ਪੰਜਾਬ 'ਚ ਦਹਿਸ਼ਤ ਦਾ ਮਾਹੌਲ ਬਣਾ ਰਹੇ ਨੇ ਖ਼ਾਲਿਸਤਾਨੀ.? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 18 2020 15:07
Reading time: 1 min, 57 secs

ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਜਿੱਥੇ ਕਿਸਾਨੀ ਮੁੱਦਾ ਗਰਮਾਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਈ ਸ਼ਹਿਰਾਂ, ਪਿੰਡਾਂ ਤੋਂ ਇਹ ਖ਼ਬਰਾਂ ਮਿਲ ਰਹੀਆਂ ਹਨ ਕਿ ਪੰਜਾਬ ਦੇ ਅੰਦਰ ਖ਼ਾਲਿਸਤਾਨੀ ਪੱਖੀ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਸਤੇ ਜਗ੍ਹਾ ਜਗ੍ਹਾ 'ਤੇ 'ਖ਼ਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020' ਦੇ ਨਾਅਰੇ ਲਿਖ ਰਹੇ ਹਨ। ਖ਼ਾਲਿਸਤਾਨੀਆਂ ਦੀ ਇਹ ਹਰਕਤ ਤੋਂ ਪੰਜਾਬ ਦਾ ਹਰ ਵਰਗ ਤੰਗ ਪ੍ਰੇਸ਼ਾਨ ਹੋਇਆ ਪਿਆ ਹੈ, ਕਿਉਂਕਿ ਇੱਕ ਪਾਸੇ ਤਾਂ ਬੇਰੁਜ਼ਗਾਰ ਰੁਜ਼ਗਾਰ ਨੂੰ ਤਰਸ ਰਹੇ ਹਨ।

ਕਿਸਾਨੀ ਮੰਗਾਂ ਨੂੰ ਕੋਈ ਨਹੀਂ ਮੰਨ੍ਹ ਰਿਹਾ, ਉਲਟਾ ਦੂਜੇ ਪਾਸੇ ਇਨ੍ਹਾਂ ਸਭ ਮੰਗਾਂ ਤੋਂ ਪਾਸੇ ਜਾ ਰਹੇ ਖ਼ਾਲਿਸਤਾਨੀ ਆਪਣੀ ਮੂਵਮੈਂਟ ਨੂੰ ਤੇਜ਼ ਕਰਦਿਆਂ ਹੋਇਆ ਪੰਜਾਬ ਦੇ ਅੰਦਰ ਮਾਹੌਲ ਖ਼ਰਾਬ ਕਰਨ 'ਤੇ ਲੱਗੇ ਹੋਏ ਹਨ। 'ਖ਼ਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020' ਦੇ ਨਾਅਰੇ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚੋਂ ਲਿਖੇ ਮਿਲ ਚੁੱਕੇ ਹਨ, ਪਰ ਹੁਣ ਤੱਕ ਇਹ ਪੁਲਿਸ ਪਤਾ ਨਹੀਂ ਲਗਾ ਸਕੀ, ਕਿ ਉਹ ਕੌਣ ਲੋਕ ਸਨ, ਜਿਨ੍ਹਾਂ ਦੇ ਵੱਲੋਂ 'ਖ਼ਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020' ਦੇ ਨਾਅਰਿਆਂ ਨੂੰ ਲਿਖਿਆ ਗਿਆ ਹੈ?

ਦੱਸਣਾ ਇਹ ਵੀ ਬਣਦਾ ਹੈ ਕਿ ਪੰਜਾਬ ਦੇ ਜਿੱਥੇ ਸਰਕਾਰੀ ਸਕੂਲਾਂ ਦੀਆਂ ਕੰਧਾਂ 'ਤੇ 'ਖ਼ਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020' ਦੇ ਨਾਅਰੇ ਲਿਖੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਪਿੰਡਾਂ ਦੀਆਂ ਸੜਕਾਂ 'ਤੇ ਬਣੀਆਂ ਪੁਲੀਆਂ ਦੀਆਂ ਦੀਵਾਰਾਂ ਉੱਪਰ ਵੀ ਇਹ ਨਾਅਰੇ ਲਿਖੇ ਜਾ ਰਹੇ ਹਨ, ਜਿਸ ਦੇ ਕਾਰਨ ਪੁਲਿਸ ਨੂੰ ਤਾਂ ਭਾਜੜਾਂ ਪੈ ਹੀ ਰਹੀਆਂ ਹਨ, ਨਾਲ ਹੀ ਲੋਕਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਲਗਾਤਾਰ ਇਨ੍ਹਾਂ ਖ਼ਾਲਿਸਤਾਨੀਆਂ ਦੀ ਮੂਵਮੈਂਟ ਦਾ ਵਿਰੋਧ ਕਰ ਰਹੇ ਹਨ।

ਜਾਣਕਾਰੀ ਦੇ ਮੁਤਾਬਿਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੁੱਲ੍ਹੋਵਾਲ ਅਤੇ ਨੇੜਲੇ ਪਿੰਡਾਂ ਵਿੱਚ ਲੰਘੀ ਰਾਤ ਅਣਪਛਾਤਿਆਂ ਦੇ ਵੱਲੋਂ ਕਈ ਦੀਵਾਰਾਂ ਤੇ ਪੁਲੀਆਂ ਉੱਪਰ 'ਖ਼ਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020' ਦੇ ਨਾਅਰੇ ਲਿਖੇ ਗਏ। ਖ਼ਬਰਾਂ ਦੇ ਮੁਤਾਬਿਕ ਖ਼ਾਲਿਸਤਾਨ ਸਬੰਧੀ ਲਿਖੇ ਨਾਅਰਿਆਂ ਸਬੰਧੀ ਆਮ ਲੋਕਾਂ ਦੇ ਵੱਲੋਂ ਸਬੰਧਤ ਥਾਣਿਆਂ ਦੀ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਦੇ ਵੱਲੋਂ ਉਕਤ ਨਾਅਰਿਆਂ 'ਤੇ ਜਿੱਥੇ ਕਾਲਖ਼ ਮਲ ਕੇ ਮਿਟਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ਪੁਲਿਸ ਥਾਣਾ ਬੁੱਲ੍ਹੋਵਾਲ ਦੇ ਮੁਲਾਜ਼ਮਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਟੀਮ ਦੇ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਕੇ 'ਖ਼ਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020' ਦੇ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕੰਮ ਕਿਸੇ ਸ਼ਰਾਰਤੀ ਅਨਸਰਾਂ ਦਾ ਹੈ ਅਤੇ ਮਾਹੌਲ ਖ਼ਰਾਬ ਕਰਨ ਦੀ ਕਿਸੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਹੀ ਸ਼ਰਾਰਤੀ ਅਨਸਰ ਨੂੰ ਫੜ ਕੇ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ।