ਹੱਡ ਚੀਰਵੀਂ ਠੰਢ 'ਚ ਮਗਦਾ ਕਿਸਾਨ ਅੰਦੋਲਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਗੋਦੀ ਮੀਡੀਏ ਦੁਆਰਾ ਫ਼ੈਲਾਇਆ ਜਾ ਰਿਹਾ ਝੂਠ ਅਸੀਂ ਨਹੀਂ ਵਿਖਾਉਦੇ ਅਤੇ ਨਾ ਹੀ ਸਰਕਾਰ ਦਾ ਪੱਖ ਪੂਰਦੇ ਹਾਂ। ਕਿਸਾਨ ਅੰਦੋਲਨ ਸਿਖ਼ਰਾਂ 'ਤੇ ਹੈ ਅਤੇ ਢਾਹ ਲਗਾਉਣ ਦੀ ਜੋ ਤਿਆਰੀ ਗੋਦੀ ਮੀਡੀਆ ਅਤੇ ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਕੀਤੀ ਜਾ ਰਹੀ ਹੈ, ਉਸ ਨੂੰ ਕਿਸਾਨ ਕਾਮਯਾਬ ਨਹੀਂ ਹੋਣ ਦੇਣਗੇ। ਕਿਉਂਕਿ ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨੀ ਮੋਰਚਾ ਦਿਨ ਪ੍ਰਤੀ ਦਿਨ ਮਗ ਰਿਹਾ ਹੈ। ਕਿਸਾਨਾਂ ਦੇ ਵਿੱਚ ਏਨਾ ਜ਼ਿਆਦਾ ਜੋਸ਼ ਭਰ ਚੁੱਕਿਆ ਹੈ, ਕਿ ਹਨ੍ਹੇਰੀਆਂ ਰਾਤਾਂ ਵੀ ਕਿਸਾਨ ਕੋਲੋਂ ਡਰਨ ਲੱਗ ਪਈਆਂ ਹਨ।

ਪਿਛਲੇ ਦਿਨੀਂ ਪਈ ਬਰਸਾਤ ਨੇ, ਬੇਸ਼ੱਕ ਠੰਢ ਵਿੱਚ ਚੋਖ਼ਾ ਵਾਧਾ ਕਰ ਦਿੱਤਾ ਹੈ ਅਤੇ ਪਾਰਾ ਵੀ ਬਹੁਤ ਜ਼ਿਆਦਾ ਥੱਲੇ ਡਿੱਗ ਪਿਆ ਹੈ, ਇਸੇ ਹੱਡ ਚੀਰਵੀਂ ਠੰਢ ਦੇ ਵੇਲੇ ਵਿੱਚ ਕਿਸਾਨੀ ਮੋਰਚਾ ਏਨਾ ਜ਼ਿਆਦਾ ਗਰਮ ਹੋ ਚੁੱਕਿਆ ਹੈ, ਕਿ ਹਾਕਮ ਵੀ ਵੇਖ ਕੇ ਕੰਬ ਰਹੇ ਹਨ। ਦਰਅਸਲ, ਮੋਦੀ ਸਰਕਾਰ ਦੁਆਰਾ ਕਿਸਾਨ ਅਤੇ ਲੋਕ ਮਾਰੂ ਖੇਤੀ ਸਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਵਿਰੁੱਧ ਪਿਛਲੇ ਕਰੀਬ ਚਾਰ ਮਹੀਨੇ ਤੋਂ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।

ਕਿਸਾਨ ਅੰਦੋਲਨ ਨੂੰ ਬੇਸ਼ੱਕ ਕੋਈ ਬਾਹਰੀ ਤਾਕਤ ਹੱਲਾਸ਼ੇਰੀ ਨਹੀਂ ਦੇ ਰਹੀ। ਪਰ, ਕੇਂਦਰੀ ਹਾਕਮ ਅਤੇ ਗੋਦੀ ਮੀਡੀਆ ਲਗਾਤਾਰ ਕਿਸਾਨ ਅੰਦੋਲਨ ਨੂੰ ਪਾਕਿਸਤਾਨ ਅਤੇ ਚੀਨ ਦੇ ਨਾਲ ਜੋੜ ਰਿਹਾ ਹੈ। ਕਿਸਾਨਾਂ ਦਾ ਸਾਫ਼ ਅਤੇ ਸਿੱਧੇ ਸ਼ਬਦਾਂ ਵਿੱਚ ਇਹ ਹੀ ਕਹਿਣਾ ਹੈ ਕਿ ਕਿਸਾਨ ਅੰਦੋਲਨ ਸਿਰਫ਼ ਕਿਸਾਨਾਂ ਦਾ ਹੀ ਹੈ, ਇਸ ਦੇ ਨਾਲ ਖਾਲਿਸਤਾਨ ਜਾਂ ਫਿਰ ਚੀਨ ਪਾਕਿਸਤਾਨ ਦਾ ਕੋਈ ਲੈਣਾ ਦੇਣਾ ਨਹੀਂ।

ਕਿਉਂਕਿ ਕਿਸਾਨ ਨੂੰ ਸਿਰਫ਼ ਕਿਸਾਨੀ ਖਿੱਤੇ ਦੇ ਨਾਲ ਮਤਲਬ ਹੈ, ਕੋਈ ਕੀ ਕਰ ਰਿਹਾ ਹੈ, ਇਸ ਬਾਰੇ ਕਿਸਾਨ ਕੁੱਝ ਨਹੀਂ ਸੋਚ ਰਿਹਾ। ਦੱਸਦੇ ਦਈਏ ਕਿ ਪੰਜਾਬ ਤੋਂ ਸ਼ੁਰੂ ਹੋਇਆ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼, ਇਸ ਵਕਤ ਪੂਰੇ ਮੁਲਕ ਵਿੱਚ ਫੈਲ ਚੁੱਕਿਆ ਹੈ। ਪੰਜਾਬ ਦੀਆਂ ਕਰੀਬ 30 ਜਥੇਬੰਦੀਆਂ ਅਤੇ ਦੇਸ਼ ਭਰ ਦੀਆਂ ਕਰੀਬ ਸਾਢੇ 500 ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ।

ਦੱਸਣਾ ਇਹ ਵੀ ਬਣਦਾ ਹੈ ਕਿ ਦਿੱਲੀ ਬਾਰਡਰ 'ਤੇ ਤਾਂ ਕਰੋੜਾਂ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ, ਪਰ ਦੂਜੇ ਪਾਸੇ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਹੱਡ ਚੀਰਵੀਂ ਠੰਢ ਬਾਵਜੂਦ ਖੇਤੀ ਕਾਨੂੰਨ ਰੱਦ ਕਰਨ ਦੇ ਆਕਾਸ਼ ਗੁੰਜਾਊ ਨਾਅਰੇ ਗੂੰਜਦੇ ਰਹੇ। ਇਹ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਵਟਣ ਦੀ ਮਿਸਾਲ ਬਣ ਗਿਆ ਹੈ। ਹਰ ਆਏ ਦਿਨ ਹੋਰ ਮਿਹਨਤਕਸ਼ ਤਬਕੇ ਇਸ ਸੰਘਰਸ਼ ਦੀ ਢਾਲ ਤੇ ਤਲਵਾਰ ਬਣ ਰਹੇ ਹਨ।