ਅੜੀ ਨਹੀਂ ਛੱਡਦਾ ਮੋਦੀ, ਮਨ ਕੀ ਬਾਤ 'ਚ ਫਿਰ ਗਿਣਾਏ ਖੇਤੀ ਕਾਨੂੰਨਾਂ ਦੇ ਫ਼ਾਇਦੇ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 29 2020 18:19
Reading time: 1 min, 54 secs

ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੇਸ਼ੱਕ ਆਪਣੇ ਮਨ ਕੀ ਬਾਤ ਦੇ ਵਿੱਚ ਆਪਣੇ ਹੀ ਮਨ ਦੀ ਗੱਲ ਕਰਦਾ ਹੈ, ਪਰ ਮੋਦੀ ਕਦੇ ਵੀ ਉਸ ਭੋਲੀ ਭਾਲੀ ਜਨਤਾ ਦੀ ਮਨ ਕੀ ਬਾਤ ਨਹੀਂ ਸੁਣਦਾ, ਜਿਸ ਨੇ ਵੋਟਾਂ ਪਾ ਕੇ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਇਆ ਹੈ। ਮੋਦੀ ਦੀ ਮਨ ਕੀ ਬਾਤ ਭਾਰਤ ਦੇ ਕਰੋੜਾਂ ਲੋਕਾਂ ਨੇ ਵੇਖਣੀ ਅਤੇ ਸੁਣਦੀ ਹੀ ਬੰਦ ਕਰ ਦਿੱਤੀ ਹੈ। ਅੱਜ ਫਿਰ ਤੋਂ ਇੱਕ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਆਪਣੇ 'ਮਨ ਕੀ ਬਾਤ' ਕੀਤੀ।

ਬੇਸ਼ੱਕ, ਆਪਣੀ ਮਨ ਕੀ ਬਾਤ ਵਿੱਚ ਮੋਦੀ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਖੇਤੀ ਕਾਨੂੰਨ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਹਨ। ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਦਾ ਬਲ ਮਿਲਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਭਰਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ, ਪਰ ਦੂਜੇ ਪਾਸੇ ਕਿਸਾਨਾਂ ਦੀ ਗੱਲ ਮੋਦੀ ਨੇ ਫਿਰ ਤੋਂ ਆਪਣੀ ਮਨ ਕੀ ਬਾਤ ਦੇ ਵਿੱਚ ਨਹੀਂ ਸੁਣੀ, ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਆਪਣੇ ਤਾਨਾਸ਼ਾਹੀ ਫ਼ਰਮਾਨ ਹੀ ਕਿਸਾਨਾਂ 'ਤੇ ਮੋਦੀ ਥੋਪ ਰਿਹਾ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਮੋਦੀ ਜਿੱਥੇ ਆਪਣੀ ਅੜੀ ਨਹੀਂ ਛੱਡ ਰਿਹਾ, ਉੱਥੇ ਹੀ ਮੋਦੀ ਦੇ ਵੱਲੋਂ ਪੂਰੇ ਭਾਰਤ ਦੇ ਅੰਦਰ ਸੰਘਰਸ਼ ਕਰ ਰਹੇ, ਕਿਸਾਨਾਂ ਦੀ ਮਨ ਕੀ ਬਾਤ ਸੁਣਨ ਦੀ ਬਿਜਾਏ, ਖੇਤੀ ਕਾਨੂੰਨਾਂ ਦੇ ਫ਼ਾਇਦੇ ਕਿਸਾਨਾਂ ਨੂੰ ਗਿਣਾਏ ਜਾ ਰਹੇ ਹਨ। ਅੱਜ ਮੋਦੀ ਦੇ ਵੱਲੋਂ ਆਪਣਾ 71ਵਾਂ ਮਨ ਕੀ ਬਾਤ ਪ੍ਰੋਗਰਾਮ ਕੀਤਾ ਗਿਆ, ਜਿਸ ਦੇ ਵਿੱਚ ਉਸ ਨੇ ਫ਼ਿਰ ਤੋਂ ਆਪਣੇ ਮਨ ਕੀ ਬਾਤ ਕੀਤੀ।

ਜਨਤਾ ਕੀ ਚਾਹੁੰਦੀ ਹੈ? ਜਨਤਾ ਨੂੰ ਕੀ ਚਾਹੀਦੀ ਹੈ? ਕਿਸਾਨ ਸੰਘਰਸ਼ ਕਿਉਂ ਕਰ ਰਹੇ ਹਨ? ਇਨ੍ਹਾਂ ਗੱਲਾਂ ਨਾਲ ਮੋਦੀ ਦਾ ਕੋਈ ਲੈਣਾ ਦੇਣਾ ਨਹੀਂ। ਦਰਅਸਲ, 'ਮਨ ਕੀ ਬਾਤ' ਦੌਰਾਨ ਮੋਦੀ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਜੋ ਪਾਸ ਕੀਤੇ ਗਏ ਹਨ, ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ਼ ਕਿਸਾਨਾਂ ਦੀਆਂ ਮੁਸ਼ਕਲਾਂ ਘਟੀਆਂ, ਬਲਕਿ ਇਸ ਕਾਨੂੰਨ ਨੇ ਉਨ੍ਹਾਂ ਨੂੰ ਨਵੇਂ ਅਧਿਕਾਰ ਅਤੇ ਮੌਕੇ ਵੀ ਦਿੱਤੇ ਹਨ। 

ਜਦੋਂਕਿ ਦੂਜੇ ਪਾਸੇ ਕਿਸਾਨ ਮੋਦੀ ਦੀ ਮਨ ਕੀ ਬਾਤ ਤੋਂ ਖੁਸ਼ ਨਹੀਂ ਹਨ, ਕਿਉਂਕਿ ਮੋਦੀ ਨੇ ਸਿਰਫ਼ ਆਪਣੇ ਮਨ ਕੀ ਬਾਤ ਵਿੱਚ ਆਪਣੇ ਹੀ ਮਨ ਦੀ ਗੱਲ ਕੀਤੀ ਹੈ, ਕਿਸਾਨਾਂ ਦੀ ਗੱਲ ਤਾਂ ਸੁਣੀ ਨਹੀਂ ਗਈ। ਮੋਦੀ ਹਮੇਸ਼ਾ ਹੀ ਅਜਿਹਾ ਕਰਦੇ ਹਨ ਅਤੇ ਆਪਣੇ ਮਨ ਕੀ ਬਾਤ ਵਿੱਚ ਸਿਰਫ਼ ਆਪਣੇ ਮਨ ਦੀ ਹੀ ਗੱਲ ਕਰਦੇ ਹਨ, ਜਦੋਂਕਿ ਪਬਲਿਕ ਬੈਠੀ ਮੋਦੀ ਦਾ ਮੂੰਹ ਵੇਖਦੀ ਰਹਿੰਦੀ ਹੈ। ਦੱਸਣਾ ਬਣਦਾ ਹੈ ਕਿ ਕਿਸਾਨਾਂ ਦੀ ਮੁੱਖ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।