ਰੁਜ਼ਗਾਰ 'ਤੇ ਵੱਜਿਆ ਡਾਕਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 18 2020 15:05
Reading time: 2 mins, 0 secs

ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ ਵਾਅਦਾ ਕਰਦਿਆਂ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਸੱਤਾ ਵਿੱਚ ਬਣ ਜਾਂਦੀ ਹੈ ਤਾਂ, ਸਭ ਤੋਂ ਪਹਿਲੋਂ ਘਰ ਘਰ ਨੌਕਰੀ ਦੇਣ ਦੀ ਸਕੀਮ ਨੂੰ ਚਲਾਇਆ ਜਾਵੇਗਾ ਅਤੇ ਉਸ ਤੋਂ ਮਗਰੋਂ ਕੋਈ ਦੂਜੇ ਵਾਅਦੇ ਪੂਰੇ ਕੀਤੇ ਜਾਣਗੇ। ਵੇਖਿਆ ਜਾਵੇ ਤਾਂ ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਉਣ ਨੂੰ ਸਾਢੇ ਤਿੰਨ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਪਰ ਹੁਣ ਤੱਕ ਸਰਕਾਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਤਾਂ ਦੇ ਨਹੀਂ ਸਕੀ।

ਉਲਟਾ ਪਹਿਲੋਂ ਕੰਮ ਕਰ ਰਹੇ ਨੌਜਵਾਨਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਐਸੇ ਵਿਭਾਗ ਹਨ, ਜਿੱਥੇ ਠੇਕੇਦਾਰੀ ਸਿਸਟਮ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ, ਪਰ ਸਰਕਾਰ ਨੇ ਇਸ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦੀ ਬਿਜਾਏ, ਨੌਜਵਾਨਾਂ 'ਤੇ ਜ਼ੁਲਮ ਢਹਾਉਂਦਿਆਂ ਹੋਇਆ ਉਨ੍ਹਾਂ ਦੀ ਸਿੱਧੀ ਅਤੇ ਸ਼ਰੇਆਮ ਲੁੱਟ ਹੀ ਕੀਤੀ ਹੈ। ਦੱਸਣਾ ਬਣਦਾ ਹੈ ਕਿ, ਠੇਕਾ ਅਧਾਰਤ ਕੰਪਿਊਟਰ ਆਪ੍ਰਰੇਟਰ ਸੰਘਰਸ਼ ਕਮੇਟੀ ਵੱਲੋਂ ਇਸ ਵਕਤ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਅੰਦਰ ਸਰਕਾਰ ਦੇ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾ ਰਹੇ ਹਨ।

'ਨਿਊਜ਼ਨੰਬਰ' ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦੇ ਠੇਕਾ ਅਧਾਰਤ ਕੰਪਿਊਟਰ ਆਪ੍ਰਰੇਟਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਅਤੇ ਸੱਕਤਰ ਜਸਕਰਨ ਸਿੰਘ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕੈਪਟਨ ਸਰਕਾਰ ਜੋ ਘਰ ਘਰ ਰੁਜ਼ਗਾਰ ਦੇਣ ਦੇ ਦਾਅਵੇ ਦੇ, ਉਲਟ ਜਾ ਕੇ ਉਨ੍ਹਾਂ ਨੂੰ ਪੰਜਾਬ ਦੇ ਪਾਵਰਕਾਮ ਵਿੱਚ ਪੇਸਕੋ ਕੰਪਨੀ ਅਧੀਨ ਬਤੌਰ ਕੰਪਿਊਟਰ ਅਪਰੇਟਰ ਲੰਮੇ ਸਮੇਂ ਤੋਂ ਕੰਮ ਕਰਦੇ ਕਾਮਿਆਂ ਨੂੰ ਘਰਾਂ ਨੂੰ ਤੋਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਕੰਪਿਊਟਰ ਕਾਮਿਆਂ ਵੱਲੋਂ 9 ਨਵੰਬਰ ਤੋਂ ਧਰਨਾ ਜਾਰੀ ਹੈ।

ਧਰਨੇ ਦੇ ਜ਼ੋਰ 'ਤੇ ਦੋ ਵਾਰ ਚੀਫ਼ ਨੇ ਗੱਲਬਾਤ ਲਈ ਸੱਦਿਆ। ਪਰ ਉਥੇ ਸਿਰਫ਼ ਲਾਰੇ ਹੀ ਮਿਲੇ। ਠੇਕਾ ਮੁਲਾਜ਼ਮ ਕੰਪਿਊਟਰ ਆਪ੍ਰਰੇਟਰ ਆਗੂਆਂ ਨੇ ਕਿਹਾ ਕਿ ਵੋਟਾਂ ਵੇਲੇ ਹਾਕਮ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨਾਲ ਵਾਅਦੇ ਕਰਦੇ ਹਨ, ਪਰ ਜਦੋਂ ਸੱਤਾ ਵਿੱਚ ਆ ਜਾਂਦੇ ਹਨ। ਫਿਰ ਆਪਣੇ ਵਾਅਦੇ ਭੁੱਲ ਜ਼ਾਂਦੇ ਹਨ ਤੇ ਲੋਕ ਵਿਰੋਧੀ ਫ਼ੈਸਲੇ ਲੈਂਦੇ ਹਨ। ਪਹਿਲਾਂ ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਨਾਂਅ ਹੇਠ ਤਨਖ਼ਾਹ ਵਿੱਚ ਹੋਇਆ ਨਿਗੂਣਾ ਵਾਧਾ ਰੋਕ ਦਿੱਤਾ ਅਤੇ ਉਸ ਤੋਂ ਅੱਗੇ ਨਵੰਬਰ ਵਿੱਚ ਸਾਡੀ ਨਿਗੂਣੀ ਤਨਖ਼ਾਹ, ਜਿਸ ਨਾਲ ਘਰ ਚੱਲਦਾ ਸੀ, ਉਹ ਵੀ ਖੋਹ ਲਈ।

ਸਾਡਾ ਰੁਜ਼ਗਾਰ ਖੋਹਣ ਲਈ ਮੈਨੇਜਮੈਂਟ ਨੇ ਪਾਵਰਕਾਮ ਦੇ ਘਾਟੇ ਨੂੰ ਜ਼ਿੰਮੇਵਾਰ ਦੱਸਿਆ। ਇਸ ਘਾਟੇ ਦੀ ਜਿੰਮੇਵਾਰ ਠੇਕਾ ਕਾਮੇ ਨਹੀਂ, ਸਗੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਤੇ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਜੋ ਕਾਮਿਆਂ ਨੇ ਨਹੀ, ਸਰਕਾਰਾਂ ਨੇ ਕੀਤੇ। ਇਸ ਕਾਰਨ ਪੰਜਾਬ ਦੇ ਨੌਜਵਾਨ ਕੱਚੇ ਰੁਜ਼ਗਾਰ ਸੰਤਾਪ ਹੰਢਾ ਰਹੇ ਹਨ। ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸੰਘਰਸ਼ ਉਦੋਂ ਤੱਕ ਚੱਲਦਾ ਰੱਖਿਆ ਜਾਵੇਗਾ, ਜਦੋਂ ਤੱਕ ਰੁਜ਼ਗਾਰ ਬਹਾਲ ਨਹੀਂ ਹੁੰਦਾ।