ਭਾਰਤੀਆਂ ਦੇ ਨਾਲ ਅੰਗਰੇਜ਼ਾਂ ਦੇ ਨਾਲੋਂ ਵੀ ਹੋ ਰਿਹੈ ਭੈੜਾ ਸਲੂਕ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 18 2020 14:59
Reading time: 2 mins, 38 secs

ਹੁਣ ਤੱਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਸੱਤਾ ਦੇ ਵਿੱਚ ਆਈਆਂ ਹਨ, ਹਰ ਸਿਆਸੀ ਪਾਰਟੀ ਨੇ ਆਪਣੇ ਹੀ ਢਿੱਡ ਨੂੰ ਹੱਥ ਮਾਰਿਆ ਹੈ, ਕਿਸੇ ਵੀ ਸਿਆਸੀ ਪਾਰਟੀ ਵਿੱਚ ਭੋਰਾ ਲੋਕ ਹਿੱਤ ਗੱਲ ਨਹੀਂ ਹੈ। ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਬਸਪਾ ਤੋਂ ਇਲਾਵਾ ਹੋਰ ਨੈਸ਼ਨਲ ਪਾਰਟੀਆਂ ਨੇ ਹਮੇਸ਼ਾ ਹੀ ਭਾਰਤ ਦੀ ਜਨਤਾ ਦੇ ਨਾਲ ਵਾਅਦੇ ਤਾਂ ਅਨੇਕਾਂ ਕੀਤੇ ਹਨ, ਪਰ ਉਨ੍ਹਾਂ ਨੂੰ ਕਦੇ ਸਿਰੇ ਨਹੀਂ ਲਗਾਇਆ। ਜਿੰਨੀ ਵਾਰ ਵੀ ਭਾਜਪਾ, ਕਾਂਗਰਸ ਜਾਂ ਫਿਰ ਹੋਰ ਤੀਜੀ ਕਿਸੇ ਧਿਰ ਨੇ ਕੇਂਦਰ ਸੱਤਾ 'ਤੇ ਰਾਜ ਕੀਤਾ ਹੈ ਤਾਂ, ਉਨ੍ਹਾਂ ਨੇ ਜ਼ੁਲਮ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕੀਤਾ।

ਸਹੀ ਰਿਪੋਰਟਾਂ ਛਾਪਣ ਵਾਲੇ ਪੱਤਰਕਾਰਾਂ ਨੂੰ ਜਿੱਥੇ ਹਾਕਮ ਨਿਸ਼ਾਨਾ ਬਣਾਉਂਦੇ ਰਹੇ ਹਨ, ਉੱਥੇ ਹੀ ਸਮਾਜਿਕ ਕਾਰਕੁੰਨਾਂ, ਬੁੱਧੀਜੀਵੀਆਂ, ਵਕੀਲਾਂ ਤੋਂ ਇਲਾਵਾ ਲੋਕ ਹਿੱਤ ਗੱਲ ਕਰਨ ਵਾਲੇ ਇਨਕਲਾਬੀਆਂ ਨੂੰ ਸਮੇਂ ਦੇ ਹਾਕਮਾਂ ਨੇ ਜੇਲ੍ਹਾਂ ਦੇ ਅੰਦਰ ਸੁੱਟਿਆ ਹੈ। ਪਹਿਲੋਂ ਤਾਂ ਸਿਆਸੀ ਪਾਰਟੀਆਂ ਦੇ ਵੱਲੋਂ ਚੋਣਾਂ ਵੇਲੇ ਜ਼ੁਮਲੇਬਾਜੀਆਂ ਛੱਡੀਆਂ ਜਾਂਦੀਆਂ ਹਨ, ਜਦੋਂ ਕੋਈ ਉਕਤ ਜ਼ੁਮਲੇਬਾਜ਼ੀ ਦੇ ਵਿਰੁੱਧ ਬੋਲਦਾ ਹੈ ਤਾਂ, ਉਸ ਉੱਪਰ ਪਰਚਾ ਦਰਜ ਕਰਵਾ ਕੇ, ਜੇਲ੍ਹ ਦੇ ਅੰਦਰ ਸੁੱਟਵਾ ਦਿੱਤਾ ਜਾਂਦਾ ਹੈ।

