'ਨਰਿੰਦਰ ਮੋਦੀ ਰਾਜ ਕਰ, ਨਾ ਸਾਨੂੰ ਬਰਬਾਦ ਕਰ'। !! (ਨਿਊਜ਼ਨੰਬਰ ਖ਼ਾਸ ਖ਼ਬਰ)

'ਨਰਿੰਦਰ ਮੋਦੀ ਰਾਜ ਕਰ, ਨਾ ਸਾਨੂੰ ਬਰਬਾਦ ਕਰ'! ਇਹ ਨਾਅਰਾ ਕੱਲ੍ਹ ਜੰਮੂ ਕਸ਼ਮੀਰ ਦੀਆਂ ਸੜਕਾਂ 'ਤੇ ਗੂਜਿਆਂ। ਕਿਸਾਨਾਂ ਦੇ ਹੱਕ ਵਿੱਚ ਜੰਮੂ ਕਸ਼ਮੀਰ ਵਿਚਲੇ ਲੋਕਾਂ ਨੇ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਦੀ ਚੰਗੀ ਲਾਹ ਪਾਹ ਕੀਤੀ। ਜੰਮੂ ਕਸ਼ਮੀਰ ਦੇ ਵਿੱਚ ਕਰੀਬ ਡੇਢ ਸਾਲ ਮਗਰੋਂ ਏਨਾ ਵੱਡਾ ਮੁਜ਼ਾਹਰਾ ਕਿਸੇ ਤਬਕੇ ਦੇ ਵੱਲੋਂ ਕੀਤਾ ਗਿਆ ਹੈ। ਕਿਉਂਕਿ ਜਦੋਂ ਤੋਂ ਕੇਂਦਰ ਦੀ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਅਤੇ 35-ਏ ਹਟਾਈ ਹੈ, ਉਦੋਂ ਤੋਂ ਲੈ ਕੇ ਹੀ ਜੰਮੂ ਕਸ਼ਮੀਰ ਦੇ ਵਿੱਚ ਕੋਈ ਵੀ ਪ੍ਰਦਰਸ਼ਨ ਨਹੀਂ ਹੋ ਸਕਿਆ।

ਲੰਘੇ ਕੱਲ੍ਹ ਜੰਮੂ ਕਸ਼ਮੀਰ ਵਿਚਲੀ ਸਿਆਸੀ ਪਾਰਟੀ ਪੀਡੀਪੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਘਰ ਤੋਂ ਨਿਕਲਣ ਨਹੀਂ ਦਿੱਤਾ, ਉਹ ਬਡਗਾਮ ਜਾਣਾ ਚਾਹੁੰਦੀ ਸੀ। ਪ੍ਰਸ਼ਾਸਨ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਘਰੋਂ ਨਿਕਲਣ ਤੋਂ ਰੋਕ ਦਿੱਤਾ, ਜਦੋਂਕਿ ਕਿਸਾਨਾਂ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਕਸ਼ਮੀਰੀਆਂ ਨੇ ਪ੍ਰਦਰਸ਼ਨ ਕੀਤਾ, ਉਨ੍ਹਾਂ ਨੂੰ ਵੀ ਰਸਤਿਆਂ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ, ਪਰ ਸੰਘਰਸ਼ੀ ਲੋਕ ਅੱਗੇ ਵੱਧਦੇ ਰਹੇ ਅਤੇ ਨਾਅਰੇ ਲਗਾਉਂਦੇ ਰਹੇ, ਕਿ 'ਨਰਿੰਦਰ ਮੋਦੀ ਰਾਜ ਕਰ, ਨਾ ਸਾਨੂੰ ਬਰਬਾਦ ਕਰ'।

