ਹਾਕਮਾਂ ਨੇ ਆਪਣੇ ਆਸ਼ਿਆਨੇ 'ਚ ਬੁਲਾ ਕੇ ਕਿਸਾਨਾਂ ਨੂੰ ਕੀਤਾ ਅਪਮਾਨਿਤ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 19 2020 15:34
Reading time: 1 min, 53 secs

ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਵਾਲੀ ਕੇਂਦਰ ਵਿਚਲੀ ਮੋਦੀ ਸਰਕਾਰ ਇੱਕ ਪਾਸੇ ਤਾਂ ਟੱਸ ਤੋਂ ਮੱਸ ਨਹੀਂ ਹੋ ਰਹੀ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵੀ ਕਿਸਾਨਾਂ ਦੇ ਧਰਨਿਆਂ ਨੂੰ ਕੁਚਲਣ ਵਾਸਤੇ ਨਵੇਂ-ਨਵੇਂ ਢੰਗ ਤਰੀਕੇ ਵਰਤੇ ਜਾ ਰਹੇ ਹਨ। ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੇ ਪੰਜਾਬ ਕਾਂਗਰਸੀ ਮੰਤਰੀਆਂ ਦੇ ਵਿਰੁੱਧ ਕਿਸਾਨਾਂ ਦਾ ਰੋਹ ਹੁਣ ਤੇਜ਼ ਹੁੰਦਾ ਜਾ ਰਿਹਾ ਹੈ, ਕਿਉਂਕਿ ਪੰਜਾਬ ਕਾਂਗਰਸੀ ਮੰਤਰੀ ਹੁਣ ਕਿਸਾਨਾਂ ਦੇ ਨਾਲ ਨਾਲ, ਬਲਕਿ ਵਿਰੋਧ ਵਿੱਚ ਜਾ ਕੇ ਖੜ੍ਹੇ ਹੋ ਗਏ ਹਨ।

ਦਰਅਸਲ, ਲੰਘੇ ਕੱਲ੍ਹ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ 30 ਕਿਸਾਨ ਸੰਗਠਨਾਂ ਨਾਲ ਮੀਟਿੰਗ ਤੋਂ ਮਗਰੋਂ ਪੰਜਾਬ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਯਾਤਰੀ ਗੱਡੀਆਂ ਨੂੰ ਚੱਲਣ ਦੇਣ। 26-27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕਰਨ, 13 ਨਵੰਬਰ ਨੂੰ ਕੇਂਦਰੀ ਮੰਤਰੀਆਂ ਨਾਲ ਹੋਈ ਗੱਲਬਾਤ ਆਦਿ 'ਤੇ ਵਿਚਾਰ ਕਰਨ ਲਈ ਬੁਲਾਈ ਗਈ ਲੰਘੇ ਕੱਲ੍ਹ ਕਿਸਾਨ ਸੰਗਠਨਾਂ ਦੀ ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗ ਬੇਸਿੱਟਾ ਹੀ ਰਹੀ। ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਇੱਕ ਵੀ ਗੱਲ ਪੰਜਾਬ ਕਾਂਗਰਸ ਨੇ ਨਹੀਂ ਮੰਨੀ।

ਜਾਣਕਾਰੀ ਦੇ ਮੁਤਾਬਿਕ, ਕਿਸਾਨ ਸੰਗਠਨਾਂ ਨੇ ਕਿਹਾ ਕਿ 13 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਵਿਵਹਾਰ ਸਹੀ ਨਹੀਂ ਸੀ। ਉਹ ਜਿਸ ਤਰ੍ਹਾਂ ਨਾਲ ਧਮਕੀ ਭਰੀਆਂ ਗੱਲਾਂ ਕਰ ਰਹੇ ਸਨ, ਉਸ ਤੋਂ ਕਿਸਾਨ ਨਾਰਾਜ਼ ਨਜ਼ਰ ਆਏ। ਦੂਜੇ ਪਾਸੇ, ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਰਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਕੇਂਦਰੀ ਹਾਕਮਾਂ ਦੇ ਵੱਲੋਂ ਘਰ ਬੁਲਾ ਕੇ ਕਿਸਾਨਾਂ ਨੂੰ ਅਪਮਾਨਿਤ ਕਰਨਾ ਸ਼ੋਭਾ ਨਹੀਂ ਦਿੰਦਾ।

ਬਾਜਵਾ ਨੇ ਕਿਹਾ ਕਿ ਅਸੀਂ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਰੇਲ ਨਾ ਚੱਲਣ ਨਾਲ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ ਹੈ, ਇਸ ਲਈ ਉਨ੍ਹਾਂ ਨੇ ਵੱਡਾ ਦਿਲ ਕਰਕੇ ਰੇਲਵੇ ਟਰੈਕ, ਪਰਿਸਰ ਆਦਿ ਖਾਲੀ ਕਰ ਦੇਣੇ ਚਾਹੀਦੇ ਹਨ। ਇਸ 'ਤੇ ਕਿਸਾਨਾਂ ਨੇ ਉਨ੍ਹਾਂ ਨੂੰ ਕਿਹਾ ਕਿ ਦੇਸ਼ ਵਿੱਚ 58 ਫੀਸਦੀ ਯਾਤਰੀ ਟਰੇਨਾਂ ਚੱਲ ਰਹੀਆਂ ਹਨ, ਬਾਕੀ ਬੰਦ ਹੈ, ਕੀ ਉਹ ਸਾਡੇ ਅੰਦੋਲਨ ਕਾਰਨ ਬੰਦ ਹੈ?

ਰਾਜਸਥਾਨ ਵਿੱਚ ਸਿਰਫ਼ ਇੱਕ ਹੀ ਟਰੈਕ 'ਤੇ ਗੁਰਜਰ ਅੰਦੋਲਨ ਚੱਲ ਰਿਹਾ ਹੈ, ਕੀ ਉੱਥੇ ਪੂਰੇ ਸੂਬੇ ਦੀਆਂ ਟਰੇਨਾਂ ਰੇਲਵੇ ਨੇ ਬੰਦ ਕਰ ਰੱਖੀਆਂ ਹਨ? ਕਿਸਾਨ ਆਗੂਆਂ ਨੇ ਮੰਤਰੀਆਂ ਨੂੰ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਸਿਰਫ਼ ਤੇ ਸਿਰਫ਼ ਪੰਜਾਬ ਸੂਬੇ ਵਿੱਚ ਮਾਹੌਲ ਖਰਾਬ ਕਰਨ ਦੇ ਇਰਾਦੇ ਤੋਂ ਬਾਜ਼ ਨਹੀਂ ਆ ਰਹੀ। ਪੰਜਾਬ ਨੂੰ ਉਜਾੜਣ ਵਾਸਤੇ ਹੀ ਮੋਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਅੰਦਰ ਕੋਈ ਵੀ ਟਰੇਨ ਚਲਾਉਣਾ ਨਹੀਂ ਦਿੱਤੀ ਗਈ। ਇਸੇ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ।