ਕਿਰਤ ਕਾਨੂੰਨ 'ਚ ਸੋਧ: ਹੁਣ ਕਿਰਤੀਆਂ ਨੂੰ ਕੁਚਲਣ ਲੱਗੇ ਹਾਕਮ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 24 2020 15:28
Reading time: 1 min, 40 secs

ਕਿਸਾਨ ਜਥੇਬੰਦੀਆਂ ਦਾ ਇੱਕ ਪਾਸੇ ਤਾਂ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੇ ਵਿਰੁੱਧ ਸੰਘਰਸ਼ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਇੱਕ ਵੀ ਮੰਗ ਨਾ ਮੰਨਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਅਪਨਾਏ ਅੜੀਅਲ ਵਤੀਰੇ ਤੋਂ ਬਾਅਦ ਕਿਸਾਨਾਂ ਦਾ ਰੋਹ ਅਤੇ ਲਾਮਬੰਦੀ ਹੋਰ ਵੀ ਤੇਜ਼ ਹੋ ਗਈ ਹੈ।

ਕਿਸਾਨਾਂ ਨੂੰ ਖ਼ਤਮ ਕਰਨ ਦੇ ਵਾਸਤੇ ਇੱਕ ਪਾਸੇ ਤਾਂ ਮੋਦੀ ਸਰਕਾਰ ਨੇ ਪੁਰਾਣੇ ਖੇਤੀ ਕਾਨੂੰਨਾਂ ਵਿੱਚ ਸੋਧ ਕਰਕੇ ਨਵੇਂ ਖੇਤੀ ਕਾਨੂੰਨ ਲਿਆ ਕੇ, ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੱਤੀ। ਉੱਥੇ ਹੀ ਕਿਰਤੀਆਂ 'ਤੇ ਅੱਤਿਆਚਾਰ ਕਰਨ ਵਾਸਤੇ ਮੋਦੀ ਸਰਕਾਰ ਦੇ ਵੱਲੋਂ ਜੋ ਕਿਰਤ ਕਾਨੂੰਨ ਵਿੱਚ ਸੋਧ ਕਰਕੇ, ਜੋ ਕਾਨੂੰਨ ਬਣਾਉਣ ਦਾ ਪ੍ਰਸਤਾਵ ਭੇਜਿਆ ਸੀ, ਉਸ 'ਤੇ ਵੀ ਮੋਹਰ ਲੱਗ ਚੁੱਕੀ ਹੈ ਅਤੇ ਕਿਰਤੀਆਂ ਦੀ ਖੁੱਲ੍ਹੇਆਮ ਲੁੱਟ ਕਰਨ ਦਾ ਧਨਾਢਾਂ ਨੂੰ ਮੌਕਾ ਮਿਲ ਗਿਆ ਹੈ।

ਕਿਰਤੀਆਂ ਨੂੰ ਪਹਿਲੋਂ ਜਿੱਥੇ 8 ਘੰਟੇ ਕੰਮ ਕਰਨਾ ਹੁੰਦਾ ਸੀ, ਉੱਥੇ ਹੀ ਹੁਣ ਕਿਰਤੀਆਂਨੂੰ 12 ਘੰਟੇ ਕੰਮ ਕਰਨਾ ਪਿਆ ਕਰੇਗਾ। ਕਿਸਾਨਾਂ 'ਤੇ ਸਰਕਾਰ ਵੱਲੋਂ ਕੀਤੇ ਗਏ ਹਮਲੇ ਦਾ ਰੋਹ ਤਾਂ ਹਾਲੇ ਠੰਡਾ ਨਹੀਂ ਹੋਇਆ, ਕਿ ਮੋਦੀ ਸਰਕਾਰ ਨੇ ਕਿਰਤੀਆਂ ਨੂੰ ਹੋਰ ਤੱਤਾ ਕਰ ਦਿੱਤਾ ਹੈ।

ਵੱਖ ਵੱਖ ਮੀਡੀਆ ਅਦਾਰਿਆਂ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਖ਼ਬਰਾਂ ਦੇ ਮੁਤਾਬਿਕ ਹੁਣ ਕਿਰਤੀਆਂ ਅਤੇ ਨੌਕਰੀ ਪੇਸ਼ਾ ਮੁਲਾਜ਼ਮਾਂ 'ਤੇ ਮੋਦੀ ਸਰਕਾਰ ਨੇ ਇੱਕ ਹੋਰ ਬੋਝ ਪਾ ਦਿੱਤਾ ਹੈ। ਮੋਦੀ ਸਰਕਾਰ ਦੇ ਵੱਲੋਂ ਕਿਰਤੀਆਂ ਨੌਕਰੀ ਪੇਸ਼ਾ ਮੁਲਾਜ਼ਮਾਂ ਕੋਲੋਂ 8 ਘੰਟੇ ਕੰਮ ਕਰਨ ਦਾ ਅਧਿਕਾਰ ਖੋਹ ਲਿਆ ਗਿਆ ਹੈ ਅਤੇ ਉਨ੍ਹਾਂ 'ਤੇ 8 ਘੰਟੇ ਤੋਂ ਵਧਾ ਕੇ 12 ਘੰਟੇ ਵਾਲਾ ਤਾਨਾਸ਼ਾਹੀ ਫ਼ਰਮਾਨ ਥੋਪ ਦਿੱਤਾ ਹੈ। ਇਸ ਦੇ ਕਾਰਨ ਮੁਲਾਜ਼ਮਾਂ ਅਤੇ ਕਿਰਤੀਆਂ ਦੇ ਵਿੱਚ ਮੋਦੀ ਸਰਕਾਰ ਪ੍ਰਤੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਦੱਸਣਾ ਇਹ ਵੀ ਬਣਦਾ ਹੈ ਕਿ, ਕਾਰਖ਼ਾਨਿਆਂ, ਫੈਕਟਰੀਆਂ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਕੰਮ ਪੈ ਸਕਦਾ ਹੈ। ਮੋਦੀ ਸਰਕਾਰ ਦੇ ਵੱਲੋਂ ਨਿਯਮਾਂ ਵਿੱਚ ਬਦਲਾਅ ਕਰਕੇ ਡਿਊਟੀ ਦਾ ਸਮਾਂ 8 ਘੰਟੇ ਤੋਂ ਵੱਧਾ ਕੇ 12 ਘੰਟੇ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਹੈ। ਦੱਸ ਦਈਏ ਕਿ ਕਿਰਤੀਆਂ, ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਵੱਲੋਂ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਨਵੇਂ ਕਾਨੂੰਨ ਦੇ ਵਿਰੁੱਧ ਸੰਘਰਸ਼ ਛੇੜ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਇਹ ਫ਼ੈਸਲਾ ਹਾਲੇ ਤੱਕ ਲਾਗੂ ਨਹੀਂ ਹੋਇਆ।