ਅੰਦਰਲੀ ਗੱਲ: ਇੰਝ ਹੋਵੇਗਾ ਪੰਜਾਬ ਅਮਰੀਕੀ ਕੰਪਨੀਆਂ ਦਾ ਗ਼ੁਲਾਮ!! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦਾ ਸੰਘਰਸ਼ ਕੇਂਦਰ ਵਿਚਲੀ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਲੋਕ ਮਾਰੂ ਖੇਤੀ ਕਾਨੂੰਨਾਂ ਦੇ ਵਿਰੁੱਧ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਵੱਲੋਂ ਪੰਜਾਬ ਨੂੰ ਉਜਾੜਣ ਵਾਸਤੇ ਨਵੀਆਂ ਨਵੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ। 1947 ਵੇਲੇ ਅਸੀਂ ਬੜਾ ਲੰਮਾ ਸੰਘਰਸ਼ ਕਰਕੇ ਗੋਰਿਆਂ ਨੂੰ ਆਪਣੇ ਦੇਸ਼ ਦੇ ਵਿੱਚੋਂ ਭਜਾਇਆ, ਪਰ ਪੰਜਾਬ ਵਿਚਲੀ ਕਾਂਗਰਸ ਸਰਕਾਰ ਦੇ ਵੱਲੋਂ ਫਿਰ ਤੋਂ ਪੰਜਾਬ ਦੇ ਅੰਦਰ ਗੋਰਿਆਂ ਨੂੰ ਵਾੜ ਕੇ ਪੰਜਾਬ ਦਾ ਘਾਣ ਕਰਨ 'ਤੇ ਲੱਗੀ ਹੋਈ ਹੈ।

ਦਰਅਸਲ, ਇਸ ਅੰਦਰਲੀ ਗੱਲ ਦਾ ਖ਼ੁਲਾਸਾ ਉਸ ਵੇਲੇ ਹੋਇਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਮਰੀਕਾ-ਪੰਜਾਬ ਨਿਵੇਸ਼ਕ ਗੋਲਮੇਜ਼ ਕਾਨਫਰੰਸ-2020 ਦੇ ਵਰਚੁਅਲ ਉਦਘਾਟਨ ਕੀਤਾ ਗਿਆ। ਇੱਕ ਪਾਸੇ ਤਾਂ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਅੰਦਰ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਵਾੜ ਕੇ ਪੰਜਾਬ ਨੂੰ ਉਜਾੜਣ 'ਤੇ ਤੁਲੇ ਹੋਏ ਹਨ। ਦੱਸਣਾ ਬਣਦਾ ਹੈ ਕਿ ਕੈਪਟਨ ਨੇ ਆਪਣੇ ਭਾਸ਼ਣ ਦੌਰਾਨ ਖ਼ੁਦ ਮੰਨਿਆ ਕਿ, ਉਹ ਕਾਰਪੋਰੇਟਾਂ ਦੇ ਖਿਲਾਫ ਨਹੀਂ ਹੈ।

