ਭਾਰਤ ਦੇਸ਼ ਦੇ ਅੰਦਰ ਹੁਣ ਤੱਕ ਜਿੰਨੀਆਂ ਵੀ ਵੱਡੀਆਂ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਦੀਆਂ ਸਾਜਿਸ਼ਾਂ ਪੰਜਾਬ ਦੇ ਅੰਦਰ ਨਹੀਂ, ਬਲਕਿ ਵਿਦੇਸ਼ਾਂ ਦੇ ਵਿੱਚ ਹੀ ਘੜੀਆਂ ਗਈਆਂ ਹਨ। ਕਈ ਵੱਡੀਆਂ ਹਸਤੀਆਂ ਦੇ ਜਦੋਂ ਕਤਲ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਕਾਤਲਾਂ ਦਾ ਜਦੋਂ ਪੁਲਿਸ ਕੋਈ ਸੁਰਾਗ ਪਤਾ ਨਹੀਂ ਲਗਾ ਪਾਉਂਦੀ ਤਾਂ, ਇਸ ਦਾ ਮਤਲਬ ਸਿੱਧਾ ਹੈ, ਕਿ ਉਕਤ ਕੇਸ ਦਾ ਕੁਨੈਕਸ਼ਨ ਵਿਦੇਸ਼ ਦੇ ਨਾਲ ਹੀ ਜੁੜਿਆ ਹੋਇਆ ਹੈ। ਪੰਜਾਬ ਵਿੱਚ ਬੇਅਬਦੀ ਕਾਂਡ 2015 ਦੇ ਦਰਮਿਆਨ ਵਾਪਰਿਆ ਅਤੇ ਇਸ ਕਾਂਡ ਨੇ ਸਮੂਹ ਜਗਤ ਦੇ ਮਨ ਨੂੰ ਠੇਸ ਪਹੁੰਚਾ ਕੇ ਰੱਖ ਦਿੱਤੀ।
ਮੁਸਲਮਾਨ, ਹਿੰਦੂ ਅਤੇ ਹੋਰ ਤਬਕੇ ਸਿੱਖਾਂ ਦੇ ਨਾਲ ਆਣ ਖੜੇ ਅਤੇ ਉਨ੍ਹਾਂ ਨੇ ਇਨਸਾਫ਼ ਦੀ ਮੰਗ ਰੱਖੀ ਕਿ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਪੁਲਿਸ ਸਲਾਖਾਂ ਪਿੱਛੇ ਸੁੱਟੇ। ਖ਼ੈਰ, ਇਨਸਾਫ਼ ਮਿਲਣਾ ਹਾਲੇ ਬਾਕੀ ਹੈ, ਪਰ ਇਨਸਾਫ਼ ਮਿਲਣ ਤੋਂ ਪਹਿਲੋਂ ਹੀ ਵਿਦੇਸ਼ਾਂ ਦੇ ਅੰਦਰ ਬੈਠੇ ਕੁੱਝ ਕੁ ਲੋਕਾਂ ਦੇ ਵੱਲੋਂ ਸਾਜਿਸ਼ਾਂ ਘੜ ਕੇ, ਆਪਣੇ ਹੀ ਦੋਸ਼ੀ ਲੱਭ ਕੇ, ਸਜ਼ਾਵਾਂਦਿੱਤੀਆਂ ਜਾ ਰਹੀਆਂ ਹਨ। ਵੈਸੇ, ਅਸੀਂ ਇੱਥੇ ਸਪੱਸ਼ਟ ਕਰ ਦਈਏ ਕਿ, ਅਦਾਲਤੀ ਫ਼ੈਸਲਿਆਂ ਦਾ ਇਤਜ਼ਾਰ ਨਾ ਕਰਨ ਅਤੇ ਖ਼ੁਦ ਹੀ ਦੁਸ਼ਮਣ ਨੂੰ ਗੋਲੀਆਂ ਮਾਰ ਕੇ ਸਜ਼ਾ ਦੇਣ ਦਾ, ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ।
