ਸੰਵਿਧਾਨ ਦਿਵਸ ਮੌਕੇ ਹਾਕਮਾਂ ਨੇ ਦਬਾਈ ਅੰਨਦਾਤੇ ਦੀ ਆਵਾਜ਼!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 27 2020 13:51
Reading time: 1 min, 42 secs

ਕੱਲ੍ਹ ਪੂਰੇ ਮੁਲਕ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਸੰਵਿਧਾਨ ਦਿਵਸ ਦੀਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਬੇਸ਼ੱਕ ਇਹ ਵਧਾਈਆਂ ਨੂੰ ਦੇਸ਼ ਵਾਸੀਆਂ ਨੇ ਪ੍ਰਵਾਨ ਕੀਤਾ, ਪਰ ਦੇਸ਼ ਦੇ ਸੰਵਿਧਾਨ ਦੇ ਹੋ ਰਹੇ ਘਾਣ ਦੇ ਬਾਰੇ ਵਿੱਚ ਜਦੋਂ ਮੁਲਕ ਵਾਸੀਆਂ ਨੇ ਮੋਦੀ ਨੂੰ ਯਾਦ ਕਰਵਾਇਆ ਤਾਂ, ਚੁੱਪੀ ਤੋਂ ਸਿਵਾਏ ਕੁੱਝ ਵੀ ਮੋਦੀ ਬੋਲ ਨਾ ਸਕੇ।

ਕੱਲ੍ਹ ਸੰਵਿਧਾਨ ਦਿਵਸ ਦੇ ਮੌਕੇ 'ਤੇ ਕਿਸਾਨਾਂ ਜਦੋਂ ਆਪਣੇ ਹੱਕਾਂ ਲਈ ਸੜਕਾਂ 'ਤੇ ਆਏ ਤਾਂ, ਸੰਵਿਧਾਨ ਦੀ ਉਲੰਘਣਾ ਕਰਦੇ ਹੋਏ, ਉਨ੍ਹਾਂ 'ਤੇ ਤਸ਼ੱਦਦ ਢਾਹਿਆ ਗਿਆ। ਵੈਸੇ, ਵੇਖਿਆ ਜਾਵੇ ਤਾਂ, ਇੱਕ ਪਾਸੇ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਜਨਤਾ ਨੂੰ ਸੰਵਿਧਾਨ ਦਿਵਸ 'ਤੇ ਵਧਾਈ ਦੇ ਰਿਹਾ ਹੈ, ਪਰ ਦੂਜੇ ਪਾਸੇ ਸੰਵਿਧਾਨ ਦਿਵਸ ਮੌਕੇ ਹੀ ਮੁਲਕ ਦੀ ਜਨਤਾ 'ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਭੋਰਾ ਕੋਸ਼ਿਸ਼ ਨਹੀਂ ਕਰ ਰਿਹਾ।

ਦੱਸ ਦਈਏ ਕਿ, ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਖ਼ਿਲਾਫ਼ ਹਰਿਆਣੇ ਦੀ ਖੱਟੜ ਸਰਕਾਰ ਵਲੋਂ ਵਰਤੀ ਗਈ ਸਖ਼ਤੀ ਦੀ ਚਾਰੇ ਪਾਸੇ ਨਿੰਦਾ ਤਾਂ ਹੋ ਹੀ ਰਹੀ ਹੈ, ਨਾਲ ਹੀ ਬੁੱਧੀਜੀਵੀ ਇਹ ਵੀ ਕਹਿ ਰਹੇ ਹਨ ਕਿ, ਸੰਵਿਧਾਨ ਦਿਵਸ ਮੌਕੇ ਅੰਨਦਾਤਾ ਦੀ ਆਵਾਜ਼ ਨੂੰ ਦਬਾਉਣਾ, ਉਸ 'ਤੇ ਪਾਣੀ ਦੀਆਂ ਬੁਛਾੜਾਂ ਕਰਨਾ, ਕਿਤੇ ਨਾ ਕਿਤੇ ਲੋਕਤੰਤਰ ਦੀ ਹੱਤਿਆ ਹੈ।

ਜਾਣਕਾਰੀ ਦੇ ਮੁਤਾਬਿਕ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਦੀ ਮਾਰ ਤੋਂ ਖੇਤੀ ਤੇ ਖੇਤ ਬਚਾਉਣ ਲਈ ਖੇਤਾਂ ਦੇ ਪੁੱਤ ਟਰੈਕਟਰ ਟਰਾਲੀਆਂ ਦੇ ਬੰਨ੍ਹ ਕਾਫ਼ਲੇ ਦਿੱਲੀ ਵੱਲ ਲੰਘੇ ਕੱਲ੍ਹ ਜਦੋਂ ਰਵਾਨਾ ਹੋਏ ਤਾਂ, ਉਨ੍ਹਾਂ 'ਤੇ ਹਰਿਆਣਾ ਸਰਕਾਰ ਨੇ ਤਸ਼ੱਦਦ ਤਾਂ ਕੀਤਾ ਹੀ, ਨਾਲ ਹੀ ਕਈ ਕਿਸਾਨ ਇਸ ਵਿੱਚ ਜ਼ਖਮੀ ਵੀ ਹੋ ਗਏ। ਸੰਵਿਧਾਨ ਦਿਵਸ ਮੌਕੇ ਕੀਤੀ ਗਈ ਲੋਕਤੰਤਰ ਦੀ ਹੱਤਿਆ 'ਤੇ, ਕਿਸਾਨ ਆਗੂਆਂ ਨੇ ਕਿਹਾ ਕਿ, ਆਜ਼ਾਦ ਮੁਲਕ ਵਿੱਚ ਵੀ ਉਨ੍ਹਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।

ਕਿਸਾਨਾਂ ਨੇ ਮੋਦੀ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਉਹ ਆਪਣਾ ਤਾਨਾਸ਼ਾਹੀ ਰਵੱਈਏ ਤੋਂ ਮੂੰਹ ਮੋੜ ਲਵੇ, ਨਹੀਂ ਤਾਂ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰ ਦੇਣਗੇ। ਕਿਸਾਨਾਂ ਨੇ ਦਬਕਾ ਮਾਰਦਿਆਂ ਇਹ ਵੀ ਕਿਹਾ ਕਿ, ਜਦੋਂ ਤੱਕ ਇਹ ਕਿਸਾਨ ਅਤੇ ਲੋਕ ਮਾਰੂ ਖੇਤੀ ਕਾਨੂੰਨ, ਬਿੱਲ ਤੇ ਆਰਡੀਨੈਂਸ ਮੋਦੀ ਹਕੂਮਤ ਰੱਦ ਨਹੀਂ ਕਰਦੀ, ਉਦੋਂ ਤੱਕ ਕਿਸਾਨ ਘਰਾਂ ਨੂੰ ਨਹੀਂ ਮੁੜਣਗੇ। ਇਸ ਲਈ ਉਨ੍ਹਾਂ ਨੂੰ ਕਿੰਨਾਂ ਵੀ ਲੰਮਾ ਸੰਘਰਸ਼ ਲੜਨਾ ਪਿਆ, ਉਹ ਜੀਅ ਜਾਨ ਲਗਾ ਕੇ ਲੜਨਗੇ।