ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਮਾਫ਼ੀ ਰਾਮ ਰਹੀਮ ਦਾ ਮੁਆਫ਼ੀ ਵਾਲਾ ਫਿਰ ਪਿਆ ਨਵਾਂ ਰੱਫੜ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 28 2020 15:35
Reading time: 2 mins, 16 secs

ਜਿਸ ਵੇਲੇ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਉਸ ਵੇਲੇ ਹੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਮਿਲ ਗਈ ਸੀ। ਇਹ ਮੁਆਫ਼ੀ ਕੋਈ ਐਵੇਂ ਨਹੀਂ ਮਿਲੀ, ਇਸ ਦੇ ਪਿੱਛੇ ਵੀ ਬਹੁਤ ਵੱਡਾ ਕਾਰਨ ਸੀ। ਪੰਜਾਬ ਵਿੱਚ ਬਾਦਲਾਂ ਦੀ ਸਰਕਾਰ ਸੀ ਅਤੇ ਉਨ੍ਹਾਂ ਨੇ ਆਗਾਮੀ ਸਮੇਂ ਵਿੱਚ ਵੋਟਾਂ ਵੀ ਲੈਣੀਆਂ ਸਨ। ਡੇਰਾ ਪ੍ਰੇਮੀਆਂ ਕੋਲੋਂ ਵੋਟਾਂ ਬਟੋਰਨ ਖ਼ਾਤਰ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਖ਼ਤਮ ਕਰਨ ਵਾਸਤੇ ਬਾਦਲਾਂ ਨੇ ਇਹ ਢੌਂਗ ਰਚਿਆ ਸੀ।

ਬਾਦਲਾਂ ਦੀ ਸਰਕਾਰ ਵੇਲੇ ਡੇਰਾ ਸਿਰਸਾ ਮੁਖੀ ਨੂੰ ਜਦੋਂ ਮੁਆਫ਼ੀ ਦੇਣ ਦਾ ਮਾਮਲਾ ਮੀਡੀਆ ਵਿੱਚ ਚੱਲਿਆ ਸੀ ਤਾਂ, ਉਸ ਵੇਲੇ ਬਾਦਲਾਂ ਨੂੰ ਜਿੱਥੇ ਲਾਹਨਤਾਂ ਪਈਆਂ ਸਨ, ਉੱਥੇ ਹੀ ਸਿੱਖ ਕੌਮ ਨੇ ਬਾਦਲਾਂ ਨੂੰ ਮੁਕੰਮਲ ਨਾਤਾ ਹੀ ਤੋੜ ਲਿਆ ਸੀ। ਬਾਦਲਾਂ ਤੋਂ ਅੱਗੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਕੈਪਟਨ ਵੀ ਬਾਦਲਾਂ ਵਰਗਾ ਹੀ ਨਿਕਲਿਆ ਅਤੇ ਹੁਣ ਤੱਕ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਵਾ ਸਕਿਆ।

ਦੱਸਣਾ ਬਣਦਾ ਹੈ, ਕਿ ਡੇਰਾ ਸਿਰਸਾ ਮੁਖੀ ਨੂੰ ਬਾਦਲ ਸਰਕਾਰ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ 29 ਸਤੰਬਰ 2015 ਨੂੰ ਮੁਆਫ਼ੀ ਦੇਣ ਦਾ ਮਾਮਲਾ ਫਿਰ ਤੋਂ ਗਰਮਾ ਗਿਆ ਹੈ। ਲੰਘੇ ਦਿਨ, 29 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਮਤੇ 'ਤੇ ਜੋ ਮੋਹਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸੀ, ਉਸ ਮਤੇ ਨੂੰ ਰੱਦ ਕਰ ਦਿੱਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਇਹ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿੱਚ ਰੱਦ ਕੀਤਾ ਗਿਆ।

ਬੀਤੇ ਕੱਲ੍ਹ ਜਿੱਥੇ ਵੱਖ-ਵੱਖ ਮਤੇ ਪੜ੍ਹੇ, ਉਥੇ ਵਿਰੋਧੀ ਧਿਰ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ 29 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਮਾਫ਼ੀ 'ਤੇ ਲਗਾਈ ਗਈ ਮੋਹਰ ਦਾ ਮਤਾ ਰੱਦ ਕਰਵਾਇਆ ਗਿਆ। ਮੀਡੀਆ ਵਿੱਚ ਚੱਲੀਆਂ ਵੱਖ ਵੱਖ ਖ਼ਬਰਾਂ ਦੀ ਮੰਨੀਏ ਤਾਂ, ਵਿਰੋਧੀ ਧਿਰ ਦੀ ਜ਼ਿਦ ਅੱਗੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਹਾਜ਼ਰੀ ਵਿੱਚ ਡੇਰਾ ਸਿਰਸਾ ਮੁਖੀ ਦੇ ਮਤੇ ਸਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਹੁਕਮ ਅਕਾਲ ਤਖ਼ਤ ਸਾਹਿਬ ਨੇ ਵਾਪਸ ਲੈ ਲਿਆ ਸੀ।

ਜਿਸ ਕਾਰਨ ਇਸ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਵਿਰੋਧੀ ਧਿਰ ਦੀ ਅੜੀ ਕਾਰਨ ਹਾਊਸ ਦਾ ਇਹ ਮਤਾ ਰੱਦ ਕਰ ਦਿੱਤਾ ਜਾਂਦਾ ਹੈ। ਦੱਸਦੇ ਚੱਲੀਏ ਕਿ, 29 ਸਤੰਬਰ 2015 ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੇ ਜਾਂਦੇ ਆਦੇਸ਼ 'ਤੇ ਅਮਲ ਕਰਨ ਤੇ ਕਰਵਾਉਣ ਲਈ ਆਪਣਾ ਫ਼ਰਜ਼ ਨਿਭਾਉਣ ਲਈ 24 ਸਤੰਬਰ 2015 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਰਾਮ ਰਹੀਮ ਨੂੰ ਮਾਫ਼ੀ ਦੇ ਹੋਏ ਹੁਕਮ ਨੂੰ ਲਾਗੂ ਕਰਵਾਉਣ ਦਾ ਮਤਾ ਪਾਸ ਕੀਤਾ ਸੀ। ਇਸ ਇਕੱਤਰਤਾ ਵਿਚ ਮੈਂਬਰਾਂ ਦੀ ਸਹਿਮਤੀ ਮੁਤਾਬਿਕ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਰੂਪੀ ਮਤਾ ਪੜਿਆ ਗਿਆ ਸੀ।