ਡੇਰਾ ਪ੍ਰੇਮੀਆਂ 'ਤੇ ਕੈਪਟਨ ਹਕੂਮਤ ਮਿਹਰਬਾਨ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 29 2020 18:11
Reading time: 2 mins, 1 sec

ਡੇਰਾ ਪ੍ਰੇਮੀਆਂ ਦਾ ਪਿਤਾ ਗੁਰਮੀਤ ਰਾਮ ਰਹੀਮ 2017 ਵਿੱਚ ਬਲਾਤਕਾਰ ਅਤੇ ਕਤਲ ਕੇਸ ਵਿੱਚ ਜੇਲ੍ਹ ਦੇ ਅੰਦਰ ਸਜ਼ਾ ਭੁਗਤ ਰਿਹਾ ਹੈ, ਪਰ ਦੂਜੇ ਪਾਸੇ ਡੇਰਾ ਪ੍ਰੇਮੀਆਂ ਦੀ ਹਾਲੇ ਵੀ ਦਹਿਸ਼ਤ ਐਨੀ ਬਰਕਰਾਰ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਲਗਾਤਾਰ ਡੇਰਾ ਪ੍ਰੇਮੀ ਵਿਵਾਦਿਤ ਬਿਆਨ ਦੇ ਰਹੇ ਹਨ ਅਤੇ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਡੇਰਾ ਪ੍ਰੇਮੀਆਂ ਨੂੰ ਸਰਕਾਰ ਦੇ ਵੱਲੋਂ ਹਮੇਸ਼ਾ ਹੀ ਪੂਰੀ ਸਪੋਰਟ ਮਿਲਦੀ ਰਹੀ ਹੈ।

ਕਿਉਂਕਿ ਸਰਕਾਰ ਨੇ ਵੋਟਾਂ ਜੋ ਡੇਰਾ ਪ੍ਰੇਮੀਆਂ ਦੇ ਕੋਲੋਂ ਲੈਣੀਆਂ ਹੁੰਦੀਆਂ ਹਨ। ਦੱਸਣਾ ਬਣਦਾ ਹੈ, ਕਿ ਬੇਸ਼ੱਕ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਅੰਦਰ ਬੰਦ ਹੈ, ਜਿਸ ਦੇ ਕਾਰਨ ਬਾਬੇ ਦੇ ਚੇਲਿਆਂ ਨੂੰ ਬਾਹਰ ਡਰ ਲੱਗ ਰਿਹਾ ਹੈ। ਦਰਅਸਲ, 2015 ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ, ਉਸ ਵੇਲੇ ਬੇਦਅਬੀ ਕਰਨ ਦੇ ਵਿੱਚ ਕਈ ਡੇਰਾ ਪ੍ਰੇਮੀਆਂ ਦੇ ਨਾਂਅ ਸਾਹਮਣੇ ਆਏ ਸਨ।

ਨਾਲ ਹੀ ਡੇਰਾ ਮੁਖੀ ਤੋਂ ਇਲਾਵਾ ਅਕਾਲੀ ਦਲ ਦੇ ਵੀ ਨਾਂਅ ਬੇਦਅਬੀ ਕਾਂਡ ਵਿੱਚ ਸ਼ਾਮਲ ਹੋਇਆ ਸੀ। ਬੇਸ਼ੱਕ ਸੱਤਾਧਿਰ ਅਕਾਲੀ ਦਲ ਹੋਣ ਦੇ ਕਾਰਨ ਉਸ ਵੇਲੇ ਬਾਦਲਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਿਆ, ਪਰ ਸੱਤਾ ਦੇ ਵਿੱਚ ਸਰਕਾਰ ਬਦਲ ਜਾਣ ਦੇ ਬਾਅਦ ਵੀ ਰਾਮ ਰਹੀਮ ਅਤੇ ਬਾਦਲਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਿਆ।

ਦੱਸਣਾ ਬਣਦਾ ਹੈ ਕਿ ਪੰਜਾਬ ਵਿਚਲੀ ਕੈਪਟਨ ਹਕੂਮਤ ਨੂੰ ਹੁਣ ਇਹ ਡਰ ਲੱਗ ਰਿਹਾ ਹੈ ਕਿ ਪੰਜਾਬ ਦੇ ਅੰਦਰ ਖ਼ਾਲਿਸਤਾਨੀ ਮਾਹੌਲ ਨਾ ਖ਼ਰਾਬ ਕਰਨ ਅਤੇ ਇਸੇ ਨੂੰ ਲੈ ਕੇ ਹੀ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਸਰਕਾਰ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਡੇਰਾ ਪ੍ਰੇਮੀਆਂ ਨੂੰ ਹੁਣ ਕੈਪਟਨ ਹਕੂਮਤ ਦੇ ਵੱਲੋਂ ਸੁਰੱਖਿਆ ਮੁਹੱਈਆ ਕਰਵਾਉਣ ਦਾ ਬੀੜਾ ਚੁੱਕ ਲਿਆ ਹੈ।

ਭਾਵੇਂਕਿ ਗਲੀ ਮੁਹੱਲੇ ਵਿੱਚ ਕੁੜੀਆਂ ਦੇ ਨਾਲ ਆਮ ਹੀ ਛੇੜਛਾੜ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਕੁੜੀਆਂ ਦੇ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਸੁਰੱਖਿਆ ਕਰਮਚਾਰੀ, ਘਟਨਾ ਸਥਾਨ 'ਤੇ ਨਹੀਂ ਪੁੱਜਦਾ, ਪਰ ਡੇਰਾ ਪ੍ਰੇਮੀਆਂ ਨੂੰ ਡੇਢ ਦਰਜਨ ਤੋਂ ਵੱਧ ਸੁਰੱਖਿਆ ਕਰਮੀ ਸਰਕਾਰ ਦੇ ਵੱਲੋਂ ਮੁਹੱਈਆ ਕਰਵਾ ਦਿੱਤੇ ਗਏ ਹਨ, ਤਾਂ ਜੋ ਉਨ੍ਹਾਂ ਦੀ ਸੁਰੱਖਿਆ ਕੀਤੀ ਜਾ ਸਕੇ।

ਜਾਣਕਾਰੀ ਲਈ ਦੱਸ ਦਈਏ ਕਿ ਬੇਅਬਦੀ ਮਾਮਲੇ ਵਿੱਚ ਨਾਮਜ਼ਦ ਭਗਤਾ ਭਾਈਕਾ ਦੇ 8 ਡੇਰਾ ਪ੍ਰੇਮੀਆਂ ਨਾਲ ਸਰਕਾਰ ਨੇ ਆਧੁਨਿਕ ਹਥਿਆਰਾਂ ਨਾਲ ਲੈਸ 16 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ, ਜਿਸ ਵਿੱਚ ਕੁੱਝ ਦਿਨ ਪਹਿਲਾਂ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਪੁੱਤਰ ਜਤਿੰਦਰਵੀਰ ਅਰੋੜਾ ਵੀ ਸ਼ਾਮਲ ਹੈ।

ਇਸ ਤੋਂ ਇਲਾਵਾ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈੱਡਕੁਆਰਟਰ ਡੇਰਾ ਸਲਾਬਤਪੁਰਾ ਦੇ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਨੂੰ ਦੋ ਸੁਰੱਖਿਆ ਮੁਲਾਜ਼ਮ ਦਿੱਤੇ ਗਏ ਹਨ। ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਮਾਮਲੇ ਵਿਚ ਦਲ ਖ਼ਾਲਸਾ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।