ਬਾਕੀ ਤਾਂ ਕੰਮ ਠੀਕ ਨੇ ਬੀਬਾ, ਪਰ ਪੱਗ 'ਤੇ ਵਿਅੰਗ ਮਾੜਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 17 2020 14:35
Reading time: 1 min, 32 secs

ਲੰਘੇ ਦਿਨੀਂ ਪੰਜਾਬੀ ਗਾਇਕਾ ਅਤੇ ਆਮ ਆਦਮੀ ਪਾਰਟੀ ਦੀ ਯੂਥ ਲੀਡਰ ਅਨਮੋਲ ਗਗਨ ਮਾਨ ਦੇ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਹੋਇਆ, ਜਿੱਥੇ ਮੋਦੀ ਸਰਕਾਰ 'ਤੇ ਗੰਭੀਰ ਦੋਸ਼ ਲਗਾਏ। ਉੱਥੇ ਹੀ ਅਨਮੋਲ ਗਗਨ ਮਾਨ ਦੇ ਵੱਲੋਂ ਪੰਜਾਬ ਵਿਚਲੀ ਕੈਪਟਨ ਸਰਕਾਰ ਨੂੰ ਤਾਂ ਕੋਸਿਆ ਗਿਆ, ਨਾਲ ਹੀ ਅਨਮੋਲ ਗਗਨ ਮਾਨ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਜਿੰਦਗੀ ਤੋਂ ਇਲਾਵਾ ਉਨ੍ਹਾਂ ਦੀ ਪੱਗ 'ਤੇ ਵਿਅੰਗ ਕੱਸਿਆ ਗਿਆ।

ਵੈਸੇ ਤਾਂ, ਪੱਗ 'ਤੇ ਵਿਅੰਗ ਕੱਸਣ ਵਾਲਿਆਂ ਦੀ ਕੋਈ ਕਮੀ ਨਹੀਂ। ਆਏ ਦਿਨ ਹੀ ਕੋਈ ਨਾ ਕੋਈ ਸਿੱਖਾਂ ਦੇ ਸਿਰਾਂ 'ਤੇ ਸਜਾਈ ਜਾਂਦੀ ਦਸਤਾਰ ਨੂੰ ਲੈ ਕੇ ਪੁੱਠੇ ਸਿੱਧੇ ਕੁਮੈਂਟ ਕਰਦਾ ਰਹਿੰਦਾ ਹੈ। ਹੁਣ ਅਨਮੋਲ ਗਗਨ ਮਾਨ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਪੱਗ 'ਤੇ ਵਿਅੰਗ ਕੱਸਦਿਆਂ ਹੋਇਆ, ਉਸ ਨੂੰ ਕਈ ਪ੍ਰਕਾਰ ਦੇ ਅਪਸ਼ਬਦ ਬੋਲੇ। ਬੇਸ਼ੱਕ ਅਨਮੋਲ ਗਗਨ ਮਾਨ ਵਿਰੋਧੀ ਧਿਰ ਦੀ ਲੀਡਰ ਹੈ ਅਤੇ ਉਸ ਨੂੰ ਹੱਕ ਹੈ ਕਿ ਉਹ ਕੈਪਟਨ ਖ਼ਿਲਾਫ਼ ਭੜਾਸ ਕੱਢੇ।

ਪਰ, ਮਾਨ ਨੂੰ ਏਨਾ ਵੀ ਆਪਾ ਨਹੀਂ ਭੁੱਲਣਾ ਚਾਹੀਦਾ, ਕਿ ਉਹ ਪੱਗ 'ਤੇ ਹੀ ਵਿਅੰਗ ਕੱਸਣ ਲੱਗ ਜਾਵੇ। ਦੱਸਣਾ ਬਣਦਾ ਹੈ, ਕਿ ਭਾਵੇਂ ਹੀ ਇਸ ਵੇਲੇ ਆਮ ਆਦਮੀ ਪਾਰਟੀ ਵਧੀਆ ਲੀਡਰਾਂ ਦੀ ਘਾਟ ਮਹਿਸੂਸ ਕਰ ਰਹੀ ਹੈ ਅਤੇ ਇਸ ਨੂੰ ਹੁਣ ਅਨਮੋਲ ਗਗਨ ਮਾਨ ਵਰਗੇ ਲੀਡਰ ਦੀ ਜ਼ਰੂਰਤ ਪੈ ਗਈ ਹੈ। ਅਨਮੋਲ ਗਗਨ ਮਾਨ ਦੇ ਵੱਲੋਂ ਸਿੱਧੇ ਅਤੇ ਸ਼ਰੇਆਮ ਹੀ ਆਪਣਾ ਆਪ ਵਿਖਾਉਂਦੇ ਹੋਏ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਪੱਗ 'ਤੇ ਵਿਅੰਗ ਕੱਸਿਆ ਹੈ।

ਲੰਘੇ ਦਿਨੀਂ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈੱਲਪਮੈਂਟ ਬੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੱਗ 'ਤੇ ਵਿਅੰਗ ਕੱਸਣ ਵਾਲੇ ਕਿਸੇ ਵੀ ਲੀਡਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਨੇ ਜਾਰੀ ਇੱਕ ਪ੍ਰੈੱਸ ਬਿਆਨ ਦੇ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਪੱਗੜੀ 'ਤੇ ਵਿਅੰਗ ਕੱਸਣ ਦੀ ਨਿਖੇਧੀ ਕਰਦਿਆਂ ਪੰਜਾਬ ਪੁਲਿਸ ਕੋਲੋਂ ਮੰਗ ਕੀਤੀ ਕਿ ਅਨਮੋਲ ਗਗਨ ਮਾਨ 'ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਅਨਮੋਲ ਗਗਨ ਮਾਨ ਨੂੰ ਇਹ ਵੀ ਆਖਿਆ ਕਿ, ਬਾਕੀ ਤਾਂ ਕੰਮ ਠੀਕ ਨੇ ਬੀਬਾ, ਪਰ ਪੱਗ 'ਤੇ ਵਿਅੰਗ ਕੱਸਣਾ ਮਾੜੀ ਗੱਲ ਹੈ।