ਹੁਣ ਫ਼ੌਜੀਆਂ ਨੇ ਧੋਹ ਸੁੱਟਿਆ ਗੋਦੀ ਮੀਡੀਆ, ਫਰਜ਼ੀ ਖ਼ਬਰਾਂ ਵਿਖਾਉਣ 'ਤੇ ਪਾਈ ਝਾੜ!! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਗ ਲਾਊ ਖ਼ਬਰਾਂ ਫ਼ੈਲਾ ਕੇ, ਦੇਸ਼ ਦੇ ਅੰਦਰ ਨਫ਼ਰਤ ਭਰਿਆ ਮਾਹੌਲ ਬਣਾਉਣ ਵਾਲੇ ਗੋਦੀ ਮੀਡੀਆ ਨੂੰ ਹਾਲੇ ਦੋ ਦਿਨ ਪਹਿਲੋਂ ਹੀ ਸੁਪਰੀਮ ਕੋਰਟ ਤੋਂ ਝਾੜ ਪਈ ਸੀ ਅਤੇ ਹੁਣ ਇਸੇ ਗੋਦੀ ਮੀਡੀਆ ਦੀਆਂ ਖ਼ਬਰਾਂ ਨੂੰ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਫਰਜ਼ੀ ਕਰਾਰ ਦੇ ਦਿੱਤਾ ਹੈ। ਲੱਗ ਤਾਂ, ਇੰਝ ਰਿਹਾ ਹੈ ਕਿ ਜਿਵੇਂ ਸਰਹੱਦਾਂ 'ਤੇ ਖੜ੍ਹੇ ਫ਼ੌਜੀ ਜਵਾਨਾਂ ਤੋਂ ਵੀ ਅੱਗੇ ਨਿਕਲ ਕੇ ਗੋਦੀ ਮੀਡੀਆ ਰਿਪੋਰਟਿੰਗ ਕਰ ਰਿਹਾ ਹੋਵੇ ਅਤੇ ਪਾਕਿਸਤਾਨ ਤੋਂ ਇਲਾਵਾ ਚੀਨ ਦੀ ਹੱਦ ਦੇ ਅੰਦਰ ਦਾਖਲ ਹੋ ਕੇ, ਖ਼ੁਦ ਦੁਸ਼ਮਣਾਂ ਨੂੰ ਗੋਲੀਆਂ ਮਾਰ ਕੇ, ਖ਼ਬਰਾਂ ਵਿਖਾ ਰਿਹਾ ਹੋਵੇ।

ਪਰ, ਅਜਿਹਾ ਸੰਭਵ ਨਹੀਂ ਹੈ। ਸਰਹੱਦ 'ਤੇ ਕਿਸੇ ਨਿੱਜੀ ਚੈਨਲ ਨੂੰ ਤਾਂ ਕੀ, ਸਰਕਾਰੀ ਚੈਨਲਾਂ ਨੂੰ ਵੀ ਖੰਘਣ ਨਹੀਂ ਦਿੱਤਾ ਜਾਂਦਾ। ਜੋ ਕੁੱਝ ਫ਼ੌਜ ਦੇ ਅਧਿਕਾਰੀ ਅਤੇ ਖ਼ੂਫੀਆ ਤੰਤਰ ਜ਼ਰੀਏ ਤਸਵੀਰਾਂ ਜਾਂ ਫਿਰ ਵੀਡੀਓ ਮਿਲਦੀਆਂ ਹਨ, ਉਨ੍ਹਾਂ ਨੂੰ ਹੀ ਘੁਮਾ ਫਿਰਾ ਕੇ ਗੋਦੀ ਮੀਡੀਆ ਸਾਰਾ ਦਿਨ ਟੀਵੀ ਚੈਨਲਾਂ 'ਤੇ ਵਿਖਾਉਂਦਾ ਰਹਿੰਦਾ ਹੈ। ਅਸਲ ਦੇ ਵਿੱਚ ਜਦੋਂ ਵੀ ਸਰਹੱਦ 'ਤੇ ਕੋਈ ਆਰਪੇਸ਼ਨ ਚੱਲਦਾ ਹੈ ਤਾਂ, ਫ਼ੌਜ ਦੇ ਦਾਅਵਿਆਂ ਤੋਂ ਪਹਿਲੋਂ ਹੀ ਗੋਦੀ ਮੀਡੀਆ ਮਰਨ ਵਾਲਿਆਂ ਦੀ ਗਿਣਤੀ ਦੱਸਣ 'ਤੇ ਤੁਰ ਪੈਂਦਾ ਹੈ।

