ਕਿਸਾਨ ਅੰਦੋਲਨ: ਹਾਕਮਾਂ ਤੋਂ ਅੱਗੇ ਕਿਸਾਨ ਦਿੱਲੀ ਵੱਲ ਨੂੰ ਚਾੜਣਗੇ ਟਰੈਕਟਰ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 18 2020 15:02
Reading time: 2 mins, 1 sec

ਕੇਂਦਰ ਵਿਚਲੀ ਮੋਦੀ ਸਰਕਾਰ ਦੇ ਵਿਰੁੱਧ ਕਿਸਾਨਾਂ ਦਾ ਰੋਹ ਜਾਰੀ ਹੈ। ਕਿਸਾਨਾਂ ਦੀ ਮੰਗ ਹੈ ਕਿ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ। ਪਰ ਮੋਦੀ ਸਰਕਾਰ ਕਿਸਾਨਾਂ ਦੀ ਇਹ ਮੰਗਣ ਮੰਨਣ ਨੂੰ ਜਿੱਥੇ ਤਿਆਰ ਨਹੀਂ, ਉੱਥੇ ਹੀ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ 'ਤੇ ਨਿੱਤ ਨਵੇਂ ਫ਼ਰਮਾਨ ਝਾੜੇ ਜਾ ਰਹੇ ਹਨ, ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਦੁਰਕਿਨਾਰ ਕਰਨ ਵਾਲੇ ਮੋਦੀ ਨੂੰ ਕਿਸਾਨ ਹਿਟਲਰ ਆਖ ਕੇ ਬੁਲਾ ਰਹੇ ਹਨ।

ਦੱਸਣਾ ਬਣਦਾ ਹੈ, ਕਿ ਪਿਛਲੇ ਦਿਨੀਂ ਦਿੱਲੀ ਵਿਖੇ ਤਿੰਨ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਖੇਤੀ ਕਾਨੂੰਨ ਦੇ ਸਬੰਧ ਵਿੱਚ ਵਿਸੇਸ਼ ਮੀਟਿੰਗ ਹੋਈ। ਇਹ ਮੀਟਿੰਗ ਜਿੱਥੇ ਬੇਸਿੱਟਾ ਰਹੀ, ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਮੰਗਾਂ ਕੇਂਦਰੀ ਮੰਤਰੀਆਂ ਦੇ ਅੱਗੇ ਰੱਖੀਆਂ ਗਈਆਂ, ਉਨ੍ਹਾਂ 'ਤੇ ਤਾਂ ਧਿਆਨ ਦਿੱਤਾ ਨਹੀਂ ਗਿਆ, ਸਗੋਂ ਕੇਂਦਰੀ ਹਾਕਮਾਂ ਨੇ ਆਪਣੀਆਂ ਹੀ ਮੰਗਾਂ ਕਿਸਾਨਾਂ ਮੂਹਰੇ ਰੱਖ ਮਾਰੀਆਂ, ਕਿ ਅਖੇ ਪੰਜਾਬ ਦੇ ਅੰਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਪਸੰਜਰ ਰੇਲਾਂ ਵੀ ਚਲਾਉਣ ਦੇਣ।

