ਕਾਫ਼ਲਾ ਵੱਧ ਰਿਹਾ ਐ, ਓ ਸਿਰ ਝੁਕਾ ਰਹੇ ਨੇ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 29 2020 18:21
Reading time: 1 min, 54 secs

ਦਿੱਲੀ ਦਰਬਾਰ ਵੱਲ ਨੂੰ ਲਗਾਤਾਰ ਕਾਫ਼ਲੇ ਵੱਧ ਰਹੇ ਹਨ। ਕਿਸਾਨਾਂ ਦਾ ਰੋਹ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪੰਜਾਬ ਸਮੇਤ ਦੇਸ਼ ਦੀ ਧਰਤੀ ਤੋਂ ਵੱਖੋਂ ਵੱਖਰੇ ਝੰਡੇ ਲੈ ਕੇ ਪਹੁੰਚੇ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਦਰਵਾਜੇ 'ਤੇ ਪਹੁੰਚ ਕੇ, ਇੱਕੋ ਹੀ ਮੰਗ ਰੱਖੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਖੇਤੀ ਕਾਨੂੰਨ ਰੱਦ ਕੀਤੇ ਜਾਣ, ਨਹੀਂ ਤਾਂ, ਕਿਸਾਨ ਉਦੋਂ ਤੱਦ ਸੰਘਰਸ਼ ਜਾਰੀ ਰੱਖਣਗੇ, ਜਦੋਂ ਤੱਕ ਇਹ ਕਿਸਾਨ ਅਤੇ ਲੋਕ ਮਾਰੂ ਖੇਤੀ ਕਾਨੂੰਨ ਮੋਦੀ ਸਰਕਾਰ ਵਾਪਸ ਨਹੀਂ ਲੈਂਦੀ। ਪਰ ਦੂਜੇ ਪਾਸੇ ਮੋਦੀ ਸਿਰ ਝੁਕਾਉਣ ਨੂੰ ਰਾਜ਼ੀ ਨਹੀਂ ਹੈ।

ਕਾਫ਼ਲੇ ਜੋ ਇਸ ਵਕਤ ਹਰਿਆਣੇ ਦੇ ਬਾਰਡਰਾਂ ਨੂੰ ਤੋੜ ਕੇ, ਦਿੱਲੀ ਤੱਕ ਪਹੁੰਚ ਚੁੱਕੇ ਹਨ, ਉਨ੍ਹਾਂ ਕਾਫ਼ਲਿਆਂ ਨੂੰ ਰੋਕਣ ਵਾਸਤੇ ਮੋਦੀ ਹਕੂਮਤ ਦੇ ਵੱਲੋਂ ਸੀਪੀਆਰਪੀਐਫ਼ ਤੋਂ ਇਲਾਵਾ ਹੋਰ ਫ਼ੌਜ ਅਤੇ ਪੁਲਿਸ ਬਲ ਤਾਇਨਾਤ ਕੀਤੀ ਹੋਈ ਹੈ। ਪੁਲਿਸ ਦੇ ਵੱਲੋਂ ਲਗਾਤਾਰ ਕਿਸਾਨਾਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਫ਼ੌਜ ਅਤੇ ਪੁਲਿਸ ਕਿਸਾਨਾਂ 'ਤੇ ਜਿੱਥੇ ਲਾਠੀਆਂ ਵਰ੍ਹਾ ਰਹੀ ਹੈ, ਉੱਥੇ ਹੀ ਦਿਆਲੂ ਕਿਸਾਨ ਪੁਲਿਸ ਅਤੇ ਫ਼ੌਜ ਨੂੰ ਲੰਗਰ ਪਾਣੀ ਛਕਾ ਕੇ, ਆਪਣਾ ਫ਼ਰਜ਼ ਅਦਾ ਕਰ ਰਹੇ ਹਨ।

