ਮੋਦੀ ਵਿਰੁੱਧ ਹੁਣ ਫ਼ੌਜੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 19 2020 15:31
Reading time: 2 mins, 9 secs

ਕਿਸਾਨਾਂ ਦੇ ਪ੍ਰਦਰਸ਼ਨ ਜਿੱਥੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਜਾਰੀ ਹਨ, ਉੱਥੇ ਹੀ ਦੂਜੇ ਪਾਸੇ ਭਾਰਤੀ ਫ਼ੌਜ ਦੇ ਕਈ ਜਵਾਨ ਵੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਤੰਗ ਆ ਕੇ ਮੋਦੀ ਸਰਕਾਰ ਨੂੰ ਕੋਸ ਰਹੇ ਹਨ ਅਤੇ ਕਿਸਾਨਾਂ ਦੇ ਹੱਕ ਵਿੱਚ ਫ਼ੌਜੀ ਨਾਅਰਾ ਮਾਰ ਰਹੇ ਹਨ। ਵੈਸੇ ਤਾਂ, ਕਿਸਾਨ ਅੰਦੋਲਨ ਦਾ ਅਸਰ ਹੋਲੀ ਹੋਲੀ ਹਰ ਚੀਜ 'ਤੇ ਦਿਖਣ ਲੱਗ ਹੀ ਪਿਆ ਹੈ, ਨਾਲ ਹੀ ਇਸ ਅੰਦੋਲਨ ਦਾ ਅਸਰ ਫ਼ੌਜੀਆਂ 'ਤੇ ਵੀ ਵੇਖਣ ਨੂੰ ਮਿਲ ਸਕਦਾ ਹੈ।

ਕਿਸਾਨਾਂ ਦੇ ਰੋਹ ਰੁਕਣ ਦਾ ਨਾਂਅ ਉਨ੍ਹੀਂ ਦੇਰ ਤੱਕ ਨਹੀਂ ਲੈ ਸਕਦੇ ਹੈ, ਜਦੋਂ ਤੱਕ ਕਿਸਾਨ ਤੇ ਲੋਕ ਮਾਰੂ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਵਾਪਸ ਨਹੀਂ ਲੈਂਦੀ। ਕੇਂਦਰ ਅਤੇ ਕਿਸਾਨਾਂ ਦੇ ਮਸਲੇ ਦਾ ਕੋਈ ਨਾ ਕੋਈ ਪੱਕਾ ਹੱਲ ਕਰਨ ਦਾ ਦਬਾਅ ਵੱਧ ਰਿਹਾ ਹੈ, ਜਿਸ ਕਰਨ ਉਮੀਦ ਬਣ ਰਹੀ ਹੈ ਕਿ ਬਹੁਤ ਛੇਤੀ ਹੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਖੇਤੀ ਕਾਨੂੰਨਾਂ ਨੂੰ ਜਾਂ ਤਾਂ ਰੱਦ ਕਰੇਗੀ ਜਾਂ ਫਿਰ ਕੋਈ ਬਦਲਾਵ ਕਰਕੇ ਕਿਸਾਨਾਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰੇਗੀ।

ਦੱਸਣਾ ਬਣਦਾ ਹੈ, ਕਿ ਕਿਸਾਨਾਂ ਦੇ ਧਰਨੇ ਤਾਂ ਮੋਦੀ ਸਰਕਾਰ ਦੇ ਖ਼ਿਲਾਫ਼ ਜਾਰੀ ਹੀ ਹਨ, ਨਾਲ ਹੀ ਹੁਣ ਫ਼ੌਜੀਆਂ ਦੇ ਵੱਲੋਂ ਵੀ ਸਰਹੱਦਾਂ 'ਤੇ ਖੜ ਕੇ ਮੋਦੀ ਸਰਕਾਰ ਦੇ ਖ਼ਿਲਾਫ਼ ਵੀਡੀਓ ਜਾਰੀ ਕਰਕੇ ਰੋਹ ਜਤਾਇਆ ਜਾ ਰਿਹਾ ਹੈ। ਫ਼ੌਜੀਆਂ ਨੇ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ, ਅੱਜ ਕਿਸਾਨਾਂ ਤੇ ਮਜ਼ਦੂਰਾਂ ਦੇ ਪੁੱਤ ਸਰਹੱਦਾਂ 'ਤੇ ਦੇਸ਼ ਦੀ ਰਾਖੀ ਲਈ ਖੜੇ ਹੋਏ ਹਨ, ਜਦੋਂਕਿ ਉਨ੍ਹਾਂ ਦੇ ਪਿਓ ਦਾਦੇ ਅੱਜ ਸੜਕਾਂ 'ਤੇ ਰੁਲਣ ਲਈ ਤਾਂ ਮਜ਼ਬੂਰ ਹੀ ਹਨ, ਨਾਲ ਹੀ ਸਮੇਂ ਦੇ ਹਾਕਮ ਕਿਸਾਨਾਂ ਮਜ਼ਦੂਰਾਂ ਨੂੰ ਕੁਚਲਣ 'ਤੇ ਲੱਗੇ ਹੋਏ ਹਨ।