ਦਰਅਸਲ, ਕੱਲ੍ਹ ਭਾਰਤ ਬੰਦ ਦੇ ਸੱਦੇ 'ਤੇ ਜਿੱਥੇ ਪੂਰਾ ਮੁਲਕ ਬੰਦ ਰਿਹਾ, ਉੱਥੇ ਹੀ ਭਾਰਤ ਬੰਦ ਦਾ ਅਸਰ ਸਭ ਤੋਂ ਵੱਧ ਪੰਜਾਬ ਸਮੇਤ, ਉੱਤਰ ਭਾਰਤ ਦੇ ਸੂਬਿਆਂ ਅਤੇ ਦਿੱਲੀ ਤੋਂ ਲੈ ਕੇ ਬੰਗਾਲ ਅਤੇ ਯੂ. ਪੀ. ਤੋਂ ਲੈ ਕੇ ਕਰਨਾਟਕ ਤੱਕ ਦਿੱਸਿਆ। ਦਰਜਨਾਂ ਹੀ ਸਿਆਸੀ ਪਾਰਟੀਆਂ ਨੇ ਵੀ ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤੇ ਅਤੇ ਕਈ ਥਾਈਂ ਮੁਜ਼ਾਹਰੇ ਵੀ ਕੀਤੇ। ਖੇਤੀ ਕਾਨੂੰਨਾਂ ਦੇ ਵਿਰੁੱਧ ਭਾਰਤ ਵਿੱਚ ਕਈ ਜਗ੍ਹਾਵਾਂ 'ਤੇ ਰੇਲਾਂ ਵੀ ਰੋਕੀਆਂ ਗਈਆਂ ਅਤੇ ਕਈ ਜਗ੍ਹਾਵਾਂ 'ਤੇ ਟਾਇਰ ਵੀ ਫੂਕੇ ਗਏ।

ਖ਼ਬਰਾਂ ਦੇ ਮੁਤਾਬਿਕ, ਜੰਮੂ ਕਸ਼ਮੀਰ ਦੇ ਅੰਦਰ ਵੀ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਹਜ਼ਾਰਾਂ ਭਾਰਤੀ ਕਿਸਾਨਾਂ ਵਲੋਂ ਬੁਲਾਏ ਰਾਸ਼ਟਰ ਵਿਆਪੀ ਬੰਦ ਦਾ ਅਸਰ ਰਿਹਾ। ਇੱਥੇ ਵੱਖ-ਵੱਖ ਦਲਾਂ ਦੇ ਵਰਕਰਾਂ ਨੇ ਜੰਮੂ-ਪਠਾਨਕੋਟ ਹਾਈਵੇਅ ਨੂੰ ਬੰਦ ਕਰ ਦਿੱਤਾ। ਲੋਕ ਸੜਕਾਂ 'ਤੇ ਟਰੈਕਟਰ ਅਤੇ ਗੱਡੀਆਂ ਲੈ ਕੇ ਨਿਕਲੇ। ਉਨ੍ਹਾਂ ਦੇ ਹੱਥਾਂ ਵਿੱਚ ਬੈਨਰ ਫੜ੍ਹੇ ਹੋਏ ਸਨ, ਜਿਸ 'ਤੇ ਲਿਖਿਆ ਸੀ- ਨਰਿੰਦਰ ਮੋਦੀ ਰਾਜ ਕਰ, ਨਾ ਸਾਨੂੰ ਬਰਬਾਦ ਕਰ। ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਬੈਨਰ ਫੜ੍ਹ ਕੇ ਨਾਅਰੇਬਾਜ਼ੀ ਕੀਤੀ।

ਦੱਸਣਾ ਬਣਦਾ ਹੈ, ਕਿ ਇੱਕ ਪਾਸੇ ਤਾਂ ਕਿਸਾਨਾਂ ਦੇ ਰੋਹ ਨੂੰ ਖ਼ਤਮ ਕਰਨ ਦੇ ਲਈ ਹਾਕਮ ਨਿੱਤ ਨਵੀਆਂ ਚਾਲਾਂ ਚੱਲ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੰਘਰਸ਼ੀ ਕਿਸਾਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਆਖ ਕੇ ਗੋਦੀ ਮੀਡੀਆ ਅਤੇ ਮੋਦੀ ਦੇ ਫ਼ੀਲੇ ਬੁਲਾ ਰਹੇ ਹਨ। ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਤੇ 35-ਏ ਖ਼ਤਮ ਕਰਨ ਤੋਂ ਬਾਅਦ ਹਾਕਮ ਧਿਰ ਨੇ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਅੰਦਰ ਲਿਆਂਦਾ, ਜਿਨ੍ਹਾਂ ਦਾ ਸਭ ਤੋਂ ਵੱਧ ਵਿਰੋਧ ਹੋਇਆ। ਹੁਣ ਖੇਤੀ ਕਾਨੂੰਨ ਲਿਆ ਕੇ, ਸਮੂਹ ਦੇਸ਼ ਵਾਸੀਆਂ ਨੂੰ ਕੁਚਲਨ ਦਾ ਕੰਮ ਹਾਕਮ ਕਰ ਰਹੇ ਹਨ।