ਦਿੱਲੀ ਦੇ ਹਾਕਮਾਂ ਦਾ ਤਖ਼ਤ ਹਿਲਾਉਣਗੇ ਕਿਸਾਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਕਿਸਾਨਾਂ ਦੇ ਰੋਹ ਧਰਨੇ ਮੋਦੀ ਸਰਕਾਰ ਦੇ ਵਿਰੁੱਧ ਜਾਰੀ ਹਨ, ਉੱਥੇ ਹੀ ਦੂਜੇ ਪਾਸੇ ਮੋਦੀ ਸਰਕਾਰ ਅਤੇ ਪੰਜਾਬ ਵਿਚਲੀ ਕੈਪਟਨ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਰੋਹ ਧਰਨਿਆਂ ਨੂੰ ਖ਼ਤਮ ਕਰਨ ਦੇ ਲਈ ਨਿੱਤ ਨਵੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਬੇਸ਼ੱਕ ਕਿਸਾਨਾਂ ਦੇ ਰੋਹ ਰੁਕਣ ਦਾ ਨਾਂਅ ਨਹੀਂ ਲੈ ਰਹੇ, ਪਰ ਸਰਕਾਰ ਵੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਕਿ ਕਿਸਾਨਾਂ ਦੇ ਰੋਹ ਨੂੰ ਖ਼ਤਮ ਕਰਵਾਇਆ ਜਾਵੇ ਅਤੇ ਪੰਜਾਬ ਦੇ ਅੰਦਰ ਰੇਲ ਗੱਡੀਆਂ ਦੀ ਬਹਾਲੀ ਕਰਵਾਈ ਜਾਵੇ ਤਾਂ, ਜੋ ਪੈ ਰਿਹਾ ਘਾਟਾ ਪੂਰਾ ਹੋ ਸਕੇ।

ਖ਼ੈਰ, ਸਰਕਾਰਾਂ ਨੂੰ ਤਾਂ ਆਪਣੇ ਖ਼ਜ਼ਾਨੇ ਦੀ ਪਈ ਹੋਈ ਹੈ, ਪਰ ਅੰਨਦਾਤੇ ਨੂੰ ਪੂਰੇ ਭਾਰਤ ਦਾ ਫਿਕਰ ਹੈ। ਭਾਰਤ ਦਾ ਢਿੱਡ ਭਰਨ ਵਾਲਾ ਅੰਨਦਾਤਾ ਇਸ ਵਕਤ ਸੜਕਾਂ 'ਤੇ ਹੈ ਅਤੇ ਲੋਕ ਹਿੱਤਾਂ ਦੀ ਗੱਲ ਕਰਦਿਆਂ ਹੋਇਆ ਸੰਘਰਸ਼ ਕਰ ਰਿਹਾ ਹੈ। ਦੂਜੇ ਪਾਸੇ ਮੋਦੀ ਸਰਕਾਰ ਦੇ ਮੰਤਰੀ ਕਿਸਾਨਾਂ 'ਤੇ ਨਿੱਤ ਨਵੇਂ ਕੁਮੈਂਟ ਕਰਕੇ, ਕਿਸਾਨਾਂ ਦੇ ਧਰਨਿਆਂ ਨੂੰ ਕੁਚਟੀ ਵਿੱਚ ਖ਼ਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ। ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਕਰੀਬ ਦੋ ਮਹੀਨਿਆਂ ਤੋਂ ਪੰਜਾਬ ਦੇ ਅੰਦਰ ਜਾਰੀ ਹਨ ਅਤੇ ਆਉਣ ਵਾਲੀ 26/27 ਨਵੰਬਰ ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ।

ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੂੰ ਸਮੇਂ ਦੇ ਹਾਕਮਾਂ ਵੱਲੋਂ ਮੰਨਿਆ ਨਹੀਂ ਗਿਆ। ਦੋ ਤਿੰਨ ਵਾਰ ਕੇਂਦਰੀ ਹਾਕਮਾਂ ਦੇ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਹ ਮੀਟਿੰਗਾਂ ਬੇਸਿੱਟਾ ਰਹੀਆਂ ਹਨ, ਜਿਸ ਦੇ ਕਾਰਨ ਕਿਸਾਨਾਂ ਨੂੰ 26 ਤੇ 27 ਨਵੰਬਰ ਦਾ ਵੱਡਾ ਸੰਘਰਸ਼ ਐਲਾਨਣ ਲਈ ਮਜ਼ਬੂਰ ਹੋਣਾ ਪਿਆ ਹੈ। ਦੱਸਣਾ ਬਣਦਾ ਹੈ ਕਿ ਦਿੱਲੀ ਦੇ ਹਾਕਮਾਂ ਦੀਆਂ ਜੜ੍ਹਾਂ ਨੂੰ ਕਿਸਾਨਾਂ ਦਾ 26 ਤੇ 27 ਨਵੰਬਰ ਦਾ ਵੱਡਾ ਸੰਘਰਸ਼ ਹਿਲਾ ਕੇ ਰੱਖ ਦੇਵੇਗਾ ਅਤੇ ਸਰਕਾਰ ਕਿਸਾਨਾਂ ਦੇ ਰੋਹ ਅੱਗੇ ਝੁਕਣ ਦੇ ਲਈ ਮਜ਼ਬੂਰ ਵੀ ਹੋ ਸਕਦੀ ਹੈ।

ਦੱਸਣਾ ਇਹ ਵੀ ਬਣਦਾ ਹੈ ਕਿ ਪੰਜਾਬ ਸਮੇਤ ਦੇਸ਼ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ ਅਤੇ ਪੰਜਾਬ ਦੇ ਅੰਦਰ ਕਰੀਬ 29 ਕਿਸਾਨ ਜਥੇਬੰਦੀਆਂ ਦੇ ਵੱਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਜਿੱਥੇ ਧਰਨੇ ਪ੍ਰਦਰਸ਼ਨ ਜਾਰੀ ਹਨ, ਉੱਥੇ ਹੀ ਇਨ੍ਹਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਿੰਡਾਂ ਦੇ ਅੰਦਰ ਕਿਸਾਨਾਂ ਮਜ਼ਦੂਰਾਂ ਦੇ ਨਾਲ ਮੀਟਿੰਗਾਂ ਕਰਕੇ 26 ਤੇ 27 ਨਵੰਬਰ ਦੇ ਵੱਡੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।

ਹੋਰਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਪਿੰਡਾਂ ਵਿੱਚ ਮੀਟਿੰਗ ਕਰਕੇ ਕਿਹਾ ਜਾ ਰਿਹਾ ਹੈ ਕਿ ਦੇਸ਼ ਭਰ ਦੀਆਂ ਜਥੇਬੰਦੀਆਂ ਵੱਲੋਂ 26, 27 ਨਵੰਬਰ ਨੂੰ ਦਿੱਲੀ ਘੇਰਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਵੀ ਕੌਮੀ ਅੰਦੋਲਨ ਲਈ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਹੈ। ਕਿਸਾਨਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਕਿਸਾਨ ਮਾਰੂ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਮਜ਼ਦੂਰ ਚਿੰਤਾ ਵਿੱਚ ਹਨ।

ਪਰ ਮੋਦੀ ਸਰਕਾਰ ਆਪਣੇ ਲਏ ਫੈਸਲੇ ਵਾਪਸ ਨਹੀਂ ਲੈਣਾ ਚਾਹੁੰਦੀ, ਜਿਸ ਕਰਕੇ ਪੰਜਾਬ ਦੇ ਕਿਸਾਨਾਂ ਮਜਦੂਰਾਂ ਦਾ ਕੇਂਦਰ ਦੀ ਭਾਜਪਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਪੰਜਾਬ ਦੇ ਕਿਸਾਨ ਮਜ਼ਦੂਰ ਕਰੀਬ ਦੋ ਮਹੀਨਿਆਂ ਤੋਂ ਰੇਲਾਂ ਦੀਆਂ ਪੱਟੜੀਆਂ, ਸੜਕਾਂ 'ਤੇ ਬੈਠ ਕੇ ਮੁਜ਼ਾਹਰੇ ਕਰ ਰਹੇ ਹਨ, ਪਰ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਤੋਂ ਪਾਸਾ ਵੱਟ ਰਹੀ ਹੈ। ਕਿਸਾਨਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਤੱਕ ਕਿਸਾਨ ਮਾਰੂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।