ਪਰ, ਭਾਰਤ ਅੰਦਰ ਅਜਿਹਾ ਹੋ ਰਿਹਾ ਹੈ। ਦੱਸਣਾ ਬਣਦਾ ਹੈ, ਕਿ ਪਿਛਲੇ ਦਿਨੀਂ ਪੰਜਾਬ ਦੇ ਭਗਤਾ ਭਾਈਕਾ ਦੇ ਡੇਰਾ ਪ੍ਰੇਮੀ ਜਤਿੰਦਰਬੀਰ ਅਰੋੜਾ ਉਰਫ਼ ਜਿੰਮੀ ਦੇ ਪਿਤਾ ਮਨੋਹਰ ਲਾਲ ਦਾ ਕਤਲ ਹੋ ਗਿਆ ਅਤੇ ਇਸ ਦੀ ਵੀਡੀਓ ਫੁਟੇਜ਼ ਵੀ ਵਾਇਰਲ ਹੋ ਗਈ। ਵੀਡੀਓ ਵਿੱਚ ਇਹੀ ਵਿਖਾਇਆ ਗਿਆ, ਕਿ ਦੋ ਨੌਜਵਾਨ ਆਉਂਦੇ ਹਨ ਅਤੇ ਉਹ ਦੁਕਾਨ ਦੇ ਅੰਦਰ ਦਾਖ਼ਲ ਹੋ ਕੇ ਮਨੋਹਰ ਲਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਹਨ। ਅੱਜ ਕਰੀਬ 5 ਦਿਨ ਬੀਤ ਜਾਣ ਦੇ ਬਾਅਦ ਵੀ ਕਾਤਲ ਫੜੇ ਨਹੀਂ ਗਏ, ਜਦੋਂਕਿ ਇੱਕ ਫ਼ੇਸਬੁੱਕੀ ਨੇ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਪੁਲਿਸ ਦੇ ਲਈ ਇਹ ਕੇਸ ਜਿੱਥੇ ਸਿਰਦਰਦੀ ਬਣਿਆ ਪਿਆ ਹੈ, ਉੱਥੇ ਹੀ ਮਨੋਹਰ ਲਾਲ ਦੇ ਕਤਲ ਦੀ ਤਾਰ ਵਿਦੇਸ਼ ਦੇ ਨਾਲ ਜੁੜ ਰਹੀ ਹੈ। ਫੇਸਬੁੱਕ ਰਾਹੀਂ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਜਿਹੜੇ ਵਿਅਕਤੀ ਦੇ ਵੱਲੋਂ ਲਈ ਗਈ ਹੈ, ਉਹ ਖ਼ਾਤਾ ਭਾਰਤ ਵਿੱਚ ਨਹੀਂ, ਬਲਕਿ ਕਿਸੇ ਬਾਹਰਲੇ ਮੁਲਕ ਤੋਂ ਚੱਲ ਰਿਹਾ ਹੈ। ਵਿਦੇਸ਼ ਵਿੱਚੋਂ ਚੱਲ ਰਹੇ ਇਸ ਖ਼ਾਤੇ 'ਤੇ ਹੀ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਮਗਰੋਂ ਪੁਲਿਸ ਨੂੰ ਸਮਝ ਨਹੀਂ ਆ ਰਹੀ ਕਿ, ਉਹ ਆਖ਼ਰ ਪੰਜਾਬ ਦੇ ਅੰਦਰ ਕਿਹੜੇ ਮੁਲਜ਼ਮ ਨੂੰ ਫੜਣ ਅਤੇ ਕਿਹੜੇ ਨੂੰ ਛੱਡਣ?
