ਅੰਨਾ ਹਜ਼ਾਰੇ ਹੁਣ ਕਿਉਂ ਨਹੀਂ ਸ਼ੁਰੂ ਕਰ ਰਿਹੈ ਅੰਦੋਲਨ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 28 2020 15:25
Reading time: 2 mins, 3 secs

ਭ੍ਰਿਸ਼ਟਾਚਾਰ ਖ਼ਿਲਾਫ਼ ਰੱਜ ਕੇ ਬੋਲਣ ਵਾਲੇ ਅੰਨਾ ਹਜ਼ਾਰੇ ਨੂੰ ਸ਼ਾਇਦ ਇਸ ਵੇਲੇ ਕਿਸਾਨ ਅੰਦੋਲਨ ਦਿੱਸ ਨਹੀਂ ਰਿਹਾ। ਅੰਨਾ ਹਜ਼ਾਰੇ ਦੇ ਨਾਲ ਬੈਠ ਕੇ ਸੰਘਰਸ਼ ਕਰਨ ਵਾਲਾ ਕੇਜਰੀਵਾਲ ਅੱਜ ਦਿੱਲੀ ਦੇ ਅੰਦਰ ਸਰਕਾਰ ਚਲਾ ਰਿਹਾ ਹੈ, ਪਰ ਅੰਨਾ ਹਜ਼ਾਰੇ, 2014 ਤੋਂ ਹੁਣ ਤੱਕ ਮੋਨ ਧਾਰ ਕੇ ਬੈਠਾ ਹੈ। ਕਿਸਾਨਾਂ ਦੇ ਹੱਕ ਵਿੱਚ ਇੱਕ ਸ਼ਬਦ ਵੀ ਨਾ ਬੋਲਣ ਵਾਲਾ ਅੰਨਾ ਹਜ਼ਾਰੇ ਇਸ ਵੇਲੇ ਆਪਣੇ ਲੋਕ ਪੱਖੀ ਰਵੱਈਆ ਨਾ ਹੋਣ ਦੇ ਕਾਰਨ ਵਿਵਾਦਾਂ ਦੇ ਵਿੱਚ ਘਿਰ ਗਿਆ ਹੈ। ਅੰਨਾ ਹਜ਼ਾਰੇ ਖ਼ਿਲਾਫ਼ ਕਾਂਗਰਸੀ ਤੇ ਹੋਰ ਵਿਰੋਧੀ ਦਲ ਬੋਲ ਰਹੇ ਹਨ।

ਜਦੋਂ ਦੇਸ਼ ਦੇ ਅੰਦਰੋਂ ਭ੍ਰਿਸ਼ਟਾਚਾਰ ਖ਼ਤਮ ਨਹੀਂ ਸੀ ਹੋ ਰਿਹਾ, ਕਾਲਾ ਧਨ ਵਿਦੇਸ਼ਾਂ ਤੋਂ ਭਾਰਤ ਨਹੀਂ ਸੀ ਆ ਰਿਹਾ, ਜਦੋਂ ਦੇਸ਼ ਦੇ ਅੰਦਰ ਡਾਕਟਰ ਮਨਮੋਹਣ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ ਤਾਂ, ਉਸ ਵੇਲੇ ਅੰਦੋਲਨਕਾਰੀ ਅੰਨਾ ਹਜ਼ਾਰੇ ਦਿੱਲੀ ਵਿੱਚ ਕਾਂਗਰਸ ਸਰਕਾਰ ਦੇ ਖ਼ਿਲਾਫ਼ ਧਰਨੇ 'ਤੇ ਬੈਠਾ ਸੀ। ਕਈ ਮਹੀਨੇ ਭੁੱਖ ਹੜਤਾਲ ਵੀ ਕੀਤੀ ਸੀ, ਪਰ ਆਖ਼ਰ ਸਰਕਾਰ ਨੇ ਕਹਿ ਦਿੱਤਾ ਸੀ ਕਿ, ਉਹ ਅੰਨਾ ਦੀਆਂ ਮੰਗਾਂ ਮੰਨ ਲੈਂਦੀ ਹੈ ਅਤੇ ਛੇਤੀ ਹੀ ਭ੍ਰਿਸ਼ਟਾਚਾਰ ਮੁਕਤ ਭਾਰਤ ਸਿਰਜੇਗੀ।