ਮੁੱਕਦੀ ਗੱਲ ਕਿ ਸਮੇਂ ਦੇ ਹਾਕਮ ਜ਼ੁਲਮੀ ਹੀ ਰਹੇ ਹਨ ਅਤੇ ਅੱਗੇ ਤੋਂ ਵੀ ਖ਼ੌਰੇ ਇਹ ਇਸੇ ਤਰ੍ਹਾਂ ਹੀ ਭਾਰਤ ਦੀ ਜਨਤਾ 'ਤੇ ਜ਼ੁਲਮ ਕਰਦੇ ਰਹਿਣਗੇ। 'ਨਿਊਜ਼ਨੰਬਰ' ਨਾਲ ਆਪਣੇ ਬਿਆਨ ਸਾਂਝੇ ਕਰਦਿਆਂ ਹੋਇਆ ਕੁੱਝ ਬੁੱਧੀਜੀਵੀਆਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਦੱਸਦੇ ਚੱਲੀਏ ਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਮੋਦੀ ਹਕੂਮਤ ਦੇ ਵੱਲੋਂ ਸਮੂਹ ਭਾਰਤ ਵਾਸੀਆਂ ਦੇ ਖਾਤਿਆਂ ਵਿੱਚ 15/15 ਲੱਖ ਰੁਪਏ ਪਾਉਣ ਦੀ ਜਿੱਥੇ ਗੱਲ ਕੀਤੀ ਗਈ ਸੀ, ਉੱਥੇ ਹੀ ਭਾਰਤ ਦੇ ਬੇਰੁਜ਼ਗਾਰਾਂ ਲਈ 2 ਕਰੋੜ ਪ੍ਰਤੀ ਸਾਲ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਸੀ। ਇਸੇ ਤਰਾਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਭਾਅ ਦਿਵਾਉਣ ਦੇ ਲਈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਸਭ ਤੋਂ ਵੱਡਾ ਵਾਅਦਾ ਇਹ ਕੀਤਾ ਗਿਆ ਸੀ ਕਿ ਜਿੰਨਾ ਵੀ ਕਾਲਾ ਧਨ ਵਿਦੇਸ਼ਾਂ ਵਿੱਚ ਜਮ੍ਹਾ ਹੈ, ਉਸ ਨੂੰ ਭਾਰਤ ਲਿਆਂਦਾ ਜਾਵੇਗਾ ਅਤੇ ਦੇਸ਼ ਦੇ ਵਿਕਾਸ 'ਤੇ ਖ਼ਰਚ ਕੀਤਾ ਜਾਵੇ।

ਵੈਸੇ, ਵੇਖਿਆ ਜਾਵੇ ਤਾਂ, ਇਹ ਸਭ ਮੋਦੀ ਦੀ ਜ਼ੁਮਲੇਬਾਜ਼ੀ ਹੀ ਸੀ। ਹੁਣ ਤੱਕ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਖਾਤੇ ਵਿੱਚ ਨਾ ਤਾਂ 15 ਲੱਖ ਰੁਪਏ ਆਏ, ਨਾ ਹੀ ਵਾਅਦੇ ਮੁਤਾਬਿਕ 2 ਕਰੋੜ ਨੌਕਰੀਆਂ ਬੇਰੁਜ਼ਗਾਰ ਨੌਜਵਾਨਾਂ ਨੂੰ ਪ੍ਰਤੀ ਸਾਲ ਮਿਲੀਆਂ ਹਨ ਅਤੇ ਨਾ ਹੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਈ ਹੈ। ਜ਼ੁਮਲੇਬਾਜ਼ਾਂ ਨੇ ਆਪਣੀ ਜ਼ੁਮਲੇਬਾਜ਼ੀ ਹੀ ਕਰ ਵਿਖਾਈ ਅਤੇ ਆਪਣੇ ਕੀਤੇ ਵਾਅਦਿਆਂ ਤੋਂ ਮੋਦੀ ਹੁਰੀਂ ਭੱਜੇ ਹਨ। ਦੱਸਣਾ ਬਣਦਾ ਹੈ ਕਿ ਭਾਰਤ ਦੇ ਅੰਦਰ ਕਿਸੇ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਮੁਸਮਲਾਨਾਂ ਤੋਂ ਇਲਾਵਾ ਦਲਿਤਾਂ, ਸਿੱਖਾਂ 'ਤੇ ਦਿਨ ਰਾਤ ਅੱਤਿਆਚਾਰ ਹੋ ਰਹੇ ਹਨ, ਪਰ ਇਨ੍ਹਾਂ ਅੱਤਿਆਚਾਰ ਕਰਨ ਵਾਲਿਆਂ ਨੂੰ ਹਾਕਮ ਸ਼ਹਿ ਦੇਣ 'ਤੇ ਲੱਗੇ ਹੋਏ ਹਨ।

ਜਿਹੜਾ ਵੀ ਪੱਤਰਕਾਰ ਆਜ਼ਾਦ ਦੇਸ਼ ਦੇ ਅੰਦਰ ਆਜ਼ਾਦੀ ਦੀ ਗੱਲ ਕਰਦਿਆਂ ਹੋਇਆ ਸਹੀ ਰਿਪੋਰਟਾਂ ਵਿਖਾਉਂਦਾ ਹੈ, ਉਸ 'ਤੇ ਹਾਕਮ ਕਾਲਾ ਕਾਨੂੰਨ ਮੜ ਕੇ ਉਸ ਨੂੰ ਜੇਲ੍ਹਾਂ ਦੇ ਅੰਦਰ ਸੁੱਟ ਰਹੇ ਹਨ। ਜ਼ੁਮਲੇਬਾਜ਼ੀ ਦੇ ਜੁਲਮ ਇਸ ਕਦਰ ਵੱਧ ਚੁੱਕੇ ਹਨ ਕਿ, ਇਹ ਜਾਲਮ ਹਾਕਮ ਸੱਚ ਲਿਖਣ, ਬੋਲਣ ਜਾਂ ਫਿਰ ਸੰਘਰਸ਼ ਕਰਨ ਵਾਲੇ ਨੂੰ ਵੀ ਬਖ਼ਸ਼ ਨਹੀਂ ਰਹੇ। ਅੰਗਰੇਜ਼ਾਂ ਦੇ ਨਾਲੋਂ ਵੀ ਭਾਰਤੀਆਂ ਦੇ ਨਾਲ ਇਸ ਵਕਤ ਭੈੜਾ ਸਲੂਕ ਹੋ ਰਿਹਾ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਇਸ ਪਾਸੇ ਤਾਂ ਜ਼ੁਮਲੇਬਾਜਾਂ ਨੇ ਸਮੂਹ ਭਾਰਤੀ ਮੀਡੀਆ ਨੂੰ ਆਪਣੇ ਕਬਜ਼ੇ ਹੇਠ ਕੀਤਾ ਹੋਇਆ ਹੈ, ਉੱਥੇ ਹੀ ਗੋਦੀ ਮੀਡੀਆ ਜਾਂ ਫਿਰ ਭਾਜਪਾਈ ਪੱਤਰਕਾਰ ਉਨ੍ਹਾਂ ਰਿਪੋਰਟਾਂ ਨੂੰ ਗ਼ਲਤ ਠਹਿਰਾਉਣ 'ਤੇ ਲੱਗੇ ਹੋਏ ਹਨ, ਜੋ ਅਸਲ ਵਿੱਚ ਦੇਸ਼ ਦੇ ਅੰਦਰ ਵਾਪਰ ਰਹੀਆਂ ਹਨ।