ਆਵਾਮ ਦੇ ਪੈਸੇ 'ਤੇ, ਲੀਡਰ ਐਸ਼ ਕਰਨ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 24 2020 15:25
Reading time: 1 min, 56 secs

ਇੱਕ ਪਾਸੇ ਤਾਂ ਮੋਦੀ ਸਰਕਾਰ ਦੇ ਵੱਲੋਂ ਇਹ ਸਕੀਮ ਚਲਾਈ ਜਾ ਰਹੀ ਹੈ ਕਿ 'ਗ਼ਰੀਬੀ ਹਟਾਓ', ਪਰ ਦੂਜੇ ਪਾਸੇ ਮੋਦੀ ਸਰਕਾਰ ਦੇ ਵੱਲੋਂ ਗ਼ਰੀਬਾਂ ਨੂੰ ਹਟਾਇਆ ਜਾ ਰਿਹਾ ਹੈ। ਦੱਸਣਾ ਬਣਦਾ ਹੈ, ਕਿ ਲੰਘੇ ਦਿਨੀਂ ਕਸ਼ਮੀਰੀ ਤੋਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਜੰਮੂ ਕਸ਼ਮੀਰ ਦੇ ਅੰਦਰ ਜੰਗਲਵਾਸੀ ਜੋ ਸਦੀਆਂ ਤੋਂ ਜੰਗਲਾਂ ਦੀ ਸੁਰੱਖਿਆ ਕਰ ਰਹੇ ਹਨ, ਉਨ੍ਹਾਂ ਨੂੰ ਮੋਦੀ ਸਰਕਾਰ ਦੇ ਵੱਲੋਂ ਗ਼ੈਰ-ਕਾਨੂੰਨੀ ਐਲਾਨ ਕੇ ਅਤੇ ਗ਼ੈਰ ਕਾਨੂੰਨੀ ਤਰੀਕੇ ਦੇ ਨਾਲ ਉਨ੍ਹਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ।

ਗ਼ਰੀਬਾਂ ਨੂੰ ਪਹਿਲੀ ਗੱਲ ਤਾਂ ਕੋਈ ਨੋਟਿਸ ਨਹੀਂ ਦਿੱਤਾ ਜਾ ਰਿਹਾ, ਉੱਥੇ ਹੀ ਦੂਜੇ ਪਾਸੇ ਜੰਮੂ ਕਸ਼ਮੀਰ ਵਾਸੀਆਂ ਕੋਲੋਂ ਜ਼ਮੀਨ ਖ਼ੋਹਣ ਦਾ ਜੋ ਮੋਦੀ ਸਰਕਾਰ ਨੇ ਪਿਛਲੇ ਦਿਨੀਂ ਕਾਲਾ ਕਾਨੂੰਨ ਲਿਆਂਦਾ ਹੈ, ਉਸ ਨੂੰ ਜੰਮੂ ਕਸ਼ਮੀਰ ਦੇ ਅੰਦਰ ਲਾਗੂ ਕਰਕੇ, ਕਸ਼ਮੀਰੀਆਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਇੱਕ ਪਾਸੇ ਤਾਂ ਕਸ਼ਮੀਰ ਦੇ ਅੰਦਰ ਕਸ਼ਮੀਰੀਆਂ 'ਤੇ ਅੱਤਿਆਚਾਰ ਜਾਰੀ ਹੈ, ਪਰ ਦੂਜੇ ਪਾਸੇ ਮੋਦੀ ਹਕੂਮਤ ਦੇ ਵੱਲੋਂ ਸੰਸਦ ਮੈਂਬਰਾਂ ਨੂੰ ਖ਼ੁਸ਼ ਕਰਨ ਦੇ ਲਈ ਨਵੀਆਂ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਖ਼ਬਰਾਂ ਦੀ ਮੰਨੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੰਸਦ ਮੈਂਬਰਾਂ ਲਈ ਨਵੇਂ ਰਿਹਾਇਸ਼ੀ ਸਥਾਨਾਂ ਦਾ ਲੰਘੇ ਦਿਨੀਂ ਉਦਘਾਟਨ ਕੀਤਾ। ਦਿੱਲੀ ਵਿੱਚ ਸੰਸਦ ਭਵਨ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਹੀ ਸੰਸਦ ਮੈਂਬਰਾਂ ਲਈ ਨਵੇਂ ਰਿਹਾਇਸ਼ੀ ਸਥਾਨ ਤਿਆਰ ਕੀਤੇ ਗਏ ਹਨ। ਸੰਸਦ ਮੈਂਬਰਾਂ ਲਈ ਇਹ ਹੁਣ ਬੰਗਲੇ ਨਹੀਂ, ਸਗੋਂ ਬਹੁ ਮੰਜ਼ਿਲਾਂ ਇਮਾਰਤ ਵਿੱਚ ਤਿਆਰ ਕੀਤੇ ਗਏ ਫ਼ਲੈਟਸ ਹਨ। ਇਸ ਅਪਾਰਟਮੈਂਟ ਲਈ 218 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ।