ਇਸ ਤੋਂ ਅਸੀਂ ਅੰਦਾਜ਼ਾ ਲਗਾ ਹੀ ਸਕਦੇ ਹਾਂ, ਕਿ ਪੰਜਾਬ ਸਰਕਾਰ ਕਾਰਪੋਰੇਟਰਾਂ ਨੂੰ ਕਿੰਨੀ ਸ਼ਹਿ ਦੇ ਰਹੀ ਹੋਵੇਗੀ। ਖ਼ੈਰ, ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਸ ਪ੍ਰਕਾਰ ਦੇਸ਼ ਦੀਆਂ ਸਰਕਾਰੀ ਕੰਪਨੀਆਂ ਅਤੇ ਸਰਕਾਰੀ ਵਿਭਾਗਾਂ ਨੂੰ ਵੇਚਣ 'ਤੇ ਲੱਗਿਆ ਹੋਇਆ ਹੈ, ਬਿਲਕੁਲ ਉਸੇ ਰਾਹ 'ਤੇ ਚੱਲਦਿਆਂ ਹੋਇਆ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਦੇ ਅੰਦਰ ਕਾਰਪੋਰੇਟ ਘਰਾਣਿਆਂ ਨੂੰ ਵਾੜ ਕੇ, ਪੰਜਾਬ ਨੂੰ ਵੇਚਣ 'ਤੇ ਪੂਰਾ ਜ਼ੋਰ ਲਗਾ ਰਿਹਾ ਹੈ। ਪੰਜਾਬ ਦੇ ਅਨੇਕਾਂ ਸਰਕਾਰੀ ਅਦਾਰਿਆਂ ਦਾ ਹੁਣ ਤੱਕ ਨਿੱਜੀਕਰਨ ਹੋ ਗਿਆ ਹੈ।

ਮੁੱਕਦੀ ਗੱਲ ਕਿ ਚਾਰੇ ਪਾਸਿਓਂ ਹੀ, ਦੇਸ਼ ਤੇ ਪੰਜਾਬ ਦਾ ਉਜਾੜਾ ਹੋ ਰਿਹਾ ਹੈ। ਮੋਦੀ ਦੇ ਦੱਸੇ ਰਾਹ 'ਤੇ ਚੱਲਦਿਆਂ ਕੈਪਟਨ ਪੰਜਾਬ ਦੇ ਅੰਦਰ ਅਮਰੀਕੀ ਨਿਵੇਸ਼ਕਾਂ ਨੂੰ ਕਾਰੋਬਾਰ ਪੱਖੀ ਮਾਹੌਲ ਦਾ ਲਾਭ ਉਠਾਉਣ ਲਈ ਕਹਿ ਰਿਹਾ ਹੈ। ਪੰਜਾਬ ਨੂੰ ਵੇਚਣ 'ਤੇ ਤੁਲੀ ਕੈਪਟਨ ਹਕੂਮਤ ਦੀਆਂ ਬੇਸ਼ੱਕ ਅਸੀਂ ਪਹਿਲੋਂ ਵੀ ਖ਼ਬਰਾਂ ਛਾਪ ਚੁੱਕੇ ਹਾਂ, ਪਰ ਇਨ੍ਹਾਂ ਰਿਪੋਰਟਾਂ ਨੂੰ ਸੱਚ ਸਾਬਤ 17 ਨਵੰਬਰ 2020 ਨੂੰ ਆਪਣੇ ਇੱਕ ਜਾਰੀ ਸਰਕਾਰੀ ਪ੍ਰੈੱਸ ਬਿਆਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤਾ।

ਆਪਣੇ ਜਾਰੀ ਪ੍ਰੈੱਸ ਬਿਆਨ ਵਿੱਚ ਕੈਪਟਨ ਨੇ ਖੇਤੀਬਾੜੀ ਬਿੱਲਾਂ ਉੱਤੇ ਸੂਬਾ ਅਤੇ ਕੇਂਦਰ ਸਰਕਾਰਾਂ ਦਰਮਿਆਨ ਮਤਭੇਦਾਂ ਉੱਤੇ ਚਿੰਤਾ ਜਾਹਰ ਕਰਦਿਆਂ ਸਪੱਸ਼ਟ ਸ਼ਬਦਾਂ ਕਿਹਾ ਕਿ 'ਅਸੀਂ ਕਾਰਪੋਰੇਟਾਂ ਦੇ ਖਿਲਾਫ ਨਹੀਂ ਹਾਂ', ਪਰ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਆੜਤੀਆਂ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਰਿਸ਼ਤੇ ਦੀ ਕਾਇਮੀ ਲਈ ਕੋਈ ਵਿਧੀ-ਵਿਧਾਨ ਤਾਂ ਬਣਾਉਣਾ ਪਵੇਗਾ। ਕੈਪਟਨ ਦਾ ਏਨਾ ਹੀ ਕਹਿਣਾ ਕਿ 'ਅਸੀਂ ਕਾਰਪੋਰੇਟਾਂ ਦੇ ਖਿਲਾਫ ਨਹੀਂ ਹਾਂ'। ਇੰਨ੍ਹੇ ਸ਼ਬਦ ਹੀ ਸਾਬਕ ਕਰਦੇ ਹਾਂ ਕਿ ਕੈਪਟਨ ਵੀ ਮੋਦੀ ਦੇ ਨਾਲ ਮਿਲਿਆ ਹੋਇਆ ਹੈ, ਅਤੇ ਚਾਹੁੰਦਾ ਹੈ ਕਿ ਪੰਜਾਬ ਦੇ ਅੰਦਰ ਕਾਰਪੋਰੇਟ ਘਰਾਣੇ ਆਉਣ ਅਤੇ ਪੰਜਾਬ ਦੀ ਖੁੱਲ੍ਹਆਮ ਲੁੱਟ ਕਰਨ।

