ਬਾਬੇ ਬਕਾਲੇ ਤੋਂ 100 ਟਰਾਲੀਆਂ ਰਾਸ਼ਨ ਤੇ ਬਾਲਣ ਨਾਲ ਦਿੱਲੀ ਧਰਨੇ ਲਈ ਰਵਾਨਾ

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦਾ ਧਰਨਾ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਹੈ। ਕਿਸਾਨਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਕਿ ਮੋਦੀ ਸਰਕਾਰ ਨਵੇਂ ਲਿਆਂਦੇ ਕਿਸਾਨ ਤੇ ਲੋਕ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਪਰ ਮੋਦੀ ਸਰਕਾਰ ਟੱਸ ਤੋਂ ਮੱਸ ਹੋਣ ਦਾ ਨਾਂਅ ਨਹੀਂ ਲੈ ਰਹੀ। ਕਿਸਾਨਾਂ ਦਾ ਗੁੱਸਾ ਦਿਨ ਪ੍ਰਤੀ ਦਿਨ ਸਰਕਾਰ ਦੇ ਵਿਰੁੱਧ ਵਧਦਾ ਜਾ ਰਿਹਾ ਹੈ। ਕਿਸਾਨਾਂ ਨੂੰ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਬਲ ਮਿਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਦੇ ਅੰਦਰੋਂ ਸ਼ੁਰੂ ਹੋਇਆ ਸੰਘਰਸ਼ ਇਸ ਵੇਲੇ ਦੇਸ਼ ਦੁਨੀਆਂ ਤਕ ਪਹੁੰਚ ਚੁੱਕਿਆ ਹੈ। ਪੰਜਾਬ ਸਮੇਤ ਦੇਸ਼ ਭਰ ਵਿੱਚੋਂ ਇਸ ਵੇਲੇ ਲੱਖਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਚੁੱਕੇ ਹਨ। ਦੂਜੇ ਪਾਸੇ ਮਾਝੇ ਅਤੇ ਮਾਲਵੇ ਵਿੱਚੋਂ ਰੋਜ਼ਾਨਾ ਹੀ ਸੈਂਕੜੇ ਟਰਾਲੀਆਂ ਦੇ ਨਾਲ ਕਿਸਾਨਾਂ ਦੇ ਵੱਡੇ ਜਥੇ ਦਿੱਲੀ ਪਹੁੰਚ ਵੀ ਰਹੇ ਹਨ। ਦੱਸਦੇ ਚੱਲੀਏ ਕਿ ਅੱਜ ਬਾਬਾ ਬਕਾਲਾ ਤੋਂ ਕਰੀਬ 100 ਟਰਾਲੀਆਂ ਦਾ ਵੱਡਾ ਜਥਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਦਿੱਲੀ ਧਰਨੇ ਲਈ ਰਵਾਨਾ ਹੋਇਆ। ਕਿਸਾਨਾਂ ਦੇ ਵੱਲੋਂ ਜਿਥੇ ਰਾਸ਼ਨ ਅਤੇ ਬਾਲਣ ਦੇ ਨਾਲ ਕਈ ਟਰਾਲੀਆਂ ਭਰੀਆਂ ਹੋਈਆਂ ਸਨ ਅਤੇ ਕਈ ਟਰਾਲੀਆਂ ਵਿੱਚ ਕਿਸਾਨ ਮਜ਼ਦੂਰ ਬੈਠੇ ਸਨ। ਕਿਸਾਨਾਂ ਮਜ਼ਦੂਰਾਂ ਦਾ ਕਹਿਣਾ ਸੀ ਕਿ ਉਹ ਹੁਣ ਦਿੱਲੀ ਤੋਂ ਉਦੋਂ ਹੀ ਵਾਪਸ ਆਉਣਗੇ, ਜਦੋਂ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰ ਦੇਵੇਗੀ। ਕਿਸਾਨਾਂ ਮਜ਼ਦੂਰਾਂ ਦਾ ਕਹਿਣਾ ਸੀ ਕਿ ਜੇਕਰ ਮੋਦੀ ਸਰਕਾਰ ਨੇ ਅੜੀ ਕੀਤੀ ਹੋਈ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਤਾਂ ਕਿਸਾਨਾਂ ਦੀ ਵੀ ਅੜੀ ਹੈ ਕਿ ਉਹ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮਾਝੇ ਇਲਾਕੇ ਤੋਂ ਕਰੀਬ 400 ਟਰਾਲੀਆਂ ਦਾ ਜਥਾ, ਇਸ ਵਕਤ ਦਿੱਲੀ ਧਰਨੇ ਵਿੱਚ ਪਹੁੰਚ ਚੁੱਕਿਆ ਹੈ ਅਤੇ ਪੰਜਾਬ ਤੋਂ ਹਾਲੇ ਵੀ ਲੱਖਾਂ ਕਿਸਾਨ ਧਰਨੇ ਵਿੱਚ ਪਹੁੰਚ ਰਹੇ ਹਨ। ਪੰਧੇਰ ਦਾ ਕਹਿਣਾ ਸੀ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਨੂੰ ਰੱਦ ਨਹੀਂ ਕਰਦੀ, ਉਹ ਧਰਨਾ ਸਮਾਪਤ ਨਹੀਂ ਕਰਨਗੇ। ਅੱਜ ਬਾਬਾ ਬਕਾਲਾ ਤੋਂ ਰਾਸ਼ਨ ਤੇ ਬਾਲਣ ਨਾਲ ਭਰੀਆਂ ਟਰਾਲੀਆਂ ਰਵਾਨਾ ਕਰਨ ਮੌਕੇ ਅਜੀਤ ਸਿੰਘ ਠੱਠੀਆਂ, ਚਰਨ ਸਿੰਘ ਕਲੇਰ ਘੁਮਾਣ, ਸੰਤੋਖ ਸਿੰਘ ਬਤਾਲਾ, ਜੋਗਿੰਦਰ ਸਿੰਘ ਵਦਾਦਪੁਰ, ਕਰਮ ਸਿੰਘ ਬਲ ਸਰਾਂ, ਕੁਲਦੀਪ ਸਿੰਘ ਜੋਧੇ ਪ੍ਰਧਾਨ, ਰੇਸ਼ਮ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ ਸ਼ਾਹ, ਹਰਿੰਦਰਪਾਲ ਸਿੰਘ ਮਿੰਟਾ, ਬਲਜਿੰਦਰ ਸਿੰਘ ਗਾਜੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।