ਭਾਵੇਂਕਿ, ਬਾਅਦ ਵਿੱਚ ਗੋਦੀ ਮੀਡੀਆ ਆਪਣੀਆਂ ਚਲਾਈਆਂ ਖ਼ਬਰਾਂ 'ਤੇ ਮੁਆਫ਼ੀ ਨਹੀਂ ਮੰਗਦਾ, ਪਰ ਆਪਣੀ ਹੈੱਡਲਾਈਨ ਨੂੰ ਬਾਅਦ ਵਿੱਚ ਜ਼ਰੂਰ ਦਰੁਸਤ ਕਰ ਲੈਂਦਾ ਹੈ। ਖ਼ੈਰ, ਸਰਹੱਦ ਦੇ ਨਾਲ ਜੁੜੀਆਂ ਝੂਠੀਆਂ ਖ਼ਬਰਾਂ ਵਿਖਾਉਣ ਵਾਲੇ ਗੋਦੀ ਮੀਡੀਆ ਨੂੰ ਅਕਸਰ ਹੀ ਬੁੱਧੀਜੀਵੀਆਂ ਅਤੇ ਸਮਝਦਾਰ ਅਧਿਕਾਰੀਆਂ ਕੋਲੋਂ ਝਾੜ ਪੈਦੀ ਹੀ ਰਹਿੰਦੀ ਹੈ। ਦਰਅਸਲ, ਗੋਦੀ ਮੀਡੀਆ ਆਪਣਾ ਹੋਸ਼ ਇਸ ਵਕਤ ਗਵਾ ਚੁੱਕਾ ਹੈ ਅਤੇ ਮੋਦੀ ਦੀ ਚਮਚਾਬਾਜੀ ਏਨੀ ਕਰ ਰਿਹਾ ਹੈ, ਕਿ ਖਾਦੀ ਪੀਤੀ ਵਿੱਚ ਗੋਦੀ ਮੀਡੀਆ ਨੂੰ ਇਹ ਵੀ ਪਤਾ ਨਹੀ ਲੱਗ ਰਿਹਾ ਕਿ ਉਹ ਕਿਹੜੀ ਖ਼ਬਰ ਵਿਖਾ ਰਿਹਾ ਹੈ।

ਫੌਜ ਦੇ ਨਾਲ ਜੁੜੀਆ ਖ਼ਬਰਾਂ ਵਿਖਾ ਕੇ ਅਕਸਰ ਹੀ ਗੋਦੀ ਮੀਡੀਆ ਟੀਆਰਪੀ ਬਟੋਰਦਾ ਰਹਿੰਦਾ ਹੈ। ਪਰ ਲੰਘੇ ਦਿਨੀਂ ਜਦੋਂ ਚਾਰ ਅੱਤਵਾਦੀ ਮਾਰੇ ਜਾਣ ਦੀ ਖ਼ਬਰ ਸਮੂਹ ਮੀਡੀਆ ਚੈਨਲਾਂ ਤੇ ਚੱਲ ਰਹੀ ਸੀ ਤਾਂ, ਇਸੇ ਦੌਰਾਨ ਹੀ ਕਈ ਗੋਦੀ ਮੀਡੀਆ ਚੈਨਲਾਂ ਨੇ ਇਹ ਖ਼ਬਰ ਵਿਖਾਉਣੀ ਸ਼ੁਰੂ ਕਰ ਦਿੱਤੀ ਕਿ, ਕੰਟਰੋਲ ਰੇਖਾ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜਾ ਕੇ ਭਾਰਤੀ ਫੌਜ ਨੇ ਹਮਲਾ ਕੀਤਾ ਹੈ। ਜਦੋਂਕਿ ਸ਼ਾਮ ਸਮੇਂ ਗੋਦੀ ਮੀਡੀਆ ਨੂੰ ਚੰਗੀ ਝਾੜ ਪਾਉਂਦੇ ਹੋਏ, ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਕਹਿ ਦਿੱਤਾ ਕਿ ਕੰਟਰੋਲ ਰੇਖਾ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜਾ ਕੇ ਕਿਸੇ ਵੀ ਭਾਰਤੀ ਫੌਜ ਨੇ ਹਮਲਾ ਨਹੀਂ ਕੀਤਾ।

ਭਾਰਤ ਵੱਲੋਂ ਗੁਲਾਮ ਕਸ਼ਮੀਰ ਵਿੱਚ ਪਿੰਨ ਪੁਆਇੰਟ ਸਟ੍ਰਾਈਕ ਅਫ਼ਵਾਹ ਹੈ। ਅਜਿਹੀ ਕੋਈ ਕਾਰਵਾਈ ਫ਼ੌਜ ਨੇ ਨਹੀਂ ਕੀਤੀ। ਭਾਰਤੀ ਫ਼ੌਜ ਦੇ ਜਨਰਲ ਡਾਇ. ਫ਼ੌਜ ਮੁਹਿੰਮ ਲੈਫ਼ਟੀਨੈਂਟ ਜਨਰਲ ਪਰਮਜੀਤ ਸਿੰਘ ਨੇ ਕਿਹਾ ਕਿ ਕੰਟਰੋਲ ਲਾਈਨ ਦੇ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤੀ ਫ਼ੌਜ ਦੀ ਕਾਰਵਾਈ ਦੀ ਰਿਪੋਰਟ ਤੇ ਖ਼ਬਰਾਂ ਫ਼ਰਜ਼ੀ ਹਨ। ਭਾਰਤੀ ਫ਼ੌਜ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਵੀਰਵਾਰ ਨੂੰ ਕੋਈ ਕਾਰਵਾਈ ਫ਼ੌਜ ਦੇ ਵੱਲੋਂ ਨਹੀਂ ਕੀਤੀ ਗਈ, ਜਦੋਂਕਿ ਮੀਡੀਆ ਦੁਆਰਾ ਵਿਖਾਈਆਂ ਜਾ ਰਹੀਆਂ ਖ਼ਬਰਾਂ ਫ਼ਰਜ਼ੀ ਹਨ।