ਚੋਣਾਂ ਹਾਰਨ ਤੋਂ ਮਰਗੋਂ ਡੋਨਾਲਡ ਟਰੰਪ ਦੀ ਦਾਦਾਗਿਰੀ ਬਰਕਰਾਰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 19 2020 15:26
Reading time: 1 min, 56 secs

ਅਮਰੀਕਾ ਦੇ ਅੰਦਰ ਲੰਘੇ ਦਿਨੀਂ ਹੋਈਆਂ ਚੋਣਾਂ ਦੇ ਵਿੱਚ ਟਰੰਪ ਬੁਰੀ ਤਰ੍ਹਾਂ ਨਾਲ ਹਾਰ ਗਿਆ, ਜਦੋਂਕਿ ਬਿਡੇਨ ਚੋਖ਼ੀਆਂ ਵੋਟਾਂ ਦੇ ਨਾਲ ਜਿੱਤ ਗਿਆ ਅਤੇ ਉਸ ਨੇ ਆਪਣੀ ਸਰਕਾਰ ਬਣਾ ਲਈ। ਟਰੰਪ ਮੋਦੀ ਦਾ ਐਸਾ ਪੱਕਾ ਯਾਰ ਹੈ, ਜੋ ਮੋਦੀ ਨੂੰ ਤਾਂ ਨਿੱਤ ਨਵੀਆਂ ਸਕੀਮਾਂ ਦਿੰਦਾ ਹੀ ਰਿਹਾ ਹੈ, ਨਾਲ ਹੀ ਟਰੰਪ ਆਪਣੀ ਤਾਨਾਸ਼ਾਹੀ ਦਾ ਵੱਲ ਮੋਦੀ ਨੂੰ ਵੀ ਸਿਖਾਉਂਦਾ ਰਿਹਾ ਹੈ। ਟਰੰਪ ਦੀ ਦਾਦਾਗਿਰੀ ਜਿਸ ਪ੍ਰਕਾਰ ਕਈ ਮੁਲਕਾਂ 'ਤੇ ਚੱਲਦੀ ਹੈ, ਉਸੇ ਪ੍ਰਕਾਰ ਹੀ ਅਮਰੀਕਾ ਵਿੱਚ ਵੀ ਟਰੰਪ ਚੋਣਾਂ ਹਾਰਨਾਂ ਤੋਂ ਬਾਅਦ ਵੀ ਦਾਦਾਗਿਰੀ ਵਿਖਾ ਰਿਹਾ ਹੈ।

ਦਰਅਸਲ, ਲੰਘੇ ਕੱਲ੍ਹ ਖ਼ਬਰ ਇਹ ਸਾਹਮਣੇ ਆਈ ਕਿ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਉੱਚ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ, ਜਿਨ੍ਹਾਂ ਨੇ ਚੋਣਾਂ ਦੌਰਾਨ ਗੜਬੜੀ ਤੇ ਮਤਦਾਨ ਵਿੱਚ ਧੋਖਾਧੜੀ ਹੋਣ ਦੇ ਦਾਅਵਿਆਂ ਨੂੰ ਮੁਕੰਮਲ ਤੌਰ 'ਤੇ ਖਾਰਜ ਕਰ ਦਿੱਤਾ ਸੀ। ਚੋਣਾਂ ਹਾਰਨ ਤੋਂ ਬਾਅਦ ਹਾਰਨ ਵਾਲੀ ਧਿਰ ਅਕਸਰ ਹੀ ਚੋਣਾਂ ਵਿੱਚ ਗੜਬੜੀ ਦਾ ਦੋਸ਼ ਲਗਾਉਂਦੀ ਹੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ, ਗੜਬੜੀ ਨਾ ਮੰਨਣ ਵਾਲੇ ਅਧਿਕਾਰੀਆਂ ਨੂੰ ਹੀ ਬਰਖ਼ਾਸਤ ਕਰ ਦਿਓ।