ਦੱਸਣਾ ਬਣਦਾ ਹੈ, ਕਿ ਜਦੋਂ ਮਨੋਹਰ ਲਾਲ ਦਾ ਕਤਲ ਕਰਨ ਵਾਲੇ ਦਾ ਫੇਸਬੁੱਕ ਅਕਾਉਂਟ ਬਾਰੇ ਪੂਰੀ ਜਾਣਕਾਰੀ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਇਹ ਫੇਸਬੁੱਕ ਅਕਾਊਂਟ ਮਨੀਲਾ ਤੋਂ ਅਪਡੇਟ ਹੋ ਰਿਹਾ ਹੈ। ਬਠਿੰਡਾ ਪੁਲਿਸ ਹੁਣ ਗੈਂਗਸਟਰ ਸੁੱਖਾ ਗਿੱਲ ਲੰਮੇ ਕੇ ਦੀ ਭਾਲ ਵਿੱਚ ਲੱਗੀ ਹੋਈ ਹੈ, ਕਿਉਂਕਿ ਫ਼ੇਸਬੁੱਕ ਪੋਸਟ ਵਿੱਚ ਮਨੋਹਰ ਲਾਲ ਦਾ ਕਤਲ ਕਰਨ ਵਾਲੇ ਦੇ ਬਾਰੇ ਦਾਅਵਾ ਇਹ ਕੀਤਾ ਗਿਆ ਸੀ, ਕਿ ਸੁੱਖਾ ਗਿੱਲ ਲੰਮੇ ਕੇ ਗਰੁੱਪ ਦੇ ਨਾਲ ਜੁੜੇ ਗੈਂਗਸਟਰਾਂ ਨੇ ਮਨੋਹਰ ਲਾਲ ਦਾ ਕਤਲ ਕੀਤਾ ਹੈ।
ਪੰਜਾਬ ਪੁਲਿਸ ਦੇ ਸੂਤਰਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ, ਕਿ ਵਿਵਾਦਿਤ ਮਾਮਲਿਆਂ ਦੇ ਨਾਲ ਜੁੜੇ ਲੋਕਾਂ ਦੇ ਕਤਲ ਜਦੋਂ ਵੀ ਹੁੰਦੇ ਹਨ ਤਾਂ, ਉਨ੍ਹਾਂ ਦੀ ਤਾਰ ਵਿਦੇਸ਼ਾਂ ਦੇ ਨਾਲ ਹੀ ਜਾ ਕੇ ਜੁੜਦੀ ਹੈ। ਪੰਜਾਬ ਵਿੱਚ ਹੁੰਦੇ ਕਤਲਾਂ ਦੀਆਂ ਸਾਜਿਸ਼ਾਂ ਅਕਸਰ ਵਿਦੇਸ਼ਾਂ ਦੇ ਵਿੱਚ ਤਾਂ ਘੜੀਆਂ ਜਾਂਦੀਆਂ ਹਨ ਤਾਂ, ਜੋ ਇੱਥੇ ਪੰਜਾਬ ਵਿੱਚ ਸਟਿੰਗ ਕਰਕੇ ਸਿੱਧਾ ਕਤਲ ਹੀ ਕੀਤਾ ਜਾ ਸਕੇ। ਅਜਿਹੇ ਕਤਲ ਹੋਣੇ, ਜਿੱਥੇ ਕਈ ਸਵਾਲਾਂ ਨੂੰ ਤਾਂ ਜਨਮ ਦਿੰਦੇ ਹੀ ਹਨ, ਨਾਲ ਹੀ ਸਵਾਲ ਪੈਦਾ ਕਰਦੇ ਹਨ, ਕਿ ਆਖ਼ਰ ਕਿਵੇਂ ਵਿਦੇਸ਼ੀ ਫੇਸਬੁੱਕੀਏ ਏਨਾ ਵੱਡਾ ਨੈੱਟਵਰਕ ਚਲਾ ਕੇ, ਕਿਸੇ ਦੂਜੇ ਦੇਸ਼ ਦੇ ਅੰਦਰ ਕਤਲ ਕਰਵਾ ਰਹੇ ਹਨ?