ਹਾਕਮ ਹਾਰਨਗੇ, ਮੋਰਚੇ ਜਿੱਤਣਗੇ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 23 2020 17:10
Reading time: 1 min, 59 secs

ਪੰਜਾਬ ਵਿੱਚ ਹੁਣ ਤੱਕ ਜਿੰਨੇ ਵੀ ਮੋਰਚੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ, ਮੁਲਾਜ਼ਮਾਂ ਆਦਿ ਦੇ ਲੱਗੇ ਹਨ, ਹਰ ਮੋਰਚੇ 'ਤੇ ਹਾਕਮ ਧਿਰ ਹਾਰੀ ਹੈ, ਜਦੋਂਕਿ ਮੋਰਚੇ ਲਗਾਉਣ ਵਾਲੇ ਜਿੱਤੇ ਹਨ। ਪੰਜਾਬ ਵਿੱਚ ਇਸ ਵੇਲੇ ਇੱਕ ਪਾਸੇ ਤਾਂ ਕਿਸਾਨ ਮੋਰਚੇ ਜਾਰੀ ਹਨ, ਦੂਜੇ ਪਾਸੇ ਪੰਜਾਬ ਦੇ ਅੰਦਰ ਮੁਲਾਜ਼ਮਾਂ ਦੇ ਸੰਘਰਸ਼ ਵੀ ਜਾਰੀ ਹਨ। ਮੁਲਾਜ਼ਮਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਨਾਲ ਜੋ ਵਾਅਦੇ ਪੰਜਾਬ ਵਿਚਲੀ ਕੈਪਟਨ ਸਰਕਾਰ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲੋਂ ਕੀਤੇ ਗਏ ਸਨ, ਉਨ੍ਹਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ।

ਪਰ, ਪੰਜਾਬ ਸਰਕਾਰ ਮੁਲਾਜ਼ਮਾਂ ਦੀ ਇੱਕ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਲਈ ਰਾਜ਼ੀ ਨਹੀਂ ਹੈ ਅਤੇ ਪੰਜਾਬ ਵਿੱਚ ਮੁਲਾਜ਼ਮਾਂ ਦੀ ਮੰਗ ਵੱਲ ਧਿਆਨ ਦੇਣ ਲਈ ਕੈਪਟਨ ਸਰਕਾਰ ਰਾਜ਼ੀ ਨਹੀਂ ਹੈ। ਮੁਲਾਜ਼ਮ ਵਰਗ, ਕਿਸਾਨ ਮਜ਼ਦੂਰ ਤੇ ਵਿਦਿਆਰਥੀ ਵਰਗ ਇਸ ਵੇਲੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਹੈ ਅਤੇ ਵੱਖ ਵੱਖ ਜਗ੍ਹਾਵਾਂ 'ਤੇ ਮੋਰਚੇ ਲਗਾ ਕੇ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਨ੍ਹਾਂ ਮੋਰਚਿਆਂ ਦੇ ਵਿੱਚ ਇਸ ਵਕਤ ਇਨਕਲਾਬ ਦੀ ਗੱਲ ਹੋ ਰਹੀ ਹੈ।

ਦੱਸਣਾ ਬਣਦਾ ਹੈ, ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਪਿੰਡਾਂ ਅਤੇ ਟੌਲ ਪਲਾਜ਼ਿਆਂ ਤੋਂ ਇਲਾਵਾ ਰੇਲਵੇ ਸਟੇਸ਼ਨਾਂ 'ਤੇ ਕਿਸਾਨਾਂ ਮਜ਼ਦੂਰਾਂ ਦੇ ਧਰਨੇ ਜਾਰੀ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਉਲੀਕੇ ਸੰਘਰਸ਼ਾਂ ਤਹਿਤ ਠੇਕਾ ਮੁਲਾਜ਼ਮਾਂ ਵੱਲੋਂ ਕਾਲੀਆਂ ਝੰਡੀਆਂ ਨਾਲ ਕਾਲੇ ਚੋਲੇ ਪਾ ਕੇ ਰੋਸ ਪ੍ਰਦਰਸ਼ਨ ਕਰਕੇ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਵੇਂ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਅਤੇ ਆਪਣੀਆਂ ਵੱਖ ਵੱਖ ਮੰਗਾਂ ਸਰਕਾਰ ਸਾਹਮਣੇ ਰੱਖੀਆਂ।

ਧਰਨੇ ਦੌਰਾਨ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਨੇ ਕਿਹਾ ਕਿ, ਇੱਕ ਪਾਸੇ ਪੰਜਾਬ ਸਰਕਾਰ ਇਕ ਲੱਗ ਨੌਕਰੀਆਂ ਦੇਣ ਦੀਆਂ ਗੱਲਾਂ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਤਹਿਤ ਸਮੂਹ ਵਿਭਾਗਾਂ ਵਿਚੋਂ ਅਸਾਮੀਆਂ ਦਾ ਵੱਡੀ ਪੱਧਰ 'ਤੇ ਖ਼ਾਤਮਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਸਮੂਹ ਅਦਾਰਿਆਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ।

ਪਰ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਲੰਘੇ ਚਾਰ ਸਾਲਾਂ ਵਿਚ ਕਿਸੇ ਵੀ ਅਦਾਰੇ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ, ਸਗੋਂ ਸਰਕਾਰ ਸਮੂਹ ਅਦਾਰਿਆਂ ਵਿਚੋਂ ਠੇਕਾ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਵਾਲੇ ਪਾਸੇ ਤੁਰੀ ਹੋਈ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੈਲਫ਼ੇਅਰ ਐਕਟ 2016 ਨੂੰ ਲਾਗੂ ਕਰਨ ਤੋਂ ਟਾਲਾ ਵੱਟਣ ਦੇ ਨਾਲ ਨਾਲ ਐਕਟ ਨੂੰ ਤੋੜ ਕੇ ਐਕਟ ਵਿਚ ਸ਼ਾਮਲ ਕੈਟਾਗਿਰੀਆਂ, ਆਊਟਸੋਰਸਿੰਗ, ਠੇਕਾ ਪ੍ਰਣਾਲੀ ਤੇ ਇਨਲਿਸਟਮੈਂਟ ਆਦਿ ਨੂੰ ਐਕਟ ਵਿਚੋਂ ਬਾਹਰ ਕਰਕੇ ਨਵਾਂ ਵੈੱਲਫੇਅਰ ਐਕਟ 2020 ਲਿਆਉਣ ਵਾਲੇ ਪਾਸੇ ਤੁਰੀ ਹੋਈ ਹੈ।