਨੇ ਸਮੇਂ ਦੀਆਂ ਸਰਕਾਰਾਂ...!

ਪਰ ਸਰਕਾਰਾਂ ਇਹ ਭੁੱਲ ਚੁੱਕੀਆਂ ਹਨ, ਕਿ ਹਾਲੇ ਵੀ ਉਹ ਲੋਕ ਜਾਗਦੇ ਹਨ, ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਹਨ। ਜਾਗਦੀਆਂ ਜ਼ਮੀਰਾਂ ਵਾਲੇ ਲੋਕ ਕਦੇ ਮਰਦੇ ਨਹੀਂ ਅਤੇ ਆਪਣੇ ਹੱਕਾਂ ਦੇ ਲਈ ਹੀ ਹਮੇਸ਼ਾ ਲੜਦੇ ਹਨ। ਲੇਖ ਦੇ ਦੂਜੇ ਪਹਿਰੇ ਵਿੱਚ ਪੱਤਰਕਾਰ ਰਵੀਸ਼ ਕੁਮਾਰ ਦੇ ਬੋਲਾਂ ਨੇ ਸਭਨਾਂ ਨੂੰ ਇਹ ਸੋਚਣ ਲਈ ਤਾਂ ਮਜ਼ਬੂਰ ਕਰ ਹੀ ਦਿੱਤਾ ਹੋਣਾ ਹੈ ਕਿ, ਵਾਕਿਆਂ ਹੀ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਦੀ ਲੜ੍ਹਾਈ ਇੰਝ ਲੜੀ ਸੀ? ਖ਼ੈਰ, ਇਹ ਆਜ਼ਾਦੀ ਦੀ ਲੜ੍ਹਾਈ ਇੱਕ ਅਜਿਹਾ ਇਤਿਹਾਸ ਰਚ ਕੇ ਜਾਵੇਗੀ, ਜੋ ਆਉਣ ਵਾਲੇ ਕਈ ਸਾਲਾਂ ਤੱਕ ਵੀ ਇਤਿਹਾਸ ਮਿੱਟ ਨਹੀਂ ਸਕੇਗਾ। 47 ਵੇਲਾ ਜਿਹੜੇ ਲੋਕ ਭੁੱਲੇ ਹਨ, ਉਨ੍ਹਾਂ ਨੂੰ ਨਹੀਂ ਪਤਾ ਕਿ, ਅਸੀਂ ਕੀ ਖੋਹ ਲਿਆ ਅਤੇ ਕੀ ਪਾ ਲਿਆ?