ਭਾਵੇਂ ਕਿ ਕਿਸਾਨਾਂ ਦੇ ਵੱਲੋਂ ਕੇਂਦਰੀ ਮੰਤਰੀਆਂ ਦੀ ਇਹ ਮੰਗਾਂ ਨੂੰ ਸਿਰੇ ਤੋਂ ਹੀ ਰੱਦ ਕਰ ਦਿੱਤਾ, ਉੱਥੇ ਹੀ ਕਿਸਾਨਾਂ ਨੇ ਮੰਗ ਰੱਖੀ ਕਿ ਕਿਸਾਨ ਤੇ ਲੋਕ ਮਾਰੂ ਖੇਤੀ ਕਾਨੂੰਨ ਮੋਦੀ ਸਰਕਾਰ ਰੱਦ ਕਰੇ ਅਤੇ ਜੇਕਰ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਵੀ ਕਰਨੀ ਹੈ ਤਾਂ, ਕਿਸਾਨਾਂ ਦੇ ਮੁਤਾਬਿਕ ਹੀ ਕੀਤੀ ਜਾਵੇ। ਕਿਸਾਨਾਂ ਦੀਆਂ ਮੰਗਾਂ ਨੂੰ ਤਾਂ ਕੇਂਦਰੀ ਮੰਤਰੀਆਂ ਦੇ ਵੱਲੋਂ ਨੋਟ ਕਰਕੇ ਰੱਖ ਲਿਆ ਗਿਆ ਅਤੇ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਕਿ, ਆਗਾਮੀ ਦਿਨਾਂ ਦੇ ਅੰਦਰ ਜਿਹੜੀ ਮੀਟਿੰਗ ਹੋਵੇਗੀ, ਉਸ ਵਿੱਚ ਇਨ੍ਹਾਂ ਕਾਨੂੰਨਾਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ।

ਜਦੋਂਕਿ, ਕਿਸਾਨਾਂ ਦੇ ਵੱਲੋਂ ਕੇਂਦਰੀ ਮੰਤਰੀਆਂ ਦੇ ਨਾਲ ਕੀਤੀ ਮੀਟਿੰਗ ਤੋਂ ਬਾਅਦ ਇਹ ਸਪੱਸ਼ਟ ਕਰ ਦਿੱਤਾ ਸੀ ਕਿ, ਕਿਸਾਨ ਹੁਣ ਪੂਰੇ ਭਾਰਤ ਦੇ ਵਿੱਚੋਂ ਟਰੈਕਟਰ ਟਰਾਲੀਆਂ 'ਤੇ ਆਉਣਗੇ ਅਤੇ 26-27 ਨਵੰਬਰ ਨੂੰ ਦਿੱਲੀ ਵਿਖੇ ਮੋਰਚੇ ਗੱਡਣਗੇ। ਕਿਸਾਨ ਯੂਨੀਅਨਾਂ ਦੇ ਵੱਲੋਂ ਜਾਰੀ ਹੁਣ ਦੇ ਪ੍ਰੈੱਸ ਬਿਆਨਾਂ ਵਿੱਚ ਇਹ ਵੀ ਆਖਿਆ ਜਾ ਰਿਹਾ ਹੈ ਕਿ ਦਿੱਲੀ ਵਿਖੇ ਕੀਤੇ ਜਾਣ ਵਾਲੇ ਮੁਜ਼ਾਹਰੇ ਸਬੰਧੀ ਲਗਾਤਾਰ ਮੀਟਿੰਗ ਚੱਲ ਰਹੀਆਂ ਹਨ ਅਤੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਉਹ ਦਿੱਲੀ ਧਰਨੇ ਵਿੱਚ ਵੱਧ ਚੜ ਕੇ ਹਿੱਸਾ ਲੈਣ।

ਕਿਸਾਨ ਮੀਟਿੰਗਾਂ ਦੇ ਵਿੱਚ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 26-27 ਨਵੰਬਰ ਨੂੰ ਦਿੱਲੀ ਦਾ ਘੇਰਾਓ ਕਰਨ ਲਈ ਪ੍ਰੋਗਰਾਮ ਸਬੰਧੀ ਵਿਸ਼ੇਸ਼ ਵਿਚਾਰ-ਵਟਾਂਦਰਾ ਹੋ ਰਿਹਾ ਹੈ। ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ, ਕਿਸਾਨ ਘੋਲ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਸਮੂਹ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੂੰ 26-27 ਨਵੰਬਰ ਦੇ ਮੁਜ਼ਾਹਰੇ ਵਿੱਚ ਹਿੱਸਾ ਲੈਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਦਿੱਲੀ ਦੇ ਘੇਰਾਓ ਲਈ ਕਾਫੀ ਉਤਸ਼ਾਹ ਹੈ।