ਜਾਣਕਾਰੀ ਲਈ ਦੱਸ ਦਈਏ ਕਿ, ਲੰਘੀ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਫ਼ੋਨ ਕਰਕੇ ਬਰਾੜੀ ਪਾਰਕ ਵਿੱਚ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ ਕੀਤੀ। ਇਸ ਅਪੀਲ ਨੂੰ ਉਗਰਾਹਾਂ ਨੇ ਰੱਦ ਕਰਦਿਆਂ ਜੰਤਰ ਮੰਤਰ ਉੱਤੇ ਹੀ ਪ੍ਰਦਰਸ਼ਨ ਕਰਨ ਦਾ ਖੋਹਿਆ ਹੱਕ ਬਹਾਲ ਕਰਨ ਦੀ ਮੰਗ ਕੀਤੀ। ਉਗਰਾਹਾਂ ਨੇ ਐਲਾਨ ਕੀਤਾ ਕਿ, ਉਹ ਜਾਣਗੇ ਤਾਂ ਦਿੱਲੀ ਹੀ ਜਾਣਗੇ, ਨਹੀਂ ਤਾਂ, ਸਾਰੇ ਰਸਤੇ ਬੰਦ ਕਰ ਦੇਣਗੇ।

ਉਗਰਾਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੇ ਅੰਤਿਮ ਨਿਪਟਾਰੇ ਤੱਕ ਸੰਘਰਸ਼ ਜਾਰੀ ਰੱਖਣਗੇ। ਉਗਰਾਹਾਂ ਨੇ ਕਿਹਾ ਉਨ੍ਹਾਂ ਦੇ ਕਾਫਲੇ ਵਿੱਚ ਹਜ਼ਾਰਾਂ ਔਰਤਾਂ ਤੇ ਨੌਜਵਾਨਾਂ ਸਮੇਤ ਜਿਵੇਂ ਲੱਖਾਂ ਕਿਸਾਨ ਪਹੁੰਚੇ ਹਨ, ਇਸ ਹਾਲਤ ਵਿੱਚ ਉਹ ਦਿੱਲੀ ਦੀ ਘੇਰਾਬੰਦੀ ਕਰਨ ਦੇ ਸਮਰੱਥ ਹਨ, ਪਰ ਆਮ ਲੋਕਾਂ ਨੂੰ ਆਉਣ ਵਾਲੀਆਂ ਭਾਰੀ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦਿਆ ਉਹ ਦਿੱਲੀ ਦੇ ਅੰਦਰ ਜੰਤਰ ਮੰਤਰ ਉੱਤੇ ਹੀ ਪੱਕਾ ਮੋਰਚਾ ਲਗਾਉਣਗੇ।

ਉਨ੍ਹਾਂ ਮੁਲਕ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਵਿਚਲੇ ਪੱਕੇ ਮੋਰਚੇ ਦਾ ਸਾਥ ਦੇਣ ਲਈ ਵੱਧ ਚੜ੍ਹ ਕੇ ਸ਼ਾਮਲ ਹੋਣ। ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ, ਉਹ ਦਿੱਲੀ ਵੱਲ ਕੂਚ ਕਰਨ ਵਾਲੀ ਲੜੀ ਨੂੰ ਟੁੱਟਣ ਨਾ ਦੇਣ। ਉਨ੍ਹਾਂ ਪੇਂਡੂ ਖੇਤ ਮਜ਼ਦੂਰਾਂ ਅਤੇ ਸ਼ਹਿਰੀ ਗਰੀਬਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰੀਆਂ ਤੇਜ਼ ਕਰ ਲੈਣ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਿੱਥੇ ਸਾਰੇ ਕਾਲੇ ਕਾਨੂੰਨ ਰੱਦ ਕਰਵਾਉਣਾ ਤੋਂ ਮਗਰੋਂ ਹੀ ਸੰਘਰਸ਼ ਨੂੰ ਵਾਪਸ ਲਿਆ ਜਾਵੇਗਾ।