ਚੇਅਰਮੈਨ ਚੀਮਾ ਵਲੋਂ ਬਟਾਲਾ ਦੇ ਹਰ ਘਰ ਨੂੰ ਜਲ ਸਪਲਾਈ ਦਾ ਕੁਨੈਕਸ਼ਨ ਦੇਣ ਦੀਆਂ ਹਦਾਇਤਾਂ

Last Updated: Nov 23 2020 17:09
Reading time: 1 min, 18 secs

ਜਲ ਸਪਲਾਈ ਦੇ ਪਾਣੀ ਦੀ ਕੀਤੀ ਜਾ ਰਹੀ ਹੈ ਸੈਂਪਲਿੰਗ

ਬਟਾਲਾ, 23 ਨਵੰਬਰ - ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਬਟਾਲਾ ਸ਼ਹਿਰ ਵਿੱਚ ਹਰ ਘਰ ਨੂੰ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਨਵੇਂ ਕੁਨੈਕਸ਼ਨ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ ਤਾਂ ਜੋ ਹਰ ਘਰ ਤੱਕ ਸ਼ੁੱਧ ਪਾਣੀ ਦੀ ਸਪਲਾਈ ਪਹੁੰਚ ਸਕੇ।

ਮੀਟਿੰਗ ਦੌਰਾਨ ਸ. ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਹਦਾਇਤਾਂ ਅਨੁਸਾਰ ਪਹਿਲਾਂ ਹੀ ਬਟਾਲਾ ਜਲ-ਸਪਲਾਈ ਦੀਆਂ 30 ਟਿਊਬਵੈਲਸ ਦੇ ਪਾਣੀ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਦੀ ਗੁਣਵਤਾ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਪਾਣੀ ਦੀਆਂ ਪਾਈਪ ਲਾਈਨਾਂ ਰਾਹੀਂ ਹੋ ਕੇ ਲੋਕਾਂ ਦੇ ਘਰਾਂ ਵਿੱਚ ਪਹੁੰਚ ਰਹੇ ਪਾਣੀ ਦੇ ਸੈਂਪਲ ਵੀ ਲਏ ਜਾ ਰਹੇ ਤਾਂ ਜੋ ਇਸ ਗੱਲ ਨੂੰ ਪੱਕਿਆਂ ਕੀਤਾ ਜਾ ਸਕੇ ਕਿ ਰਸਤੇ ਵਿੱਚ ਕਿਤੇ ਪਾਈਪਾਂ ਲੀਕੇਜ ਹੋਣ ਕਾਰਨ ਪਾਣੀ ਦੂਸ਼ਤ ਨਾ ਹੋ ਗਿਆ ਹੋਵੇ। ਸ. ਚੀਮਾ ਨੇ ਕਿਹਾ ਕਿ ਪਹਿਲਾਂ ਵੀ ਦੋ ਵਾਰ ਬਟਾਲਾ ਸ਼ਹਿਰ ਵਿੱਚ ਦੂਸ਼ਿਤ ਪਾਣੀ ਕਾਰਨ ਬਿਮਾਰੀ ਫੈਲ ਚੁੱਕੀ ਹੈ ਜਿਸ ਵਿੱਚ ਕਈ ਜਾਨਾ ਵੀ ਗਈਆਂ ਸਨ ਅਤੇ ਸਰਕਾਰ ਦੁਬਾਰਾ ਅਜਿਹਾ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਹਰ ਘਰ ਨੂੰ ਸਾਫ ਤੇ ਸ਼ੁੱਧ ਪਾਣੀ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ।

ਜਲ ਸਪਲਾਈ ਵਿਭਾਗ ਦੇ ਐੱਸ.ਡੀ.ਓ. ਗੁਰਜਿੰਦਰ ਸਿੰਘ ਨੇ ਸ. ਚੀਮਾ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੀ 100 ਫੀਸਦੀ ਵਸੋਂ ਨੂੰ ਸਾਫ ਪਾਣੀ ਦੇਣ ਦੇ ਪ੍ਰੋਜੈਕਟ ਤਹਿਤ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇ।