ਅੱਤਵਾਦੀ ਤਾਂ ਘੱਟ, ਪਰ ਸਰਕਾਰਾਂ ਵੱਧ ਮਾਹੌਲ ਖ਼ਰਾਬ ਕਰਨ ਦੀ ਤਾਕ 'ਚ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 20 2020 16:33
Reading time: 2 mins, 4 secs

ਹੁਣ ਤੱਕ ਦੇਸ਼ ਦੇ ਅੰਦਰ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਹਰ ਸਰਕਾਰ ਦੇ ਵੱਲੋਂ ਹੀ ਇਹੀ ਰੌਲਾ ਪਾਇਆ ਜਾਂਦਾ ਰਿਹਾ ਹੈ ਕਿ ਭਾਰਤ ਵਿੱਚ ਜੰਮੂ ਕਸ਼ਮੀਰ ਅਤੇ ਪੰਜਾਬ ਦੀਆਂ ਸਰਹੱਦਾਂ ਰਾਹੀਂ ਹੀ ਪਾਕਿਸਤਾਨ ਵਾਲੇ ਪਾਸਿਓਂ ਅੱਤਵਾਦੀ ਆ ਰਹੇ ਹਨ। ਸਰਕਾਰਾਂ ਦੇ ਇਸ ਪਾਏ ਰੌਲੇ ਦਾ ਨੁਕਸਾਨ ਕਿਸੇ ਲੀਡਰ ਨੂੰ ਤਾਂ ਹੁੰਦਾ ਨਹੀਂ ਹੈ, ਪਰ ਭਾਰਤ ਦੀ ਅਵਾਮ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਜਾਂਦਾ ਹੈ। ਬੇਸ਼ੱਕ ਅੱਤਵਾਦੀ ਬਹੁਤ ਖ਼ਤਰਨਾਕ ਹੁੰਦੇ ਹਨ, ਪਰ ਇਹ ਅੱਤਵਾਦੀ ਹਾਕਮਾਂ ਦੁਆਰਾ ਬੋਲੀ ਗਈ ਨਫ਼ਰਤ ਦੀ ਭਾਸ਼ਾ ਤੋਂ ਖ਼ਤਰਨਾਕ ਨਹੀਂ ਹੁੰਦੇ।

ਅਜਿਹਾ, ਅਸੀਂ ਇਸ ਲਈ ਕਹਿ ਰਹੇ ਹਾਂ, ਕਿਉਂਕਿ ਜਦੋਂ ਦੇਸ਼ ਦੇ ਮੁੱਦੇ ਉੱਮੜੇ ਹੁੰਦੇ ਹਨ ਤਾਂ, ਦੇਸ਼ ਦੇ ਹਾਕਮ ਲੋਕ ਮੁੱਦਿਆਂ ਨੂੰ ਖ਼ਤਮ ਕਰਨ ਵਾਸਤੇ ਅੱਤਵਾਦੀਆਂ ਭਾਰਤ ਵਿੱਚ ਪੰਜਾਬ ਸਮੇਤ ਜੰਮੂ ਸਰਹੱਦ ਦੇ ਰਸਤੇ ਆਉਣ ਦਾ ਡਰ ਲੋਕਾਂ ਦੇ ਮਨਾਂ ਵਿੱਚ ਭਰ ਦਿੰਦੇ ਹਨ। ਅੱਤਵਾਦੀ ਪਤਾ ਨਹੀਂ ਪੰਜਾਬ ਆਉਂਦੇ ਹਨ ਜਾਂ ਨਹੀਂ, ਪਰ ਹਾਕਮਾਂ ਦੁਆਰਾ ਕੀਤੀ ਜਾਂਦੀ ਬਿਆਨਬਾਜੀ ਤੋਂ ਗੋਦੀ ਮੀਡੀਆ ਵੀ ਚੰਗੀ 'ਟੀਆਰਪੀ' ਬਟੋਰ ਲੈਂਦਾ ਹੈ। ਲੋਕ ਮਸਲਿਆਂ 'ਤੇ ਮਿੱਟੀ ਪਾਉਣ ਦੇ ਲਈ ਸਭ ਤੋਂ ਵੱਧ ਹਾਕਮ ਅੱਤਵਾਦੀ ਅਤੇ ਜੰਗ ਦਾ ਰੌਲਾ ਪਾਉਂਦੇ ਹਨ।

