ਜੰਗ ਹੁਣ ਹਿੰਦ-ਪੰਜਾਬ ਦੀ!!! (ਨਿਊਜ਼ਨੰਬਰ ਖ਼ਾਸ ਖ਼ਬਰ)

1947 ਵੇਲੇ ਭਾਰਤ ਪਾਕਿਸਤਾਨ ਦਾ ਬਟਵਾਰਾ ਹੋਇਆ ਸੀ ਅਤੇ ਉਸ ਵੇਲੇ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੀ ਹੋਇਆ ਸੀ। ਕਿਉਂਕਿ ਪੰਜਾਬ ਸਰਹੱਦੀ ਜ਼ਿਲ੍ਹਾ ਹੋਣ ਦੇ ਕਾਰਨ ਦੋਵਾਂ ਪਾਸਿਆਂ ਤੋਂ ਹੀ ਮਾਰਿਆ ਗਿਆ। ਪੰਜਾਬ ਦੇ ਜੁਝਾਰੂ ਲੋਕ ਵੀ 47 ਦੇ ਬਟਵਾਰੇ ਵੇਲੇ ਸ਼ਹੀਦ ਹੋ ਗਏ। ਪਰ, ਇਸ ਬਟਵਾਰੇ ਦਾ ਫਾਇਦਾ ਸਿਰਫ਼ ਤੇ ਸਿਰਫ਼ ਹਾਕਮਾਂ ਨੂੰ ਹੀ ਹੋਇਆ। ਸਮੇਂ ਦੇ ਹਾਕਮ ਹਰ ਸਾਲ 15 ਅਗਸਤ ਨੂੰ ਸਿਆਸੀ ਰੋਟੀਆਂ ਸੇਕ ਕੇ, ਭਾਰਤ ਵਾਸੀਆਂ ਨੂੰ ਝੂਠੀ ਆਜ਼ਾਦੀ ਦੀ ਵਧਾਈ ਦਿੰਦੇ ਰਹਿੰਦੇ ਹਨ, ਜਦੋਂਕਿ 15 ਅਗਸਤ ਸਾਡੇ ਸਭਨਾਂ ਵਾਸਤੇ ਗ਼ੁਲਾਮੀ ਦਾ ਹੀ ਦਿਨ ਹੈ।

ਪੰਜਾਬ ਟੁੱਟਿਆ ਬਟਵਾਰੇ ਵੇਲੇ, ਮਿਲਿਆ ਕੁੱਝ ਵੀ ਨਹੀਂ। ਖ਼ੈਰ, ਜੋ ਬਟਵਾਰਾ ਪਹਿਲੋਂ ਭਾਰਤ ਪਾਕਿਸਤਾਨ ਦਾ ਹੋਇਆ ਸੀ। ਇਸ ਵੇਲੇ ਲੱਗਦਾ ਹੈ ਕਿ ਭਾਰਤ ਅਤੇ ਪੰਜਾਬ ਦਾ ਬਟਵਾਰਾ ਹੋਣ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਇਸ ਵੇਲੇ ਦਿੱਲੀ ਦੇ ਹਾਕਮਾਂ ਦੀ ਸੰਘੀ ਵਿੱਚ ਨਹੂ ਦੇਈ ਖੜੇ ਹਨ। ਕਿਸਾਨਾਂ ਦੇ ਵੱਲੋਂ 27 ਤੇ 27 ਨਵੰਬਰ ਨੂੰ ਦਿੱਲੀ ਵਿਖੇ ਪੱਕੇ ਮੋਰਚੇ ਲਗਾਉਣ ਦਾ ਜੋ ਐਲਾਨ ਕੀਤਾ ਗਿਆ ਸੀ, ਉਸੇ ਦੇ ਤਹਿਤ ਬੀਤੇ ਦਿਨ ਤੋਂ ਹੀ ਕਿਸਾਨ ਹਰਿਆਣੇ ਵਿੱਚ ਦੀ, ਦਿੱਲੀ ਵੱਲ ਨੂੰ ਚਾਲੇ ਪਾ ਰਹੇ ਹਨ, ਪਰ ਹਰਿਆਣੇ ਦੀ ਖੱਟਰ ਸਰਕਾਰ ਕਿਸਾਨਾਂ 'ਤੇ ਤਸ਼ੱਦਦ ਢਾਹ ਰਹੀ ਹੈ।

