ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਨਾਲ, ਕਿਸਾਨਾਂ ਨੇ ਕੱਢੀ ਮਾਰੀ ਇੱਕ ਹੋਰ ਮੰਗ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 17 2020 14:21
Reading time: 1 min, 35 secs

ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਕਿਸਾਨਾਂ ਦਾ ਰੋਹ ਜਾਰੀ ਹੈ ਅਤੇ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਕਿਸਾਨਾਂ ਦੇ ਵੱਲੋਂ ਦੇਸ਼ ਭਰ ਦੇ ਅੰਦਰ ਮੁਜ਼ਾਹਰਾ ਕਰਦਿਆਂ ਹੋਇਆ ਮੰਗ ਰੱਖੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਰੱਦ ਕਰੇ। ਪਰ ਕੇਂਦਰ ਸਰਕਾਰ ਕਿਸਾਨ ਦੀ ਜਿੱਥੇ ਇਸ ਮੰਗ ਮੰਨਣ ਤੋਂ ਕਿਨਾਰਾ ਕਰ ਰਹੀ ਹੈ, ਉੱਥੇ ਹੀ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ, ਵੇਹਲੜ ਅਤੇ ਹੋਰ ਕਈ ਨਾਵਾਂ ਦੇ ਨਾਲ ਪੁਕਾਰ ਰਹੀ ਹੈ।

ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਇੱਕ ਪਾਸੇ ਤਾਂ ਕਿਸਾਨਾਂ ਦਾ ਰੋਹ ਖੇਤੀ ਕਾਨੂੰਨਾਂ ਦੇ ਵਿਰੁੱਧ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਹੁਣ ਕਿਸਾਨਾਂ ਨੇ ਆਪਣੀ ਨਵੀਂ ਮੰਗ ਲਿਆ ਮਾਰੀ ਹੈ, ਕਿ ਕਿਸਾਨਾਂ ਉਪਰ ਦਰਜ ਕੀਤੇ ਗਏ ਰੇਲਵੇ ਵਿਭਾਗ ਦੇ ਵੱਲੋਂ ਪਰਚੇ ਜਲਦ ਤੋਂ ਜਲਦ ਰੱਦ ਕੀਤੇ ਜਾਣ। ਹੈਰਾਨੀ ਇਸ ਗੱਲ ਦੀ ਵੀ ਪਾਠਕਾਂ ਨੂੰ ਹੋਵੇਗੀ ਕਿ ਪੰਜਾਬ ਦੇ ਕਿਸਾਨਾਂ 'ਤੇ ਰੇਲਵੇ ਵਿਭਾਗ ਵੱਲੋਂ ਦਰਜ ਕੀਤੇ ਗਏ, ਮੁਕੱਦਮਿਆਂ ਦੀ ਜਾਣਕਾਰੀ ਪੰਜਾਬ ਦੀ ਕੈਪਟਨ ਸਰਕਾਰ ਨੂੰ ਨਹੀਂ ਹੈ।

ਜਿਸ ਦੇ ਕਾਰਨ ਹੁਣ ਸਰਕਾਰ ਦੇ ਨਾਲ ਨਾਲ ਕਿਸਾਨ ਰੇਲਵੇ ਵਿਰੁੱਧ ਵੀ ਮੁਜ਼ਾਹਰੇ ਕਰ ਰਹੇ ਹਨ। ਦੱਸਣਾ ਬਣਦਾ ਹੈ, ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੀ ਇੱਕ ਮੰਗ ਇਹ ਵੀ ਹੈ ਕਿ ਲੰਘੇ ਸਮੇਂ ਦੌਰਾਨ ਕਿਸਾਨ ਕਾਰਕੁੰਨਾਂ 'ਤੇ ਦਰਜ ਕੀਤੀਆਂ ਗਈਆਂ ਰੇਲਵੇ ਵਿਭਾਗ ਵੱਲੋਂ ਐੱਫਆਈਆਰਜ਼ ਰੱਦ ਕੀਤੀਆਂ ਜਾਣ।

ਲੰਘੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੰਘੇ ਸਮੇਂ ਦੌਰਾਨ ਕਿਸਾਨਾਂ 'ਤੇ ਰੇਲ ਵਿਭਾਗ ਨੇ ਅਣਗਿਣਤ ਪਰਚੇ ਦਰਜ ਕੀਤੇ ਹਨ। ਇਹ ਪਰਚੇ ਰੱਦ ਹੋਣੇ ਚਾਹੀਦੇ ਹਨ। ਕਿਸਾਨ ਆਗੂ ਜਗਮੋਹਨ ਸਿੰਘ ਮੁਤਾਬਿਕ ਭਾਵੇਂ ਰੇਲਵੇ ਵਿਭਾਗ ਨੇ ਭਾਵੇਂ ਹੀ ਕਈ ਪਰਚੇ ਕਿਸਾਨਾਂ 'ਤੇ ਜੋ ਦਰਜ ਕੀਤੇ ਸਨ।

ਉਨ੍ਹਾਂ ਦੇ ਬਾਰੇ ਵਿੱਚ ਪੰਜਾਬ ਵਿਚਲੀ ਕੈਪਟਨ ਹਕੂਮਤ ਨੂੰ ਪਰਚਿਆਂ ਦੇ ਬਾਰੇ ਵਿੱਚ ਪਤਾ ਹੀ ਨਹੀਂ। ਕਿਸਾਨ ਆਗੂ ਦਾ ਕਹਿਣਾ ਹੈ ਕਿ ਹੁਣ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਹੁਣ ਸਰਕਾਰ ਨੂੰ ਰੇਲਵੇ ਵਿਭਾਗ 'ਤੇ ਦਬਾਅ ਪਾ ਕੇ, ਕਿਸਾਨਾਂ ਉਪਰ ਦਰਜ ਕੀਤੇ ਗਏ ਪਰਚਿਆਂ ਨੂੰ ਰੱਦ ਕਰਵਾਉਣਾ ਚਾਹੀਦਾ ਹੈ।