ਕੀ ਅਗਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਹਾਰਨਾ ਚਾਹੁੰਦੀ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 21 2020 13:33
Reading time: 2 mins, 25 secs

ਇਹ ਸਵਾਲ ਹੁਣ ਉਹ ਮੁਲਾਜ਼ਮ ਜਥੇਬੰਦੀਆਂ, ਕਿਸਾਨ, ਮਜ਼ਦੂਰ, ਨੌਜਵਾਨ ਅਤੇ ਆਮ ਲੋਕ ਕਰ ਰਹੇ ਹਨ, ਕਿ ਕੀ 2022 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਕਾਂਗਰਸ ਹਾਰਨਾ ਚਾਹੁੰਦੀ ਹੈ? ਇਸ ਸਵਾਲ ਦਾ ਜਵਾਬ ਬਹੁਤ ਸਾਰੇ ਕਾਂਗਰਸੀ ਇਹੀ ਦੇ ਰਹੇ ਹਨ ਕਿ, ਮੁਲਾਜ਼ਮ ਜਥੇਬੰਦੀਆਂ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਕਾਂਗਰਸ ਤੋਂ ਕੀ ਤਕਲੀਫ਼ ਹੈ, ਉਹ ਸਿੱਧਾ ਆ ਕੇ ਸੰਪਰਕ ਕਿਉਂ ਨਹੀਂ ਕਰਦੇ? ਖ਼ੈਰ, ਇਹ ਸਵਾਲ ਹੁਣ ਕਾਂਗਰਸ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ।

ਦੱਸਣਾ ਬਣਦਾ ਹੈ, ਕਿ ਇੱਕ ਪਾਸੇ ਤਾਂ ਪੰਜਾਬ ਭਰ ਦੇ ਕਿਸਾਨ ਸੜਕਾਂ ਅਤੇ ਰੇਲ ਪਟੜੀਆਂ 'ਤੇ ਉੱਤਰ ਕੇ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਹਨ, ਇਸੇ ਦੇ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣਨ ਲਈ ਕੈਪਟਨ ਹਕੂਮਤ ਤਿਆਰ ਨਹੀਂ ਹੈ। ਕਿਸਾਨਾਂ ਦੀ ਮੰਗ ਹੈ ਕਿ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਮੋਦੀ ਸਰਕਾਰ ਰੱਦ ਕਰੇ ਅਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਦੇ ਹੋਏ ਕੈਪਟਨ ਸਰਕਾਰ ਵੀ ਮੋਦੀ ਨੂੰ ਕੋਸੇ ਅਤੇ ਕਿਸਾਨਾਂ ਦੇ ਸੰਘਰਸ਼ ਵਿੱਚ ਆ ਕੇ ਖੜ੍ਹੇ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਮੰਤਰੀ ਤੇ ਵਿਧਾਇਕ ਉੱਤੋਂ ਉੱਤੋਂ ਤਾਂ ਆ ਕੇ ਕਿਸਾਨਾਂ ਦੇ ਰੋਹ ਵਿੱਚ ਸ਼ਾਮਲ ਹੋ ਰਹੇ ਹਨ, ਜਦੋਂਕਿ ਅੰਦਰਖ਼ਾਤੇ ਇਹ ਵੀ ਚਾਅ ਰਹੇ ਹਨ ਕਿ ਪੰਜਾਬ ਦਾ ਕਿਸਾਨ ਉੱਜੜੇ। ਦੱਸਣਾ ਬਣਦਾ ਹੈ, ਕਿ ਕਿਸਾਨਾਂ ਦੇ ਨਾਲ ਨਾਲ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਸੂਬਾ ਭਰ ਵਿੱਚ ਇਕੱਠੇ ਹੋਏ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਦਰਜਾ ਚਾਰ ਕਰਮਚਾਰੀਆਂ, ਕੰਟਰੈਕਟ, ਆਊਟ ਸੋਰਸ, ਡੇਲੀਵੇਜਿਜ਼ ਤੇ ਪਾਰਟ ਟਾਈਮ ਦੇ ਕਰਮਚਾਰੀਆਂ ਸੰਘਰਸ਼ ਕਰ ਰਹੇ ਹਨ।

