ਕਿਤੇ ਜੇਐਨਯੂ ਦੇ ਵਿਦਿਆਰਥੀਆਂ ਵਾਂਗ ਨਾ ਪੁਲਿਸ ਹਾਲ ਕਰ ਦੇਵੇ ਕਿਸਾਨਾਂ ਦਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 26 2020 17:36
Reading time: 2 mins, 5 secs

ਖੇਤੀ ਕਾਨੂੰਨਾਂ ਦੇ ਵਿਰੁੱਧ ਮੋਦੀ ਸਰਕਾਰ ਦੀਆਂ ਕਿਸਾਨ ਅਤੇ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਪ੍ਰਦਰਸ਼ਨ ਜਾਰੀ ਹੈ। ਲਗਾਤਾਰ ਕਿਸਾਨਾਂ ਦੇ ਵੱਲੋਂ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਸੰਘਰਸ਼ ਤਾਂ ਕੀਤਾ ਹੀ ਜਾ ਰਿਹਾ ਹੈ, ਨਾਲ ਹੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਉਹ ਆਪਣੀ ਅੜੀ ਛੱਡ ਕੇ ਕਿਸਾਨਾਂ ਹਿੱਤ ਫ਼ੈਸਲੇ ਕਰ ਦੇਵੇ, ਨਹੀਂ ਤਾਂ, ਕਿਸਾਨਾਂ ਨੂੰ ਆਪਣਾ ਹੱਕ ਲੈਣਾ ਚੰਗੀ ਤਰ੍ਹਾਂ ਆਉਂਦਾ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਕਹਿ ਰਹੇ ਹਾਂ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਲਿਆ ਜਾਵੇਗਾ।

ਦੱਸਣਾ ਬਣਦਾ ਹੈ ਕਿ ਇੱਕ ਪਾਸੇ ਤਾਂ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਖਿਲਾਫ਼ ਜਾਰੀ ਹੈ, ਉੱਥੇ ਹੀ ਕਿਸਾਨਾਂ ਦੀ ਵਿਸੇਸ਼ ਮੰਗ ਇਹੀ ਹੈ ਕਿ ਖੇਤੀ ਸਬੰਧੀ ਲਿਆਂਦਾ ਗਿਆ ਕਾਲਾ ਕਾਨੂੰਨ ਮੋਦੀ ਸਰਕਾਰ ਰੱਦ ਕਰੇ, ਪਰ ਮੋਦੀ ਸਰਕਾਰ ਕਿਸਾਨਾਂ ਦੀ ਇੱਕ ਨਹੀਂ ਸੁਣ ਰਹੀ। ਦੱਸ ਦਈਏ ਕਿ ਪਿਛਲੇ ਸਾਲ ਇੰਨਾਂ ਦਿਨਾਂ ਦੇ ਵਿੱਚ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਬੇਕਸੂਰੇ ਵਿਦਿਆਰਥੀਆਂ 'ਤੇ ਦਿੱਲੀ ਪੁਲਿਸ ਦੇ ਵੱਲੋਂ ਤਸ਼ੱਦਦ ਕਰਦਿਆਂ ਹੋਇਆ, ਉਨ੍ਹਾਂ 'ਤੇ ਵੰਨ ਸੁਵੰਨੇ ਮੁਕੱਦਮੇ ਮੜ ਦਿੱਤੇ ਸਨ।

ਹੁਣ ਵੀ ਇਸ ਤਰ੍ਹਾ ਹੀ ਲੱਗ ਰਿਹਾ ਹੈ ਕਿ ਕਿਤੇ ਜੇਐਨਯੂ ਦੇ ਵਿਦਿਆਰਥੀਆਂ ਵਾਂਗ ਹੀ ਨਾ, ਦਿੱਲੀ ਪੁਲਿਸ ਕਿਸਾਨਾਂ ਦਾ ਹਾਲ ਕਰ ਦੇਵੇ। ਦੱਸਣਾ ਇਹ ਵੀ ਬਣਦਾ ਹੈ, ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਖ਼ਿਲਾਫ਼ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਦਿੱਲੀ ਪੁਲਿਸ ਦੇ ਵੱਲੋਂ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਕੇ, ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਹੁਣ ਤੱਕ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਟਿਸ ਬਲਦੇਵ ਸਿੰਘ ਸਿਰਸਾ ਲਖਵਿੰਦਰ ਸਿੰਘ ਸਿਰਸਾ ਸਮੇਤ ਹੋਰਨਾਂ ਆਗੂਆਂ ਨੂੰ ਦਿੱਲੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।

ਜਾਣਕਾਰੀ ਮਿਲੀ ਹੈ, ਕਿ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਟਿਸ ਬਲਦੇਵ ਸਿੰਘ ਸਿਰਸਾ ਲਖਵਿੰਦਰ ਸਿੰਘ ਸਿਰਸਾ ਸਮੇਤ ਹੋਰਨਾਂ ਆਗੂਆਂ ਨੂੰ ਬੱਸ ਜ਼ਰੀਏ ਥਾਣੇ ਵੀ ਪੁਲਿਸ ਲੈ ਗਈ ਹੈ। ਦੱਸ ਦਈਏ ਕਿ ਮੋਦੀ ਸਰਕਾਰ ਦੇ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਅੱਜ ਦਿੱਲੀ ਵਿਚ ਕਿਸਾਨ ਜਥੇਬੰਦੀਆਂ ਦਾ ਵੱਡਾ ਅੰਦੋਲਨ ਹੋਣ ਜਾ ਰਿਹਾ ਹੈ। 26 ਤੇ 27 ਨਵੰਬਰ ਨੂੰ ਹੋਣ ਵਾਲੇ ਇਸ ਅੰਦੋਲਨ ਦੀ ਆਗਿਆ ਨਿਰਸਤ ਕਰ ਦਿੱਤੀ ਗਈ ਸੀ, ਇਸ ਤੋਂ ਬਾਅਦ ਵੀ ਕਿਸਾਨ ਅੰਦੋਲਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ।

ਇਸੇ ਤਹਿਤ ਦਿੱਲੀ ਅਤੇ ਹਰਿਆਣਾ ਦੇ ਬਾਰਡਰ 'ਤੇ ਹਰ ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਦੇ ਨਾਲ ਸੀ. ਆਰ. ਪੀ. ਐਫ. ਵੀ ਤਾਇਨਾਤ ਕੀਤੀ ਗਈ ਹੈ। ਕਿਸਾਨਾਂ ਦੇ 'ਦਿੱਲੀ ਚੱਲੋ' ਪ੍ਰਦਰਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਰੀਦਾਬਾਦ-ਦਿੱਲੀ ਬਾਰਡਰ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜਮਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ। ਫਰੀਦਾਬਾਦ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਹਰ ਬਾਰਡਰ 'ਤੇ ਤੈਨਾਤ ਹੈ ਅਤੇ ਇਹ ਤੈਨਾਤੀ ਸਰਕਾਰ ਵੱਲੋਂ ਹੁਕਮ ਮਿਲੇ ਹੁਕਮਾਂ ਤੋਂ ਮਗਰੋਂ ਕਿਸਾਨੀ ਸੰਘਰਸ਼ ਨੂੰ ਵੇਖਦਿਆਂ ਹੋਇਆ ਕੀਤੀ ਗਈ ਹੈ।