ਪਹਿਲੋਂ ਬਹੁਤ ਸਾਰੇ ਕਾਰਪੋਰੇਟ ਘਰਾਣੇ ਪੰਜਾਬ ਦੇ ਅੰਦਰ ਆ ਕੇ ਪੰਜਾਬ ਦੀ ਜ਼ਮੀਨ ਨੂੰ ਜਿੱਥੇ ਖੋਖਲਾ ਕਰਨ 'ਤੇ ਲੱਗੇ ਹੋਏ ਹਨ, ਉੱਥੇ ਹੀ ਪੰਜਾਬ ਦੇ ਪਾਣੀਆਂ ਦਾ ਵੀ ਘਾਣ ਕਰ ਰਹੇ ਹਨ। ਪੰਜਾਬ ਦੇ ਉਜਾੜੇ ਲਈ ਫਿਰ ਤੋਂ ਅੰਗਰੇਜ਼ਾਂ ਨੂੰ ਪੰਜਾਬ ਤੇ ਭਾਰਤ ਦੇ ਅੰਦਰ ਮੋਦੀ ਤੇ ਕੈਪਟਨ ਵੱਲੋਂ ਲਿਆਂਦਾ ਜਾ ਰਿਹਾ ਹੈ। ਇਸ ਦਾ ਖ਼ੁਲਾਸਾ ਵੀ ਕੈਪਟਨ ਨੇ ਖੁਦ ਕਰਦਿਆਂ ਹੋਇਆ ਅਮਰੀਕਾ-ਪੰਜਾਬ ਨਿਵੇਸ਼ਕ ਗੋਲਮੇਜ਼ ਕਾਨਫਰੰਸ-2020 ਦੇ ਵਰਚੁਅਲ ਉਦਘਾਟਨੀ ਸੈਸ਼ਨ ਦੌਰਾਨ ਕਿਹਾ ਕਿ 'ਅਸੀਂ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਇਆ, ਜੋ ਅੱਜ ਕਾਫੀ ਹੈ, ਹੋ ਸਕਦਾ ਭਲਕੇ ਨਾ ਹੋਵੇ।' ਕੈਪਟਨ ਨੇ ਇਹ ਵੀ ਸਪੱਸ਼ਟ ਕੀਤਾ ਕਿ, ਭਾਵੇਂ ਭਾਰਤ ਅੱਜ ਅਨਾਜ ਨੂੰ ਬਰਾਮਦ ਕਰ ਰਿਹਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ, ਕਿ ਵਾਧੂ ਅਨਾਜ ਸਦਾ ਹੀ ਰਹੇਗਾ। ਮੁਲਕ ਨੂੰ ਆਪਣੇ ਅੰਨ ਭੰਡਾਰ ਰੱਖਣੇ ਹੋਣਗੇ।