ਅਮਰੀਕੀ ਮੀਡੀਆ ਦੇ ਮੁਤਾਬਿਕ ਡੋਨਾਲਡ ਟਰੰਪ ਨੇ ਚੋਣ ਅਧਿਕਾਰੀ ਨੂੰ ਬਰਖ਼ਾਸਤ ਕਰਨ ਦਾ ਐਲਾਨ ਟਵਿੱਟਰ 'ਤੇ ਕੀਤੀ। ਦੱਸਣਾ ਬਣਦਾ ਹੈ ਕਿ ਕਰੀਬ ਇੱਕ ਹਫ਼ਤਾ ਪਹਿਲੋਂ ਅਮਰੀਕੀ ਰੱਖਿਆ ਮੰਤਰੀ ਮਾਰਕ ਏਸਪਰ ਨੂੰ ਹਟਾਉਣ ਦੀ ਜਾਣਕਾਰੀ ਵੀ ਉਨ੍ਹਾਂ ਨੇ ਮਾਈਕ੍ਰੋ ਬਲਾਗਿੰਗ ਸਾਈਟ 'ਤੇ ਹੀ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੋਣਾਂ ਹਾਰਨ ਤੋਂ ਬਾਅਦ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਜਿਹਾ ਰਵੱਈਆ ਸਾਬਤ ਕਰਦਾ ਹੈ ਕਿ, ਟਰੰਪ ਨੂੰ ਹਾਰ ਪ੍ਰਸੰਦ ਨਹੀਂ ਹੈ, ਜਿਵੇਂ ਮੋਦੀ ਨੂੰ ਆਪਣੇ ਆਚੋਲਕ ਪ੍ਰਸੰਦ ਨਹੀਂ ਹਨ।

ਅਮਰੀਕੀ ਮੀਡੀਆ ਦੀ ਮੰਨੀਏ ਤਾਂ, 3 ਨਵੰਬਰ ਨੂੰ ਹੋਈ ਚੋਣ ਵਿੱਚ ਟਰੰਪ ਹੁਣ ਤੱਕ ਆਪਣੀ ਹਾਰ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ ਅਤੇ ਬਿਨਾਂ ਕੋਈ ਸਬੂਤ ਦਿੱਤੇ ਮਤਦਾਨ ਵਿੰਚ 'ਵੱਡੇ ਪੈਮਾਨੇ 'ਤੇ' ਧੋਖਾਧੜੀ ਹੋਣ ਦੇ ਦਾਅਵੇ ਕਰ ਰਹੇ ਹਨ। ਉਧਰ, ਅਮਰੀਕਾ ਦਾ ਚੋਣ ਕਮਿਸ਼ਨ ਅਤੇ ਚੋਣ ਅਧਿਕਾਰੀ ਇਸ ਚੋਣ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਸੁਰੱਖਿਅਤ ਚੋਣ ਦੱਸ ਰਹੇ ਹਨ।

ਬੇਸ਼ੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਕੇ, ਆਪਣੇ ਗੁੱਸਾ ਕੱਢ ਲਿਆ, ਪਰ ਟਰੰਪ ਦੇ ਹਮਾਇਤੀਆਂ ਨੂੰ ਵੀ ਟਰੰਪ ਦੀ ਇਸ ਹਰਕਤ ਤੋਂ ਪਤਾ ਲੱਗ ਗਿਆ ਕਿ ਟਰੰਪ ਤਾਨਾਸ਼ਾਹੀ ਤਰੀਕੇ ਦਾ ਰਾਜ ਅਮਰੀਕਾ ਦੇ ਅੰਦਰ ਸਥਾਪਨ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਹੁਣ ਆਖ਼ਰਲੇ ਦਿਨਾਂ ਦੇ ਅੰਦਰ ਆਪਣੀ ਤਾਨਾਸ਼ਾਹੀ ਵਿਖਾਉਣੀ ਸ਼ੁਰੂ ਕਰ ਵੀ ਦਿੱਤੀ ਹੈ। ਵੈਸੇ, ਟਰੰਪ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ, ਅਮਰੀਕਾ ਭਾਰਤ ਵਰਗਾ ਨਹੀਂ ਹੈ, ਜਿੱਥੇ ਝੂਠ ਨੂੰ ਵੀ ਸੱਚ ਮੰਨ ਲਿਆ ਜਾਂਦਾ ਹੈ।