ਪੁਲਿਸ ਹੀ ਖੁੱਲ੍ਹ ਦੇ ਰਹੀ ਹੈ ਲੱਚਰ ਗਾਇਕੀ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 20 2020 16:37
Reading time: 2 mins, 5 secs

ਪੰਜਾਬ ਦੀ ਜਵਾਨੀ ਜਿੱਥੇ ਨਸ਼ਿਆਂ ਨੇ ਖਾ ਲਈ ਹੈ, ਉੱਥੇ ਹੀ ਪੰਜਾਬ ਦੀ ਜਵਾਨੀ ਨੂੰ ਹੁਣ ਲੱਚਰ ਗਾਇਕੀ ਬਰਬਾਦ ਕਰਨ 'ਤੇ ਤੁਲੀ ਹੋਈ ਹੈ। ਨੌਜਵਾਨ ਪੀੜ੍ਹੀ ਨੂੰ ਭੜਕਾਉਣ ਅਤੇ ਪੰਜਾਬੀ ਮਾਂ ਬੋਲੀ ਨਾਲ ਖਿਲਵਾੜ ਕਰਨ ਵਾਲੇ ਲੱਚਰ ਗਾਇਕਾਂ ਦੇ ਖ਼ਿਲਾਫ਼ ਬੇਸ਼ੱਕ ਜਾਗਦੀਆਂ ਜ਼ਮੀਰਾਂ ਵਾਲੇ ਉੱਠ ਖੜੇ ਹਨ, ਪਰ ਫਿਰ ਵੀ ਕਈ ਲੱਚ ਗਾਇਕ ਆਪਣੇ ਹਥਿਆਰਾਂ ਵਾਲੇ ਗੀਤ ਅਤੇ ਹੋਰ ਭੜਕਾਓ ਬੋਲੀ ਬੋਲ ਕੇ, ਜਵਾਨੀ ਨੂੰ ਮਾਰਨ 'ਤੇ ਤੁਲੇ ਹੋਏ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਚੈਨਲਾਂ ਤੱਕ ਅੱਜ ਲੱਚਰ ਗਾਇਕਾਂ ਦੇ ਹੀ ਚਰਚੇ ਹੋ ਰਹੇ ਹਨ।

ਪਰ, ਪਿਛਲੇ ਕੁੱਝ ਕੁ ਸਮੇਂ ਤੋਂ ਵੱਖ ਵੱਖ ਮਸਲਿਆਂ ਦੇ ਕਾਰਨ ਵਿਵਾਦਾਂ ਵਿੱਚ ਰਹਿਣ ਵਾਲੇ ਸਿੱਧੂ ਮੂਸੇਵਾਲੇ ਨੂੰ ਕਈ ਲੋਕ ਗਾਇਕ ਕਹਿ ਕੇ ਪੁਕਾਰ ਰਹੇ ਹਨ, ਪਰ ਮੈਂ ਇਸ ਨੂੰ ਗਾਇਕ ਨਹੀਂ ਮੰਨਦਾ। ਕਿਉਂਕਿ ਜਿਹੜਾ ਜਵਾਨੀ ਨੂੰ ਭੜਕਾਉਣ ਦਾ ਕੰਮ ਕਰੇ, ਹਥਿਆਰਾਂ ਨੂੰ ਗੀਤਾਂ ਵਿੱਚ ਪਰਮੋਟ ਕਰੇ ਅਤੇ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰੇ, ਉਹ ਕਦੇ ਵੀ ਗਾਇਕ ਨਹੀਂ ਹੋ ਸਕਦਾ। ਅਸਲ ਵਿੱਚ ਗਾਇਕ ਉਹ ਹੀ ਹੁੰਦਾ ਹੈ, ਜਿਸ ਦੇ ਗੀਤ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਣ ਅਤੇ ਗੀਤ ਲੜਾਈ ਝਗੜੇ ਨਾ ਕਰਵਾਉਂਦੇ ਹੋਣ।