ਪਰ, ਉਨ੍ਹਾਂ ਦੀ ਮੰਗ ਸੁਨਣ ਜਾਂ ਫਿਰ ਮੰਨਣ ਦੀ ਬਿਜਾਏ, ਪੰਜਾਬ ਦੇ ਮੁੱਖ ਮੰਤਰੀ ਆਪਣੇ ਮੋਤੀ ਮਹਿਲ ਵਿੱਚੋਂ ਹੀ ਬਾਹਰ ਨਹੀਂ ਨਿਕਲ ਰਹੇ। ਦੱਸ ਦਈਏ ਕਿ ਲੰਘੇ ਦਿਨ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਵਿਖੇ ਸੂਬੇ ਭਰ ਦੇ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਦਰਜਾ ਚਾਰ ਕਰਮਚਾਰੀਆਂ ਨੇ ਸਵੇਰ ਪੁਲ ਹੇਠਾਂ ਧਰਨਾ ਦਿੱਤਾ। ਤਿੰਨ ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਚੱਲੇ ਧਰਨੇ ਦੀ ਰੈਲੀ ਤੋਂ ਬਾਅਦ ਵੱਡੇ ਕਾਫਲੇ ਦੇ ਰੂਪ ਵਿੱਚ ਕਰਮਚਾਰੀਆਂ ਨੇ ਮੋਤੀ ਮਹਿਲ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ।

ਕਰਮਚਾਰੀਆਂ ਦਾ ਮਾਰਚ ਜਿਵੇਂ ਹੀ ਪੋਲੋ ਗਰਾਊਂਡ ਦੇ ਮੁੱਖ ਗੇਟ ਮੂਹਰੇ ਪੁੱਜਾ ਤਾਂ, ਉਥੇ ਵੱਡੀ ਗਿਣਤੀ ਵਿੱਚ ਖੜ੍ਹੀ ਪੁਲਿਸ ਫ਼ੋਰਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੇ ਰੋਸ ਵਜੋਂ ਕਰਮਚਾਰੀਆਂ ਨੇ ਉਥੇ ਹੀ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਦਰਜਾ ਚਾਰ ਮੁਲਾਜ਼ਮਾਂ ਦੇ ਇਕੱਠ ਦੀ ਅਗਵਾਈ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਹੋਰਨਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਪੰਜਾਬ ਦੇ ਵਿੱਚ ਆਗਾਮੀ 2022 ਦੀਆਂ ਚੋਣਾਂ ਜਿੱਤਣਾ ਹੀ ਨਹੀਂ ਚਾਹੁੰਦੀ।

ਇਸੇ ਕਰਕੇ, ਹੀ ਕਾਂਗਰਸ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਦੇ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਮੁਲਾਜ਼ਮ, ਮਜ਼ਦੂਰ, ਕਿਸਾਨ ਮਾਰੂ ਨੀਤੀਆਂ ਲਈ ਅਤੇ ਪੰਜਾਬ ਸਰਕਾਰ ਚੌਥਾ ਦਰਜਾ ਕਰਮਚਾਰੀਆਂ ਤੇ ਵੱਖ-ਵੱਖ ਕੈਟਾਗਰੀਜ਼ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਕੰਟਰੈਕਟ, ਆਊਟ ਸੋਰਸ, ਡੈਲੀਵੇਜਿਜ਼, ਪਾਰਟ ਟਾਈਮ ਸਮੇਤ ਸਕੀਮ ਵਰਕਰਾਂ ਨੂੰ ਪਿਛਲੇ 4 ਸਾਲਾਂ ਵਿੱਚ ਰੈਗੂਲਰ ਕਰਨ ਦੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਰਕੇ ਅਗਲੀਆਂ ਵਿਧਾਨ ਸਭਾ ਚੋਣਾ ਵਿੱਚ ਹੁਣ ਕਾਂਗਰਸੀ, ਅਕਾਲੀ, ਭਾਜਪਾਈ ਅਤੇ ਆਮ ਆਦਮੀ ਪਾਰਟੀ ਵਾਲੇ ਨਤੀਜੇ ਭੁਗਤਣ ਲਈ ਤਿਆਰ ਰਹਿਣ।