ਹਾਕਮਾਂ ਨੇ ਜਿੱਥੇ ਕਿਸਾਨਾਂ ਨੂੰ ਰੋਕਿਆ, ਹੁਣ ਉੱਥੇ ਬਣੇਗੀ ਛਾਉਣੀ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਵਿਚਲੀ ਮੋਦੀ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਦਾ ਰੋਹ ਪੂਰੇ ਦੇਸ਼ ਦੇ ਅੰਦਰ ਜਾਰੀ ਹੈ। ਲਗਾਤਾਰ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਨਾਲ ਮੀਟਿੰਗਾਂ ਕੀਤੀਆਂ ਵੀ ਜਾ ਰਹੀਆਂ ਹਨ, ਪਰ ਇਹ ਮੀਟਿੰਗਾਂ ਜਿੱਥੇ ਬੇਸਿੱਟਾ ਨਿਕਲ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ, ਕਿ ਕਿਸਾਨ ਮਾਰੂ ਖੇਤੀ ਬਿੱਲਾਂ 'ਤੇ ਮੋਹਰ ਲਗਾਉਣ ਵਾਲੀ ਮੋਦੀ ਹਕੂਮਤ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ, ਜਦੋਂਕਿ ਕਿਸਾਨਾਂ ਦੇ ਸੁਝਾਅ ਲਏ ਬਗ਼ੈਰ ਹੀ ਮੋਦੀ ਸਰਕਾਰ ਨੇ ਖੇਤੀ ਸਬੰਧੀ ਕਾਨੂੰਨਾਂ ਵਿੱਚ ਸੁਧਾਰ ਕਰ ਦਿੱਤਾ ਗਿਆ।

ਕਿਸਾਨਾਂ ਦਾ ਰੋਹ ਜਿੱਥੇ ਦੇਸ਼ ਭਰ ਵਿੱਚ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਕੱਲ੍ਹ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਇਹ ਫ਼ੈਸਲਾ ਲਿਆ ਗਿਆ ਕਿ 26 ਅਤੇ 27 ਨਵੰਬਰ ਨੂੰ ਦੇਸ਼ ਭਰ ਦੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ। ਕਿਸਾਨਾਂ ਦਾ ਇਹ ਵੀ ਸਿੱਧਾ ਤੇ ਸ਼ਰੇਆਮ ਕਹਿਣਾ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਤਾਂ, ਜਿੱਥੇ ਕਿਸਾਨਾਂ ਨੂੰ ਸਰਕਾਰ ਰੋਕੇਗੀ, ਉੱਥੇ ਹੀ ਕਿਸਾਨ ਛਾਉਣੀ ਬਣਾ ਕੇ ਬੈਠੇ ਜਾਣਗੇ ਅਤੇ ਆਪਣੀਆਂ ਮੰਗਾਂ ਦਾ ਹੱਲ ਕਰਵਾ ਕੇ ਹੀ ਉੱਠਣਗੇ।

ਦੱਸਣਾ ਬਣਦਾ ਹੈ, ਕਿ ਰੇਲਬੰਦੀ ਅਤੇ ਹੋਰ ਢੰਗ-ਤਰੀਕਿਆਂ ਨਾਲ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਤਤਪਰ ਮੋਦੀ ਸਰਕਾਰ ਨਾਲ ਨਿਪਟਣ ਲਈ ਕਿਸਾਨ ਜਥੇਬੰਦੀਆਂ ਆਰ-ਪਾਰ ਦੇ ਰੋਹ ਵਿੱਚ ਆ ਗਈਆਂ ਹਨ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਦੇਸ਼ ਭਰ ਦੇ ਕਿਸਾਨ ਸੰਗਠਨਾਂ ਨਾਲ ਮਿਲ ਦੇ ਤਿਆਰ ਕੀਤੇ 'ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ' ਦੇ ਅਗਵਾਈ ਹੇਠ ਦਿੱਲੀ ਘੇਰਨ ਦੀ ਤਿਆਰੀ ਖਿੱਚ ਲਈ ਹੈ। ਲਗਭਗ 500 ਜਥੇਬੰਦੀਆਂ ਦੀ ਸ਼ਮੂਲੀਅਤ ਵਾਲੇ 'ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ' ਦੀ ਚੰਡੀਗੜ੍ਹ ਵਿਖੇ ਕੱਲ੍ਹ ਹੋਈ ਮੀਟਿੰਗ ਦੌਰਾਨ ਸੰਘਰਸ਼ ਦੀ ਅਗਲੇਰੀ ਰੂਪ-ਰੇਖਾ ਤਿਆਰ ਕੀਤੀ ਗਈ।

ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚੋਂ ਕਿਸਾਨ 26-27 ਨਵੰਬਰ ਨੂੰ ਦਿੱਲੀ ਘੇਰਨ ਲਈ ਜਾਣਗੇ। ਇਸ ਦੌਰਾਨ ਜੇਕਰ ਉਨ੍ਹਾਂ ਨੂੰ ਸਰਕਾਰ ਦੇ ਵੱਲੋਂ ਰੋਕਿਆ ਗਿਆ ਤਾਂ ਉਹ ਦਿੱਲੀ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਉਹ 5 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾਣਗੇ ਅਤੇ ਰਸਤੇ ਵਿੱਚ ਜਿੱਥੇ ਵੀ ਉਨ੍ਹਾਂ ਨੂੰ ਰੋਕਿਆ ਗਿਆ, ਉਹ ਉੱਥੇ ਹੀ ਧਰਨਾ ਲਗਾ ਦੇਣਗੇ। ਦੇਸ਼ ਭਰ ਦੀਆਂ 500 ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਮਾਰੂ ਕਰਾਰ ਦਿੰਦਿਆਂ ਕੇਂਦਰ ਦਾ ਡੱਟ ਕੇ ਮੁਕਾਬਲਾ ਕਰਨ ਦਾ ਐਲਾਨ ਕੀਤਾ।

ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਜਨਤਾ ਦਾ ਪੂਰਨ ਸਹਿਯੋਗ ਹਾਸਿਲ ਹੈ। ਉਹ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਲਈ 26 ਤੇ 27 ਨਵੰਬਰ ਨੂੰ ਦਿੱਲੀ ਜ਼ਰੂਰ ਜਾਣਗੇ। ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਅਗਲਾ ਮੋਰਚਾ ਸੰਯੁਕਤ ਕਿਸਾਨ ਮੋਰਚਾ ਬੈਨਰ ਹੇਠ ਲਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਸਾਡਾ ਮੋਰਚਾ 26 ਨਵੰਬਰ ਨੂੰ ਸ਼ੁਰੂ ਹੋਵੇਗਾ, ਪਰ ਇਸ ਦੇ ਖ਼ਤਮ ਹੋਣ ਦੀ ਤਰੀਕ ਨਹੀਂ ਹੈ। ਦਿੱਲੀ ਜਾਣ ਲਈ ਅਸੀਂ 5 ਰਸਤਿਓਂ ਦਾਖ਼ਲ ਹੋਵਾਂਗੇ। ਜੇਕਰ ਸਾਨੂੰ ਰੋਕਿਆ ਤਾਂ ਅਸੀਂ ਪੰਜੇ ਰਸਤਿਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵਾਂਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਰਸਤੇ ਅਣਮਿੱਥੇ ਸਮੇਂ ਲਈ ਬੰਦ ਕੀਤੇ ਜਾਣਗੇ।