ਤੂੰ ਫ਼ੀਸ ਵਸੂਲ ਮਰੀਜ਼ ਦਾ ਕੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 23 2020 16:56
Reading time: 2 mins, 44 secs

ਅਜੋਕੇ ਸਮੇਂ ਵਿੱਚ ਬਹੁਤ ਹੀ ਘੱਟ ਡਾਕਟਰ ਅਜਿਹੇ ਹਨ, ਜੋ ਮਰੀਜ਼ ਦਾ ਇਲਾਜ਼ ਆਪਣੇ ਸੱਚੇ ਮਨ ਤੋਂ ਕਰ ਰਹੇ ਹਨ। ਪੈਸਿਆਂ ਦਾ ਲਾਲਚ ਬਹੁਤ ਘੱਟ ਡਾਕਟਰਾਂ ਨੂੰ ਹੈ, ਪਰ ਬਹੁਤ ਸਾਰੇ ਡਾਕਟਰ ਇਸ ਵੇਲੇ ਅਜਿਹੇ ਹਨ, ਜੋ ਸਿਰਫ਼ ਪੈਸੇ ਦੀ ਖ਼ਾਤਰ ਹੀ ਮਰੀਜ਼ ਦੇ ਇਲਾਜ਼ ਵਿੱਚ ਲੱਗੇ ਹੋਏ ਹਨ। ਜੇਕਰ ਤਾਂ ਡਾਕਟਰਾਂ ਦਾ ਮੂੰਹ ਪੈਸੇ ਦੇ ਨਾਲ ਭਰਿਆ ਰਹੇ, ਫਿਰ ਤਾਂ ਠੀਕ ਹੈ, ਪਰ ਜਦੋਂ ਮਰੀਜ਼ ਦੇ ਪਰਿਵਾਰ ਵਾਲੇ ਆਰਥਿਤ ਪ੍ਰੇਸ਼ਾਨੀ ਦੇ ਚੱਲਦਿਆਂ ਪੈਸੇ ਪੂਰੇ ਨਹੀਂ ਭਰ ਪਾਉਂਦੇ ਤਾਂ, ਲਾਲਚੀ ਡਾਕਟਰ (ਸਾਰੇ ਨਹੀਂ) ਮਰੀਜ਼ ਦੀ ਜਾਨ ਵੀ ਲੈ ਲੈਂਦੇ ਹਨ।

ਦਰਅਸਲ, ਨਿੱਜੀ ਹਸਪਤਾਲਾਂ ਦੇ ਅੰਦਰ ਇਸ ਵੇਲੇ ਡਾਕਟਰਾਂ ਦੇ ਮੂੰਹ ਵਿੱਚੋਂ ਇੱਕੋ ਆਵਾਜ਼ ਸੁਣਨ ਨੂੰ ਮਿਲ ਰਹੀ ਹੈ ਅਤੇ ਉਹ ਆਪਣੇ ਸਹਿਯੋਗੀ ਡਾਕਟਰਾਂ ਨੂੰ ਕਹਿ ਰਹੇ ਹਨ, ਕਿ 'ਤੂੰ ਫ਼ੀਸ ਵਸੂਲ ਮਰੀਜ਼ ਦਾ ਕੀ ਐ, ਬਚਣਾ ਹੋਣਾ ਹੋਇਆ ਤਾਂ ਬਚ ਜਾਓ? ਮਰੀਜ਼ ਦੇ ਪਰਿਵਾਰ ਵਾਲਿਆਂ ਦੀ ਛਿੱਲ ਲਾਉਣ ਦੇ ਲਈ ਇਸ ਵੇਲੇ ਨਿੱਜੀ ਹਸਪਤਾਲਾਂ ਦੇ ਡਾਕਟਰ ਪਿੱਛੇ ਨਹੀਂ ਹਨ ਅਤੇ ਉਹ ਅਜਿਹੇ ਸ਼ੈਤਾਨ ਬਣਦੇ ਜਾ ਰਹੇ ਹਨ, ਕਿ ਉਨ੍ਹਾਂ ਨੂੰ ਕਿਸੇ ਦੀ ਵੀ ਜਾਨ ਦੀ ਕੋਈ ਪ੍ਰਵਾਹ ਨਹੀਂ ਅਤੇ ਉਹ ਖੁੱਲ੍ਹੇਆਮ ਮਰੀਜ਼ਾਂ ਦੀ ਜਾਨ ਦੇ ਨਾਲ ਖਿਲਵਾੜ ਵੀ ਕਰ ਰਹੇ ਹਨ।

ਦੱਸਣਾ ਬਣਦਾ ਹੈ, ਕਿ ਦੇਸ਼ ਦੇ ਅੰਦਰ ਬਹੁਤ ਸਾਰੇ ਡਾਕਟਰ ਅਜਿਹੇ ਵੀ ਹਨ, ਜੋ ਮਰੀਜ਼ ਦੇ ਪਰਿਵਾਰ ਵਾਲਿਆਂ ਦੇ ਹਾਲਾਤ ਨੂੰ ਸਮਝ ਕੇ, ਮਰੀਜ਼ ਨੂੰ ਬਚਾਉਣ ਦੇ ਵਾਸਤੇ ਆਪਣਾ ਪੂਰਾ ਜ਼ੋਰ ਜਿੱਥੇ ਲਗਾਉਂਦੇ ਹਨ, ਉੱਥੇ ਹੀ ਮਰੀਜ਼ 'ਤੇ ਖ਼ਰਚ ਹੁੰਦੇ ਪੈਸੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਹਨ। ਭਾਵੇਂ ਕਿ ਇਸ ਵੇਲੇ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਪਰ ਇਸ ਕਹਿਰ ਦੇ ਦੌਰਾਨ ਡਾਕਟਰਾਂ ਦੇ ਵੱਲੋਂ ਪੂਰੀ ਲੁੱਟ ਮਰੀਜ਼ਾਂ ਦੀ ਕੀਤੀ ਜਾ ਰਹੀ ਹੈ। ਡਾਕਟਰਾਂ ਦੇ ਵੱਲੋਂ ਇਹ ਨਹੀਂ ਵੇਖਿਆ ਜਾ ਰਿਹਾ ਕਿ, ਮਰੀਜ਼ ਦੇ ਪੱਲੇ ਕੁੱਝ ਹੈ ਜਾਂ ਨਹੀਂ?

ਬਸ, ਚਾਰੇ ਪਾਸੇ ਲਾਲਚ ਹੀ ਲਾਲਚ ਏਨਾ ਡਾਕਟਰਾਂ ਨੂੰ ਵਿਖਾਈ ਦੇ ਰਿਹਾ ਹੈ ਅਤੇ ਇਹ ਡਾਕਟਰ ਪੈਸੇ ਦੇ ਪਿੱਛੇ ਹੀ ਭੱਜ ਰਹੇ ਹਨ। ਭਾਰਤ ਦੇ ਹਸਪਤਾਲਾਂ ਦੀ ਹਾਲਤ ਕੋਰੋਨਾ ਆਉਣ ਤੋਂ ਪਹਿਲੋਂ ਵੀ ਕਾਫ਼ੀ ਮਾੜੀ ਸੀ ਅਤੇ ਹੂਣ ਕੋਰੋਨਾ ਆਉਣ ਦੇ ਬਾਅਦ ਹੋਰ ਮਾੜੀ ਹੋ ਗਈ ਹੈ। ਸਰਕਾਰ ਦੇ ਵੱਲੋਂ ਹਸਪਤਾਲਾਂ 'ਤੇ ਪੈਸਾ ਤਾਂ ਨਹੀਂ ਖ਼ਰਚਿਆ ਜਾ ਰਿਹਾ, ਪਰ ਆਪਣੇ ਐਸ਼ੋ ਆਰਾਮ ਦੀ ਖ਼ਾਤਰ ਲੀਡਰ ਕਰੋੜਾਂ ਰੁਪਏ ਦੇ ਜਹਾਜ਼ ਖ਼ਰੀਦ ਕੇ, ਵਿਦੇਸ਼ਾਂ ਦੀਆਂ ਸੈਰਾਂ ਕਰਨ ਦੇ ਵਿੱਚ ਰੁੱਝੇ ਹੋਏ ਹਨ ਅਤੇ ਰਾਫ਼ੇਲ ਨੂੰ ਵੇਖ ਕੇ ਢਿੱਡ ਭਰ ਰਹੇ ਹਨ।