ਫ਼ੌਜੀਆਂ ਨੇ ਕਿਹਾ ਕਿ, ਉਹ ਤਾਂ ਸਰਹੱਦਾਂ 'ਤੇ ਖੜ੍ਹ ਕੇ ਦੁਸ਼ਮਣਾਂ ਦੇ ਨਾਲ ਲੋਹਾ ਲੈ ਰਹੇ ਹਨ, ਜਦੋਂਕਿ ਉਨ੍ਹਾਂ ਦੇ ਪਿਓ ਦਾਦੇ ਇਸ ਵਕਤ ਆਪਣੇ ਦੇਸ਼ ਦੇ ਅੰਦਰ ਬੈਠੇ ਤਾਨਾਸ਼ਾਹ ਹਾਕਮਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਹ ਤਾਨਾਸ਼ਾਹ ਹਾਕਮ ਕਿਸਾਨਾਂ ਮਜ਼ਦੂਰਾਂ ਨੂੰ ਲਤਾੜ ਰਹੇ ਹਨ। ਦੱਸ ਦਈਏ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਚੱਲਦਿਆਂ ਰੇਲਵੇ ਨੇ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਪਿਛਲੇ ਕੁੱਝ ਦਿਨਾਂ ਤੋਂ ਰੱਦ ਹੋਈਆਂ ਪਈਆਂ ਹਨ। ਰੇਲਾਂ ਰੱਦ ਹੋਣ ਦੇ ਚੱਲਦਿਆਂ ਫੌਜ ਤੱਕ ਲੋੜੀਂਦਾ ਸਾਮਾਨ ਵੀ ਨਹੀਂ ਪਹੁੰਚ ਰਿਹਾ।

ਸਭ ਤੋਂ ਜਿਆਦਾ ਪ੍ਰੇਸ਼ਾਨੀ ਜ਼ਰੂਰੀ ਚੀਜ਼ਾਂ ਦੀ ਸਪਲਾਈ ਨੂੰ ਲੈ ਕੇ ਹੋ ਰਹੀ ਹੈ। ਜਿਸ ਦੇ ਕਾਰਨ ਫ਼ੌਜ ਦੇ ਕਈ ਜਵਾਨ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦੱਸ ਰਹੇ ਹਨ ਕਿ, ਉਨ੍ਹਾਂ ਨੂੰ ਇਹ ਸਭ ਜੋ ਸਰਹੱਦਾਂ 'ਤੇ ਪ੍ਰੇਸ਼ਾਨੀ ਆ ਰਹੀ ਹੈ, ਇਸ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਬਲਕਿ ਮੋਦੀ ਸਰਕਾਰ ਹੀ ਹੈ। ਫ਼ੌਜੀਆਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ, ਨਵੇਂ ਖੇਤੀ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਰੱਦ ਕਰੇ ਅਤੇ ਕਿਸਾਨਾਂ ਦੇ ਹਿੱਤ ਵਿੱਚ, ਕਿਸਾਨਾਂ ਨੂੰ ਮੀਟਿੰਗਾਂ ਵਿੱਚ ਸੱਦ ਕੇ ਮੋਦੀ ਸਰਕਾਰ ਕਾਨੂੰਨ ਪਾਸ ਕਰੇ, ਜੋ ਵੀ ਕਰਨੇ ਹਨ।