ਦਰਅਸਲ, ਹਰਿਆਣਾ ਬਾਰਡਰ 'ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸੀਲ ਕੀਤੇ ਬਾਰਡਰ ਦੇ ਮੱਦੇਨਜ਼ਰ ਕਿਸਾਨਾਂ ਨੇ ਪੱਕਾ ਮੋਰਚਾ ਲਗਾ ਦਿੱਤਾ ਹੈ। ਬੇਸ਼ੱਕ ਦਿੱਲੀ ਕੂਚ ਕਰਨ ਦਾ ਫ਼ੈਸਲਾ ਸ਼ਾਮ ਤੱਕ ਲਿਆ ਜਾਵੇਗਾ, ਪਰ 20 ਹਜ਼ਾਰ ਦੇ ਕਰੀਬ ਕਿਸਾਨ ਖਨੌਰੀ ਵਿੱਚ ਜੁਟ ਗਏ ਹਨ। ਕਿਸਾਨਾਂ ਨੇ ਮੁੱਖ ਮਾਗਰ 'ਤੇ ਬੈਠਕ ਧਰਨਾ ਲਗਾਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਅਜੇ ਤੱਕ ਇਹੀ ਫ਼ੈਸਲਾ ਹੈ ਕਿ ਕਿਸਾਨ ਧੱਕੇਸ਼ਾਹੀ ਨਹੀਂ ਕਰਨਗੇ, ਬਲਕਿ ਇੱਥੇ ਧਰਨੇ ਨੂੰ ਅੱਗੇ ਵਧਾਉਣਗੇ, ਬਾਕੀ ਬੈਠਕ ਵਿੱਚ ਅਗਲਾ ਫ਼ੈਸਲਾ ਲਿਆ ਜਾਵੇਗਾ।

ਖ਼ਬਰਾਂ ਦੀ ਮੰਨੀਏ ਤਾਂ, ਖਨੌਰੀ ਨੂੰ ਜਾਣ ਵਾਲੇ ਰਸਤਿਆਂ 'ਤੇ ਭਾਰੀ ਟ੍ਰੈਫਿਕ ਹੋ ਗਿਆ ਹੈ, ਜਿਸ ਕਾਰਨ ਟਰੈਕਟਰ-ਟਰਾਲੀਆਂ ਹੀ ਅੱਗੇ ਜਾਣ ਦਿੱਤੀਆਂ ਜਾ ਰਹੀਆਂ ਹਨ ਤੇ ਬਾਕੀ ਟ੍ਰੈਫਿਕ ਨੂੰ ਦੂਰੋਂ ਰੋਕਿਆ ਜਾ ਰਿਹਾ ਹੈ। ਉੱਥੇ ਮੂਨਕ ਤੇ ਜਾਖਲ ਦੇ ਰੋਡ 'ਤੇ ਵੀ ਪੁਲਿਸ ਨੇ ਨਾਕਾਬੰਦੀ ਕਰ ਕੇ ਕਿਸਾਨਾਂ ਨੂੰ ਹੀ ਉੱਧਰ ਹੀ ਰੋਕਿਆ ਹੋਇਆ ਹੈ, ਤਾਂ ਜੋ ਕਿਸਾਨ ਹਰਿਆਣਾ ਵਿੱਚ ਦਾਖਲ ਨਾ ਹੋ ਸਕਣ।

ਦੱਸਣਾ ਬਣਦਾ ਹੈ, ਕਿ ਕਿਸਾਨਾਂ 'ਤੇ ਹਰਿਆਣਾ ਪੁਲਿਸ ਦਾ ਅੱਤਿਆਚਾਰ ਇਸ ਗੱਲ ਦੀ ਗੁਆਹੀ ਭਰਦਾ ਹੈ ਕਿ ਹੁਣ ਫਿਰ ਤੋਂ ਹਿੰਦ-ਪੰਜਾਬ ਦੀ ਜੰਗ ਸ਼ੁਰੂ ਹੋਣ ਵਾਲੀ ਹੈ। ਪੰਜਾਬ ਦੇ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਨੂੰ ਚਾਲੇ ਪਾਉਣ ਲੱਗੇ ਹਨ, ਪਰ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਮਿਲ ਕੇ, ਕਿਸਾਨਾਂ 'ਤੇ ਤਸ਼ੱਦਦ ਢਾਹੁਣ 'ਤੇ ਲੱਗੀ ਹੋਈ ਹੈ। ਦੱਸ ਦਈਏ ਕਿ ਦੋ ਦਿਨਾਂ ਦਿੱਲੀ ਮੋਰਚੇ ਨੂੰ ਲੈ ਕੇ ਕਿਸਾਨਾਂ ਵਿੱਚ ਕਾਫ਼ੀ ਗੁੱਸਾ ਹੈ ਅਤੇ ਮੋਦੀ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਫ਼ੇਲ ਕੀਤਾ ਜਾਵੇ।