ਦੱਸਣਾ ਬਣਦਾ ਹੈ ਕਿ, ਸਰਕਾਰੀ ਹਸਪਤਾਲਾਂ ਦੀ ਹਾਲਤ ਸਾਨੂੰ ਸਭ ਨੂੰ ਪਤਾ ਹੀ ਹੈ, ਕਿ ਉੱਥੇ ਸਹੀ ਸਲਾਮਤ ਮਰੀਜ਼ ਵੀ ਲੈ ਕੇ ਜਾਓ ਤਾਂ ਬਹੁਤੇ ਮਰੀਜ਼ਾਂ ਦੀਆਂ ਉੱਥੋਂ ਲਾਸ਼ਾਂ ਹੀ ਆਉਂਦੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਦੇ ਨਾਲ ਨਾਲ ਬੈੱਡਾਂ ਦੀ ਘਾਟ ਅਤੇ ਡਾਕਟਰਾਂ ਦੀ ਵੀ ਵੱਡੇ ਪੱਧਰ 'ਤੇ ਕਮੀ ਹੈ। ਸਟਾਫ਼ ਆਦਿ ਜ਼ਿਆਦਾ ਨਾ ਹੋਣ ਦੇ ਕਾਰਨ ਸਰਕਾਰੀ ਹਸਪਤਾਲ ਚਿੱਟੇ ਹਾਥੀ ਬਣੇ ਪਏ ਹਨ। ਦੂਜੇ ਪਾਸੇ ਇਸੇ ਗੱਲ ਦਾ ਹੀ ਫ਼ਾਇਦਾ ਨਿੱਜੀ ਹਸਪਤਾਲਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ।

ਕੋਰੋਨਾ ਪੀੜ੍ਹਤ ਇੱਕ ਤਾਂ ਪਹਿਲੋਂ ਖ਼ਤਰਨਾਕ ਬਿਮਾਰੀ ਦੇ ਨਾਲ ਲੜ ਰਹੇ ਹੁੰਦੇ ਹਨ, ਉੱਥੇ ਹੀ ਦੂਜੇ ਪਾਸੇ ਨਿੱਜੀ ਹਸਪਤਾਲਾਂ ਦੇ ਡਾਕਟਰ ਅਤੇ ਪ੍ਰਸਾਸ਼ਨ ਉਨ੍ਹਾਂ ਦੀ ਹੋਰ ਲੁੱਟ ਕਰਨ ਵਿੱਚ ਰੁੱਝ ਜਾਂਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਨੂੰ ਦਵਾਈਆਂ ਅਤੇ ਹੋਰ ਸਮਾਨ ਸਸਤੇ ਵਿੱਚ ਮਿਲਦਾ ਹੈ, ਜਦੋਂਕਿ ਪ੍ਰਾਈਵੇਟ ਹਸਪਤਾਲਾਂ ਵਾਲੇ ਖੁੱਲ੍ਹੇਆਮ ਲੁੱਟ ਕਰਨ ਦੇ ਨਾਲ ਨਾਲ ਫ਼ਾਲਤੂ ਬਿੱਲ ਬਣਾਉਣ 'ਤੇ ਵੀ ਜ਼ੋਰ ਲੱਗਾ ਰਹਿੰਦਾ ਹੈ। ਕੋਰੋਨਾ ਤੋਂ ਬਹੁਤ ਸਾਰੇ ਲੋਕ ਜਿੱਥੇ ਡਰੇ ਪਏ ਹਨ, ਉੱਥੇ ਹੀ ਉਨ੍ਹਾਂ ਦੀ ਲੁੱਟ ਕਰਦਿਆਂ ਹੋਇਆ ਨਿੱਜੀ ਹਸਪਤਾਲਾਂ ਦੇ ਡਾਕਟਰ ਮਨਮਰਜ਼ੀ ਦੀ ਵਸੂਲੀ ਕਰ ਰਹੇ ਹਨ। ਸਰਕਾਰਾਂ ਨੂੰ ਇਨ੍ਹਾਂ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਜੋ ਗ਼ਰੀਬਾਂ ਦੀ ਲੁੱਟ ਕਰਨ ਦੇ ਵਿੱਚ ਲੱਗੇ ਹੋਏ ਹਨ।