ਦੱਸਣਾ ਬਣਦਾ ਹੈ, ਕਿ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਵਿਵਾਦਾਂ ਵਿੱਚ ਰਹਿਣ ਵਾਲਾ ਸਿੱਧੂ ਮੂਸੇਵਾਲਾ ਫਿਰ ਤੋਂ ਆਪਣੇ ਨਵੇਂ ਗੀਤ 'ਬਾਈ ਬਾਈ' ਨੂੰ ਲੈ ਕੇ ਚਰਚਾ ਦੇ ਵਿੱਚ ਹੈ। ਅਸਲ ਦੇ ਵਿੱਚ ਇਸ ਗੀਤ ਦੇ ਅੰਦਰ ਮੂਸੇਵਾਲਾ ਨੇ ਕੁੱਕੜਾਂ ਦੀ ਲੜਾਈ ਸਬੰਧੀ ਗੱਲਬਾਤ ਆਖੀ ਹੈ। ਇਸ ਸਬੰਧ ਵਿੱਚ ਸਿੱਧੂ ਮੂਸੇਵਾਲਾ ਦੇ ਗੀਤ 'ਬਾਈ-ਬਾਈ' ਵਿੱਚ ਕੁੱਕੜਾਂ ਦੀ ਲੜਾਈ ਸਬੰਧੀ ਭਾਰਤੀ ਪਸ਼ੂ ਭਲਾਈ ਬੋਰਡ ਵੱਲੋਂ ਮੂਸੇਵਾਲਾ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕਰ ਦਿੱਤਾ ਹੈ।

ਖ਼ਬਰਾਂ ਦੇ ਜਾਣਕਾਰੀ ਦੇ ਮੁਤਾਬਿਕ ਗਾਇਕ ਸਿੱਧੂ ਮੂਸੇਵਾਲਾ ਅਤੇ ਗੁਲਾਬ ਸਿੱਧੂ ਵੱਲੋਂ ਗਾਏ ਨਵੇਂ ਗੀਤ 'ਬਾਈ-ਬਾਈ' ਦੀ ਵੀਡੀਓ ਵਿੱਚ ਕੁੱਕੜਾਂ ਦੀ ਲੜਾਈ ਦਿਖਾਉਣ ਵਿਰੁੱਧ ਕੇਂਦਰੀ ਪਸ਼ੂ ਭਲਾਈ ਬੋਰਡ (ਸਬੰਧਤ ਮੱਛੀ, ਪਸ਼ੂ ਭਲਾਈ ਤੇ ਡੇਅਰੀ ਮੰਤਰਾਲਾ ਭਾਰਤ ਸਰਕਾਰ) ਵੱਲੋਂ ਸਬੰਧਤ ਕੰਪਨੀ ਟਰੂ ਮੇਕਰ ਐਂਡ ਗੋਲਡ ਮੀਡੀਆ ਇੰਟਰਟੇਂਨਮੈਂਟ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ ।

ਦੂਜੇ ਪਾਸੇ ਚੰਡੀਗੜ੍ਹ ਦੇ ਪ੍ਰੋ: ਪੰਡਿਤ ਰਾਓ ਧਰੇਨਵਰ ਵੱਲੋਂ ਭਾਰਤੀ ਪਸ਼ੂ ਭਲਾਈ ਬੋਰਡ ਨੂੰ ਕੀਤੀ ਆਪਣੀ ਲਿਖਤੀ ਸ਼ਿਕਾਇਤ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਦੀ ਗਾਇਕੀ ਅਤੇ ਪਸ਼ੂ ਅੱਤਿਆਚਾਰ ਸਬੰਧੀ ਲਗਾਈਆਂ ਕਾਨੂੰਨੀ ਪਾਬੰਦੀਆਂ ਦਾ ਹਵਾਲਾ ਦਿੰਦਿਆ ਮੂਸੇਵਾਲੇ ਦੇ ਨਵੇਂ ਗੀਤ 'ਬਾਈ-ਬਾਈ' ਨੂੰ ਵੀ ਇਸੇ ਆਧਾਰ 'ਤੇ ਲੈਣ ਦੀ ਮੰਗ ਕੀਤੀ ਸੀ, ਜਿਸ 'ਤੇ ਕੇਂਦਰੀ ਪਸ਼ੂ ਭਲਾਈ ਬੋਰਡ (ਸਬੰਧਤ ਮੱਛੀ, ਪਸ਼ੂ ਭਲਾਈ ਤੇ ਡੇਅਰੀ ਮੰਤਰਾਲਾ ਭਾਰਤ ਸਰਕਾਰ) ਵੱਲੋਂ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।

ਹੁਣ ਦੇਖਣਾ ਇਹ ਹੋਵੇਗਾ ਕਿ, ਕੀ ਪੁਲਿਸ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਂਦਾ ਹੈ ਜਾਂ ਨਹੀਂ, ਜਾਂ ਫਿਰ ਪੁਲਿਸ ਵੀ ਹੋਰਨਾਂ ਮਾਮਲਿਆਂ ਦੀ ਤਰ੍ਹਾਂ ਇਸ ਨੂੰ ਵੀ ਰੱਦੂ ਬੱਦੂ ਕਰ ਦੇਵੇਗੀ? ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ ਕਿ ਕੀ ਬਣਦੈ?