ਬੇਰੁਜ਼ਗਾਰਾਂ ਨਾਲ ਇੱਕ ਹੋਰ ਧੱਕਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 17 2020 14:45
Reading time: 1 min, 42 secs

ਸੱਤਾ ਸੰਭਾਲਣ ਤੋਂ ਪਹਿਲੋਂ ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੇ ਬੇਰੁਜ਼ਗਾਰਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ, ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਅੰਦਰ ਬਣਦੀ ਹੈ ਤਾਂ, ਸਭ ਤੋਂ ਪਹਿਲੋਂ ਪੰਜਾਬ ਦੇ ਅੰਦਰ ਬੇਰੁਜ਼ਗਾਰਾਂ ਦੇ ਲਈ ਨੌਕਰੀਆਂ ਦੇ ਭੰਡਾਰ ਖੋਲ੍ਹੇ ਜਾਣਗੇ ਅਤੇ ਵੱਧ ਤੋਂ ਵੱਧ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਪਰ ਇਸ ਵਕਤ ਕੈਪਟਨ ਸਰਕਾਰ ਨੂੰ ਸੱਤਾ ਸੰਭਾਲਿਆ ਕਰੀਬ ਪੌਣੇ ਚਾਰ ਸਾਲ ਹੋ ਗਏ ਹਨ, ਪਰ ਹੁਣ ਤੱਕ ਸਰਕਾਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਪ੍ਰਦਾਨ ਨਹੀਂ ਕਰ ਸਕੀ।

ਨੌਕਰੀ ਪ੍ਰਾਪਤ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਵਿਚਲੀ ਕੈਪਟਨ ਸਰਕਾਰ 'ਤੇ ਗੰਭੀਰ ਦੋਸ਼ ਮੜੇ ਜਾ ਰਹੇ ਹਨ ਅਤੇ ਵਾਅਦਾ ਖ਼ਿਲਾਫ਼ੀ ਦਾ ਸਰਕਾਰ 'ਤੇ ਦੋਸ਼ ਲਗਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਦੇ ਖ਼ਿਲਾਫ਼ ਪਟਿਆਲਾ ਦੇ ਅੰਦਰ ਪ੍ਰਦਰਸ਼ਨ ਕੀਤਾ ਗਿਆ ਅਤੇ ਕਈ ਘੰਟੇ ਜਾਮ ਵੀ ਲਗਾਈ ਰੱਖਿਆ।

ਪਟਿਆਲਾ ਪ੍ਰਸਾਸ਼ਨ ਵੱਲੋਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਨਾਲ ਇਸ ਪ੍ਰਦਰਸ਼ਨ ਦੇ ਦੌਰਾਨ ਗੱਲਬਾਤ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਕਿ ਜਥੇਬੰਦੀ ਦੀ ਮੀਟਿੰਗ 20 ਨਵੰਬਰ ਤੱਕ ਐੱਮ. ਪੀ. ਸਿੰਘ ਓ.ਐੱਸ.ਡੀ. ਨਾਲ ਕਰਵਾਈ ਜਾਵੇਗਾ। ਜਾਣਕਾਰੀ ਲਈ ਦੱਸ ਦਈਏ ਕਿ ਪਹਿਲੋਂ ਵੀ ਕਈ ਵਾਰ ਜਥੇਬੰਦੀ ਦੀਆਂ ਮੀਟਿੰਗਾਂ ਫਿਕਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਕਰਵਾਈਆਂ ਜਾਂਦੀਆਂ ਰਹੀਆਂ ਹਨ, ਪਰ ਹੁਣ ਤੱਕ ਨਤੀਜ਼ਾ 'ਜ਼ੀਰੋ' ਹੀ ਨਿਕਲਿਆ ਹੈ।

'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਅਤੇ ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 13000 ਦੇ ਕਰੀਬ ਈ.ਟੀ.ਟੀ. ਅਧਿਆਪਕਾਂ ਦੀਆਂ ਸਕੂਲਾਂ ਵਿੱਚ ਅਸਾਮੀਆਂ ਖਾਲੀਆਂ ਹੋਣ ਦੇ ਬਾਵਜੂਦ ਵੀ 2364 ਅਸਾਮੀਆਂ ਕੱਢੀਆਂ ਹੋਈਆਂ ਹਨ, ਜਿਸ ਦੇ ਉੱਪਰ ਵੀ ਪੰਜਾਬ ਸਰਕਾਰ ਵੱਲੋਂ ਦੂਜੇ ਪੇਪਰ ਦੀ ਸ਼ਰਤ ਵਾਧੂ ਰੱਖ ਕੇ ਬੇਰੁਜ਼ਗਾਰਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ।

ਪਿਛਲੇ ਇੱਕ ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਨਵੀਂਆਂ ਨਵੀਂਆਂ ਸੋਧਾਂ ਕਰਕੇ 2364 ਅਸਾਮੀਆਂ ਵੀ ਬੇਰੁਜ਼ਗਾਰਾਂ ਤੋਂ ਖੋਹੀਆਂ ਜਾ ਰਹੀਆਂ ਹਨ। ਆਗੂਆਂ ਵੱਲੋਂ ਦੋਸ਼ ਲਗਾਉਂਦੇ ਹੋਏ ਇਹ ਵੀ ਆਖਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀਆਂ ਦੇ ਮੁੰਡਿਆਂ ਕੁੜੀਆਂ ਨੂੰ ਬਿਨਾਂ ਯੋਗਤਾ ਦੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਹਜ਼ਾਰਾਂ ਵਿੱਚ ਪੜ੍ਹੇ ਲਿਖੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਨੌਕਰੀ ਲਈ ਸੜਕਾਂ 'ਤੇ ਰੁਲ ਰਹੇ ਹਨ।