ਪਰ ਇਸ ਨੂੰ 14 ਫ਼ੀਸਦੀ ਘੱਟ ਲਾਗਤ ਭਾਵ 188 ਕਰੋੜ ਰੁਪਏ 'ਚ ਤਿਆਰ ਕੀਤਾ ਗਿਆ ਹੈ। ਦੱਸਣਾ ਬਣਦਾ ਹੈ, ਕਿ ਇੱਕ ਪਾਸੇ ਤਾਂ ਗ਼ਰੀਬਾਂ ਦੇ ਲਈ ਸਿਰ ਲੁਕਾਉਣ ਨੂੰ ਜਗ੍ਹਾ ਨਹੀਂ ਹੈ ਅਤੇ ਪੱਕੀ ਛੱਤ ਨੂੰ ਕਰੋੜਾਂ ਭਾਰਤੀ ਤਰਸ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੰਸਦ ਮੈਂਬਰਾਂ ਵਾਸਤੇ ਐਸ਼ੋ ਅਰਾਮ ਦੇ ਫ਼ਲੈਟਸ ਤਿਆਰ ਕੀਤੇ ਜਾ ਰਹੇ ਹਨ। ਜਨਤਾ ਦੇ ਪੈਸੇ ਨੂੰ ਜਿਸ ਪ੍ਰਕਾਰ ਸੰਸਦ ਮੈਂਬਰਾਂ 'ਤੇ ਮੋਦੀ ਸਰਕਾਰ ਵਹਾ ਰਹੀ ਹੈ, ਇਸ ਤੋਂ ਪਤਾ ਲਗਦਾ ਹੈ ਕਿ ਮੋਦੀ ਹਕੂਮਤ ਲੋਕ ਵਿਰੋਧੀ ਹਕੂਮਤ ਹੈ।

ਦੱਸਣਾ ਬਣਦਾ ਹੈ, ਕਿ ਸੰਸਦ ਮੈਂਬਰਾਂ ਲਈ ਬਣਿਆ ਹਰੇਕ ਫ਼ਲੈਟ ਚਾਰ ਬੈੱਡਰੂਮ ਵਾਲਾ ਹੈ। ਜਿਨ੍ਹਾਂ ਵਿੱਚੋਂ ਇੱਕ ਬੈੱਡਰੂਮ ਮਹਿਮਾਨ ਲਈ ਵੀ ਹੋਵੇਗਾ। ਇਸ ਦਾ ਕਿਚਨ ਪੂਰੀ ਤਰ੍ਹਾਂ ਮਾਡਿਊਲਰ ਹੈ। ਕਮਰਿਆਂ ਅੰਦਰ ਵੱਧ ਤੋਂ ਵੱਧ ਕੁਦਰਤੀ ਰੌਸ਼ਨੀ ਪੁੱਜਣ ਦਾ ਪੂਰਾ ਇੰਤਜ਼ਾਮ ਹੈ। ਹਰੇਕ ਫ਼ਲੈਟ ਵਿੱਚ ਸੇਵਕਾਂ ਤੇ ਸਹਾਇਕਾਂ ਲਈ ਵੀ 2 ਕੁਆਰਟਰ ਦਿੱਤੇ ਗਏ ਹਨ। ਇਹ ਫ਼ਲੈਟ ਤਿਆਰ ਕਰਨ ਲਈ ਫ਼ਲਾਈ ਐਸ਼ ਤੇ ਢਾਹੀਆਂ ਗਈਆਂ ਇਮਾਰਤਾਂ 'ਚੋਂ ਨਿੱਕਲੇ ਮਲਬੇ ਨਾਲ ਬਣੀਆਂ ਇੱਟਾਂ ਦੀ ਵਰਤੋਂ ਕੀਤੀ ਗਈ ਹੈ।