ਦੱਸਣਾ ਬਣਦਾ ਹੈ ਕਿ, ਸਰਕਾਰ ਜਿੱਥੇ ਅੱਗ ਲਾਊ ਬਿਆਨ ਦੇ ਰਹੀ ਹੈ, ਉੱਥੇ ਹੀ ਗੋਦੀ ਮੀਡੀਆ ਵੀ ਸਰਕਾਰ ਦਾ ਪੂਰੀ ਤਰ੍ਹਾਂ ਨਾਲ ਪੱਖ ਪੂਰ ਰਿਹਾ ਹੈ। ਕਾਂਗਰਸ ਅਤੇ ਹੋਰਨਾਂ ਵਿਰੋਧੀ ਦਲਾਂ ਦੇ ਦੋਸ਼ਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਹਰ ਵੇਲੇ ਹੀ ਇਹੀ ਕਹਿਣਾ ਹੁੰਦਾ ਹੈ ਕਿ ਮੋਦੀ ਸਰਕਾਰ ਦੀਆਂ ਖੂਫ਼ੀਆ ਅਤੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਲਗਾਤਾਰ ਭਾਰਤ ਦਾ ਮਾਹੌਲ ਠੀਕ ਕਰਨ ਦੀ ਬਿਜਾਏ, ਸਗੋਂ ਮਾਹੌਲ ਵਿਗਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ, ਪਰ ਹਾਕਮ ਇਸ 'ਤੇ ਰੋਟੀਆਂ ਸੇਕ ਰਹੇ ਹਨ।

ਪਿਛਲੇ ਦਿਨੀਂ ਜਦੋਂ, ਇਹ ਖ਼ਬਰ ਸਾਹਮਣੇ ਆਈ ਕਿ, ਭਾਰਤ ਦੀ ਖੂਫੀਆ ਏਜੰਸੀ ਦੇ ਅਧਿਕਾਰੀ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਭਾਰਤ ਵਿੱਚ ਅੱਤਵਾਦੀ ਭੇਜਣ ਲਈ ਪਾਕਿਸਤਾਨ ਪੰਜਾਬ ਅਤੇ ਜੰਮੂ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) ਦਾ ਇਸਤੇਮਾਲ ਕਰ ਰਿਹਾ ਹੈ। ਇਸ ਖ਼ਬਰ ਨੂੰ ਪੜ੍ਹ ਕੇ ਇੰਝ ਲੱਗਿਆ, ਜਿਵੇਂ ਇਹ ਖੂਫੀਆ ਏਜੰਸੀਆਂ ਦੇ ਅਧਿਕਾਰੀ ਵੀ ਨਹੀਂ ਚਾਹੁੰਦੇ ਕਿ ਲੋਕ ਮਸਲਿਆਂ ਦਾ ਹੱਲ ਹੋਵੇ। ਜਾਣਕਾਰੀ ਦੇ ਮੁਤਾਬਿਕ ਬਹੁਤ ਸਮਾਂ ਹੋ ਚੁੱਕਿਆ ਹੈ, ਪੰਜਾਬ ਦੀ ਸਰਕਾਰ ਵਿੱਚੋਂ ਕੋਈ ਅੱਤਵਾਦੀ ਕਰਾਂਸ ਨਹੀਂ ਕਰ ਸਕਿਆ।

ਪਰ ਇਸ ਦੇ ਬਾਵਜੂਦ ਖੂਫ਼ੀਆ ਅਧਿਕਾਰੀ ਇਹ ਆਖਣ 'ਤੇ ਲੱਗੇ ਹੋਏ ਹਨ ਕਿ ਪੰਜਾਬ ਦੀਆਂ ਸਰਹੱਦਾਂ ਵਿੱਚੋਂ ਅੱਤਵਾਦੀ ਭਾਰਤ ਦੇ ਅੰਦਰ ਦਾਖ਼ਲ ਹੋ ਰਹੇ ਹਨ। ਜੰਮੂ ਦੇ ਸਰਹੱਦੀ ਖੇਤਰ ਵਿੱਚੋਂ ਤਾਂ ਅਕਸਰ ਅੱਤਵਾਦੀ ਆਰ ਪਾਰ ਜਾਂਦੇ ਆਉਂਦੇ ਰਹਿੰਦੇ ਹਨ, ਪਰ ਪੰਜਾਬ ਦੀ ਸਰਹੱਦ ਦਾ ਨਾਂਅ ਲੈਣਾ, ਠੀਕ ਨਹੀਂ ਹੈ। ਖ਼ੈਰ, ਸੀਨੀਅਰ ਖ਼ੂਫੀਆ ਅਧਿਕਾਰੀ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤ ਭੇਜਣ ਲਈ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਲਈ ਉਹ ਪੰਜਾਬ ਤੇ ਜੰਮੂ ਖੇਤਰ ਦਾ ਇਸਤੇਮਾਲ ਕਰ ਰਿਹਾ ਹੈ।