ਅੰਨਾ ਹਜ਼ਾਰੇ ਕਾਂਗਰਸ ਸਰਕਾਰ ਦੀ ਗੱਲ ਮੰਨ ਕੇ ਧਰਨੇ ਤੋਂ ਉੱਠ ਗਿਆ ਅਤੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ, ਪਰ 2014 ਤੋਂ ਹੁਣ ਤੱਕ, ਜਦੋਂ ਤੋਂ ਦੇਸ਼ ਦੇ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਇੱਕ ਵੀ ਅੰਦੋਲਨ ਸ਼ੁਰੂ ਨਹੀਂ ਕੀਤਾ। ਜਿਸ ਦੇ ਕਾਰਨ ਵਿਰੋਧੀ ਦਲ ਹੁਣ ਅੰਨਾ ਹਜ਼ਾਰੇ ਨੂੰ ਆਰਐਸਐਸ ਅਤੇ ਭਾਜਪਾ ਦਾ ਬੰਦਾ ਆਖ ਕੇ ਪੁਕਾਰ ਰਹੇ ਹਨ, ਕਿਉਂਕਿ ਹੁਣ ਅੰਨਾ ਮੋਨ ਵਰਤ ਧਾਰੀ ਬੈਠਾ ਹੈ ਅਤੇ ਕਿਸਾਨੀ ਅੰਦੋਲਨ ਬਾਰੇ ਮੂੰਹ ਨਹੀਂ ਖੋਲ ਰਿਹਾ।

ਦੱਸਣਾ ਬਣਦਾ ਹੈ ਕਿ, ਬੀਤੇ ਕੱਲ੍ਹ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਲਾਨੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੇਲੇ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਸੜਕਾਂ 'ਤੇ ਰੁਲ਼ ਰਿਹਾ ਹੈ ਅਤੇ ਅੰਦੋਲਨਕਾਰੀ ਅੰਨਾ ਹਜ਼ਾਰੇ ਅੱਖਾਂ ਬੰਦ ਕਰੀਂ ਬੈਠੇ ਹਨ। ਉਨ੍ਹਾਂ ਕਿਹਾ ਕਿ, ਦੇਸ਼ ਦਾ ਅੰਨਦਾਤਾ ਕਿਸਾਨ ਤੇ ਦੇਸ਼ ਵਾਸੀਆਂ ਨੂੰ ਬਚਾਉਣ ਲਈ ਅੰਨਾ ਹਜ਼ਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦੇ ਮੂਹਰੇ ਮਰਨ ਵਰਤ 'ਤੇ ਬੈਠਣ।

ਜਿਸ ਤਰ੍ਹਾਂ ਦਰਸ਼ਨ ਸਿੰਘ ਫੇਰੂਮਾਨ ਨੇ ਕਿਸਾਨਾਂ ਦੇ ਹਿੱਤਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ, ਉਸੇ ਤਰ੍ਹਾਂ ਅੰਨਾ ਹਜ਼ਾਰੇ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਸ਼ਹੀਦੀ ਜਾਮ ਪੀਣ। ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੀਆਂ ਹੱਕੀ ਮੰਗਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਤੇ ਸਰਕਾਰ ਵੱਲੋਂ ਤਸ਼ੱਦਦ ਢਾਹਿਆ ਜਾ ਰਿਹਾ ਹੈ। ਰੰਧਾਵਾ ਨੇ ਹਰਿਆਣੇ ਦੀ ਖੱਟੜ ਸਰਕਾਰ ਵੱਲੋਂ ਕਿਸਾਨਾਂ ਦਾ ਰਾਹ ਰੋਕਣ ਲਈ ਲਗਾਏ ਬੈਰੀਕੇਡ ਤੇ ਉਨ੍ਹਾਂ 'ਤੇ ਕੀਤੀਆਂ ਤੇਜ਼ ਪਾਣੀ ਤੇ ਅੱਥਰੂ ਗੈਸਾਂ ਦੀਆਂ ਬੁਛਾੜਾਂ ਦੇ ਬਾਵਜੂਦ ਆਪਣਾ ਮਿਸ਼ਨ ਪਾਸ ਕਰਨ ਦੀ ਕਿਸਾਨਾਂ ਨੂੰ ਵਧਾਈ ਦਿੱਤੀ।