ਮੱਝ ਮੂਹਰੇ ਚੱਲ ਬੀਨ ਵਜਾ, ਉੱਠ ਕਿਸਾਨਾ ਹਾਕਮ ਨੂੰ ਜਗਾ! (ਵਿਅੰਗ)

ਸਿਆਣਿਆਂ ਦੇ ਬੋਲ ਸਨ, ਕਿ ''ਏਸ ਮੱਝ ਅੱਗੇ ਕੋਈ ਬੀਨ ਵਜਾਊ ਤਾਂ ਜੋ ਏਹਨੂੰ ਪਤਾ ਲੱਗੇ ਕਿ ਬਾਹਰ ਕੀ ਹੋ ਰਿਹੈ''? ਸਿਆਣਿਆਂ ਨੇ ਇਹ ਬੋਲ ਉਦੋਂ ਬੋਲੇ ਸਨ, ਜਦੋਂ ਉਨ੍ਹਾਂ ਦੀ ਕੋਈ ਸੁਣਨ ਵਾਲਾ ਨਹੀਂ ਸੀ। ਰੌਲੇ ਪਾਉਂਦੇ ਰਹੇ, ਪਰ ਕਿਸੇ ਇੱਕ ਨਾ ਸੁਣੀ। ਵੈਸੇ, ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਕਿਉਂਕਿ ਮੋਟੀ ਚੱਮੜੀ ਵਿੱਚੋਂ ਬੀਨ ਦੀ ਆਵਾਜ਼ ਵੀ ਮੱਝ ਤੱਕ ਨਹੀਂ ਪਹੁੰਚਦੀ। ਮੱਝ ਵੀ ਵਿਚਾਰੀ ਕੀ ਕਰੇ, ਕੁਦਰਤ ਦਾ ਭੇਜਿਆ ਹੋਇਆ ਜਾਨਵਰ ਹੈ।

ਪਰ, ਵੇਖਿਆ ਜਾਵੇ ਤਾਂ, ਅੱਜ ਕੱਲ੍ਹ ਦੇ ਕਈ ਹਾਕਮ ਵੀ ਮੱਝਾਂ ਵਰਗੇ ਬਣੇ ਪਏ ਨੇ। ਜਿਨ੍ਹਾਂ ਨੂੰ ਬਾਹਰ ਦੀ ਆਵਾਜ਼ ਕੋਈ ਸੁਣਾਈ ਨਹੀਂ ਦਿੰਦੀ। ਜਿੰਨਾ ਮਰਜ਼ੀ ਕੋਈ ਰੌਲਾ ਪਾਈ ਜਾਵੇ, ਏਨਾ ਦੀ ਸਿਹਤ 'ਤੇ ਕੋਈ ਅਸਰ ਨਹੀਂ। ਦਰਅਸਲ, ਸਾਡੇ ਦੇਸ਼ ਦਾ ਕਿਸਾਨ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਿਹਾ ਹੈ ਅਤੇ ਕਿਸਾਨ ਮੰਗ ਕਰ ਰਹੇ ਹਨ ਕਿ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕੀਤੇ ਜਾਣ, ਕਿਉਂਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਹਨ।

ਸਰਕਾਰ, ਕਿਸਾਨਾਂ ਦੀ ਮੰਗ ਨੂੰ ਦੁਰਕਿਨਾਰ ਕਰਦਿਆਂ ਹੋਇਆ, ਆਪਣੇ ਕਾਰਪੋਰੇਟ ਮਿੱਤਰਾਂ ਨੂੰ ਖ਼ੁਸ਼ ਕਰਨ 'ਤੇ ਲੱਗੀ ਹੋਈ ਹੈ। ਦੱਸਣਾ ਬਣਦਾ ਹੈ, ਕਿ ਕਿਸਾਨ ਚਾਰ ਮਹੀਨਿਆਂ ਤੋਂ ਰੌਲਾ ਪਾ ਰਹੇ ਹਨ, ਲੋਕ ਪੱਖੀ ਮੀਡੀਆ ਕਿਸਾਨਾਂ ਦੀ ਫੁੱਲ ਕਵਰੇਜ਼ ਵਿਖਾ ਰਿਹਾ ਹੈ, ਪਰ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਹੀ ਨਹੀਂ ਦੇ ਰਹੀ। ਕਿਸਾਨਾਂ ਨੂੰ ਇਸ ਤਰ੍ਹਾ ਹਾਕਮ ਪਿਛਾ ਸੁੱਟ ਰਹੇ ਹਨ, ਜਿਵੇਂ ਇਹ ਕਿਸਾਨ ਕਿਸੇ ਹੋਰ ਮੁਲਕ ਤੋਂ ਆ ਕੇ ਭਾਰਤ ਦੇ ਅੰਦਰ ਪ੍ਰਦਰਸ਼ਨ ਕਰ ਰਹੇ ਹੋਣ।

ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਲੰਘੇ ਕੱਲ੍ਹ ਇੱਕ ਖ਼ਬਰ ਸਾਹਮਣੇ ਆਈ ਕਿ, ਨੋਇਡਾ ਵਿਖੇ ਕਿਸਾਨਾਂ ਨੇ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਗੇ ਜਾਣ ਖ਼ਿਲਾਫ਼ ਵਿਅੰਗਮਈ ਪ੍ਰਦਰਸ਼ਨ ਕਰਦਿਆਂ ਮੱਝ ਮੂਹਰੇ ਬੀਨ ਵਜਾ ਵਿਰੋਧ ਪ੍ਰਗਟਾਇਆ। ਨੋਇਡਾ ਵਿਖੇ ਕੀਤੇ ਗਏ ਇਸ ਅਨੋਖੇ ਪ੍ਰਦਰਸ਼ਨ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।