ਜਥੇਦਾਰ ਕਰ ਗਿਆ ਖ਼ੁਲਾਸਾ: ਸ਼੍ਰੋਮਣੀ ਕਮੇਟੀ ਸਿਰਫ਼ ਬਾਦਲਾਂ ਦੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 18 2020 15:08
Reading time: 2 mins, 12 secs

ਪੰਜਾਬ ਦੇ ਹਰ ਸਿੱਖ ਤੇ ਗ਼ੈਰ ਸਿੱਖ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਸਿਆਸੀ ਪਾਰਟੀ ਦੇ ਕਹੇ 'ਤੇ ਚੱਲਦੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਿਸ ਦੀ ਬੋਲੀ ਬੋਲਦਾ ਹੈ? ਪਹਿਲੋਂ ਤਾਂ ਜਿੱਥੇ ਸਭ ਲੋਕ ਮੰਨਦੇ ਹੁੰਦੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੋਰ ਜਥੇਬੰਦੀ ਹੈ ਅਤੇ ਸਿੱਖਾਂ ਦੀ ਇੱਕ ਵੱਖਰੀ ਅਦਾਲਤ ਹੈ, ਪਰ ਪਿਛਲੇ ਕੁੱਝ ਕੁ ਸਮੇਂ ਤੋਂ, ਜਦੋਂ ਤੋਂ ਬਾਦਲ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਇਹ ਲੱਗਣ ਲੱਗ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ਼ ਬਾਦਲਾਂ ਦੀ ਹੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਕਰਦਾ ਜਥੇਦਾਰ ਵੀ ਬਾਦਲਾਂ ਦਾ ਹੀ ਹੈ। ਦਰਅਸਲ, ਗੱਲ ਇੰਝ ਹੋਈ ਕਿ ਲੰਘੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਖ਼ਾਲਸਈ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਪੰਥਕ ਸਮਾਗਮ ਦੌਰਾਨ ਸਿੰਘ ਸਾਹਿਬ ਅਤੇ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਪ੍ਰਤੀ ਬੇਰੁਖੀ ਵਾਲਾ ਵਤੀਰਾ ਅਪਣਾਈ ਰੱਖਿਆ ਹੈ। ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਹਮੇਸ਼ਾਂ ਹੀ ਚੁਣੌਤੀਆਂ ਦਰਪੇਸ਼ ਰਹੀਆਂ ਹਨ, ਜੋ ਅੱਜ ਵੀ ਜਾਰੀ ਹਨ। ਦੱਸਣਾ ਬਣਦਾ ਹੈ, ਕਿ ਇੱਕ ਪਾਸੇ ਤਾਂ ਗਿਆਨੀ ਹਰਪ੍ਰੀਤ ਸਿੰਘ ਕੇਂਦਰ ਵਿਚਲੀਆਂ ਸਰਕਾਰਾਂ ਨੂੰ ਕੋਸਦੇ ਆਪਣੇ ਬਿਆਨਾਂ ਜ਼ਰੀਏ ਨਜ਼ਰੀ ਆਏ, ਉੱਥੇ ਹੀ ਦੂਜੇ ਪਾਸੇ ਇੱਕ ਵਿਸ਼ੇਸ਼ ਸਿਆਸੀ ਪਾਰਟੀ ਦਾ ਨਾਂਅ ਵੀ ਉਨ੍ਹਾਂ ਲਿਆ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲਾਂ ਦੀ ਪਾਰਟੀ) ਦੀ ਮਾਂ ਪਾਰਟੀ ਸ਼੍ਰੋਮਣੀ ਕਮੇਟੀ ਹੈ ਅਤੇ ਇਸ 'ਤੇ ਹਮਲਾ ਕਰਨ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੁੱਝ ਸ਼ਰਾਰਤੀਆਂ ਵੱਲੋਂ ਸ਼੍ਰੋਮਣੀ ਕਮੇਟੀ 'ਤੇ ਹਮਲਾ ਕਰਕੇ ਸ਼੍ਰੋਮਣੀ ਕਮੇਟੀ ਦੇ ਗੇਟ ਨੂੰ ਤਾਲੇ ਮਾਰੇ ਸਨ, ਇਹ ਤਾਲੇ ਸ਼੍ਰੋਮਣੀ ਕਮੇਟੀ ਨੂੰ ਨਹੀਂ, ਬਲਕਿ ਸੰਸਥਾਂ ਨੂੰ ਮਾਰਨ ਦੇ ਯਤਨ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਹੁਣ ਕੋਈ ਸ਼੍ਰੋਮਣੀ ਕਮੇਟੀ 'ਤੇ ਹਮਲਾ ਕਰੇ ਤਾਂ ਵਹੀਰਾਂ ਘੱਤ ਕੇ ਆ ਜਾਇਓ ਅਤੇ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦਿਓ।

ਦੂਜੇ ਪਾਸੇ ਸਿੱਖ ਬੁੱਧੀਜੀਵੀਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ, ਕਿ ਜਿਸ ਪ੍ਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਬਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲਾਂ ਦੀ ਪਾਰਟੀ) ਦੀ ਮਾਂ ਪਾਰਟੀ ਸ਼੍ਰੋਮਣੀ ਕਮੇਟੀ ਕਿਹਾ ਗਿਆ ਹੈ, ਇਸ ਤੋਂ ਸਪੱਸ਼ਟ ਹੋ ਜਾਂਦਾ ਹੈ, ਕਿ ਸ਼੍ਰੋਮਣੀ ਕਮੇਟੀ ਸਿਰਫ਼ ਬਾਦਲਾਂ ਦੀ ਹੀ ਹੈ, ਦੂਜਾ ਕੋਈ ਵੀ ਜੇਕਰ ਕਮੇਟੀ ਦੇ ਨਾਲ ਗੱਲਬਾਤ ਜਾਂ ਫਿਰ ਕਿਸੇ ਮਸਲੇ 'ਤੇ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ, ਉਸ ਨੂੰ ਕੋਈ ਹੱਕ ਨਹੀਂ, ਕਿ ਉਹ ਕੋਈ ਗੱਲਬਾਤ ਕਰੇ। ਬਾਦਲਾਂ ਦੀ ਬੋਲੀ ਉਦੋਂ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਆਗੂ ਤੇ ਜਥੇਦਾਰ ਬੋਲਦੇ ਆਏ ਹਨ, ਜਦੋਂ ਤੋਂ ਬਾਦਲਾਂ ਦਾ ਕਬਜ਼ਾ ਕਮੇਟੀ 'ਤੇ ਰਿਹਾ ਹੈ।